ਬਰਨਾਲਾ: ਰੁਜ਼ਗਾਰ ਦੀ ਤਲਾਸ਼ ਵਿੱਚ ਉਮਾਨ ਦੇਸ਼ ਗਈ ਬਰਨਾਲਾ ਇੱਕ ਲੜਕੀ ਉੱਥੇ ਫਸ ਗਈ। ਪੀੜਤ ਲੜਕੀ ਦੀ ਮਾਂ ਨੇ ਆਪਣੀ ਧੀ ਦਾ ਰੋ-ਰੋ ਕੈਮਰੇ ਅੱਗੇ ਹਾਲ ਸੁਣਾਇਆ ਹੈ। ਉੱਥੇ ਲੜਕੀ ਦੀਆਂ ਆਡੀਓ ਰਿਕਾਰਡਿੰਗਾਂ ਵੀ ਸੁਣਾਈਆਂ ਹਨ, ਜਿਸ ਵਿੱਚ ਪੀੜਤ ਲੜਕੀ ਆਪਣੇ ਮਾੜੇ ਹਾਲ ਨੂੰ ਬਿਆਨ ਕਰ ਰਹੀ ਹੈ। ਪਰਿਵਾਰ ਬਰਨਾਲਾ ਦੇ ਜ਼ਿਲ੍ਹਾ ਪ੍ਰਸ਼ਾਸਨ, ਸੰਸਦ ਮੈਂਬਰ ਮੈਂਬਰ ਮੀਤ ਹੇਅਰ, ਪੰਜਾਬ ਅਤੇ ਕੇਂਦਰ ਸਰਕਾਰ ਤੋਂ ਆਪਣੀ ਧੀ ਨੂੰ ਉਮਾਨ ਤੋਂ ਵਾਪਸ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਹੈ।
ਆਖਰੀ ਗੱਲ ਹੋਏ ਕਰੀਬ ਇੱਕ ਹਫ਼ਤਾ ਹੋ ਗਿਆ
ਇਸ ਮੌਕੇ ਪੀੜਤ ਲੜਕੀ ਦੀ ਮਾਂ ਸੁੱਖੀ ਨੇ ਦੱਸਿਆ ਕਿ ਉਸਦੀ ਬੇਟੀ ਅੱਜ ਤੋਂ ਛੇ ਮਹੀਨੇ ਪਹਿਲਾਂ ਉਮਾਨ ਦੇਸ਼ ਗਈ ਸੀ। ਉਸ ਦਾ ਪਤੀ ਨਾਲ ਤਲਾਕ ਹੋ ਚੁੱਕਿਆ ਹੈ, ਉਸ ਦੇ ਇੱਕ ਬੇਟਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਤੋਂ ਬਾਅਦ ਉਸ ਦੀ ਧੀ ਨਾਲ ਬਹੁਤ ਧੱਕਾ ਹੋਇਆ ਹੈ। ਉਸ ਵਲੋਂ ਵਿਦੇਸ਼ ਤੋਂ ਲਗਾਤਾਰ ਰਿਕਾਰਡਿੰਗਾਂ ਕਰਕੇ ਭੇਜੀਆਂ ਜਾ ਰਹੀਆਂ ਹਨ ਅਤੇ ਬਚਾਉਣ ਲਈ ਲਗਾਤਾਰ ਤਰਲੇ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਖਰੀ ਗੱਲ ਹੋਏ ਕਰੀਬ ਇੱਕ ਹਫ਼ਤਾ ਹੋ ਗਿਆ ਹੈ। ਉਸਦੀ ਬੇਟੀ ਨੇ ਆਖਰੀ ਗੱਲਬਾਤ ਦੌਰਾਨ ਵੀ ਆਪਣੇ ਨਾਲ ਹੋਈ ਕੁੱਟਮਾਰ ਬਾਰੇ ਦੱਸਿਆ ਸੀ। ਪਿਛਲੇ ਇੱਕ ਹਫ਼ਤੇ ਤੋਂ ਧੀ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਉਨ੍ਹਾਂ ਨੇ ਭਰੇ ਮਨ ਨਾਲ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਸਰਕਾਰ, ਮੈਂਬਰ ਪਾਰਲੀਮੈਂਟ ਮੀਤ ਹੇਅਰ, ਬਰਨਾਲਾ ਦੇ ਪ੍ਰਸ਼ਾਸ਼ਨ, ਕੇਂਦਰ ਸਰਕਾਰ ਤੋਂ ਆਪਣੀ ਧੀ ਨੂੰ ਬਚਾਉਣ ਦੀ ਅਪੀਲ ਕੀਤੀ।

ਧੀ ਨੂੰ ਵਾਪਸ ਭਾਰਤ ਲਿਆਉਣ ਬਦਲੇ 3 ਲੱਖ ਰੁਪਏ ਦੀ ਮੰਗ
ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਉਹ ਚਾਹ ਦੀ ਰੇਹੜੀ ਲਗਾ ਕੇ ਆਪਣਾ ਗੁਜ਼ਾਰਾ ਕਰਦੀ ਹੈ, ਉਹ ਆਪਣੀ ਧੀ ਨੂੰ ਬਚਾਉਣ ਲਈ ਕੁੱਝ ਨਹੀਂ ਕਰ ਸਕਦੀ। ਉਨ੍ਹਾਂ ਦੱਸਿਆ ਕਿ ਉਸਦੀ ਭਾਬੀ ਮੇਰੀ ਧੀ ਨੂੰ ਉਮਾਨ ਦੇਸ਼ ਲੈ ਕੇ ਗਈ ਸੀ। ਹੁਣ ਉਸ ਵਲੋਂ ਧੀ ਨੂੰ ਵਾਪਸ ਭਾਰਤ ਲਿਆਉਣ ਬਦਲੇ 3 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਸ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਜਦਕਿ ਉਹ 70 ਹਜ਼ਾਰ ਰੁਪਏ ਦੇ ਚੁੱਕੀ ਹੈ, ਇਸਦੇ ਬਾਵਜੂਦ ਕੋਈ ਗੱਲ ਨਹੀਂ ਸੁਣੀ ਗਈ। ਉਹਨਾਂ ਦੱਸਿਆ ਕਿ ਧੀ ਨੂੰ ਭੇਜਣ ਵੇਲੇ 70 ਹਜ਼ਾਰ ਦਿੱਤਾ ਗਿਆ, ਜਦਕਿ 15 ਹਜ਼ਾਰ ਏਅਰਪੋਰਟ ਉਪਰ ਦਿੱਤੇ ਗਏ। ਇਹ ਸਾਰੇ ਰੁਪਏ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਹੀ ਲਗਾਏ ਸਨ। ਉਨ੍ਹਾਂ ਕਿਹਾ ਕਿ ਮੇਰੀ ਧੀ ਲਈ ਉਸ ਦੀ ਭਾਬੀ ਸਿਮਰਨ ਕੌਰ ਹੀ ਜਿੰਮੇਵਾਰ ਹੈ। ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਉਸਦੀ ਧੀ ਨੂੰ ਬਚਾਉਣ ਲਈ ਜਿੱਥੇ ਸਿਮਰਨ ਕੌਰ ਤੋਂ ਪੜਤਾਲ ਕੀਤੀ ਜਾਵੇ, ਉੱਥੇ ਉਸਦੀ ਧੀ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ, ਮੁੱਖ ਮੰਤਰੀ ਅਤੇ ਸਿਮਰਨਜੀਤ ਸਿੰਘ ਮਾਨ ਕੋਲ ਆਪਣੀ ਅਰਜ਼ੀ ਦਿੱਤੀ ਹੈ ਕਿ ਉਸਦੀ ਧੀ ਨੂੰ ਵਾਪਸ ਲਿਆਂਦਾ ਜਾਵੇ।
ਪੀੜਤ ਲੜਕੀ ਰੋ-ਰੋ ਕੇ ਆਪਣਾ ਹਾਲ ਬਿਆਨ ਕਰ ਰਹੀ
ਪੀੜਤ ਲੜਕੀ ਵੱਲੋਂ ਪਰਿਵਾਰ ਨੂੰ ਭੇਜੀ ਰਿਕਾਰਡਿੰਗ ਵਿੱਚ ਪੀੜਤ ਲੜਕੀ ਆਪਣੀ ਮਾਂ ਨੂੰ ਦੱਸ ਰਹੀ ਹੈ ਕਿ ਉਹ ਬਹੁਤ ਪ੍ਰੇਸ਼ਾਨ ਹੈ। ਉਸਨੂੰ ਉਮਾਨ ਵਿੱਚ ਲਿਜਾਣ ਵਾਲੀ ਔਰਤ ਉਸਨੂੰ ਵੇਚ ਦਿੱਤਾ ਹੈ ਅਤੇ ਉਸਤੋਂ ਬਹੁਤ ਜਿਆਦਾ ਕੰਮ ਕਰਵਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਇਸ ਕੁੱਟਮਾਰ ਵਿੱਚ ਹੀ ਉਸ ਦੀ ਮੌਤ ਹੋ ਜਾਵੇਗੀ। ਉਹ ਆਪਣੀ ਮਾਂ ਨੂੰ ਇਸ ਪ੍ਰੇਸ਼ਾਨੀ ਤੋਂ ਬਾਹਰ ਕੱਢਣ ਲਈ ਮਿੰਨਤਾਂ ਕਰ ਰਹੀ ਹੈ। ਪੀੜਤ ਲੜਕੀ ਨੇ ਕਿਹਾ ਕਿ ਉਸ ਨੂੰ ਸਿਰਫ਼ ਤਿੰਨ ਦਿਨ ਦਿੱਤੇ ਹਨ ਅਤੇ ਤਿੰਨ ਦਿਨਾਂ ਵਿੱਚ ਬਣਦੇ ਪੈਸੇ ਆਫਿਸ ਵਾਲਿਆਂ ਨੂੰ ਨਾ ਦਿੱਤੇ ਤਾਂ ਉਸ ਉਪਰ ਕੇਸ ਕਰਨ ਦਾ ਡਰ ਉਸ ਨੂੰ ਸਤਾ ਰਿਹਾ ਹੈ। ਪੀੜਤ ਲੜਕੀ ਦੱਸ ਰਹੀ ਹੈ ਕਿ ਉਸ ਦੇ ਸਾਰੇ ਕੱਪੜੇ ਤੱਕ ਉਤਰਵਾ ਕੇ ਚੈਕਿੰਗ ਕੀਤੀ ਗਈ ਹੈ। ਪੀੜਤ ਲੜਕੀ ਰੋ-ਰੋ ਕੇ ਆਪਣਾ ਹਾਲ ਬਿਆਨ ਕਰ ਰਹੀ ਹੈ ਅਤੇ ਅਜਿਹੇ ਮਾੜੇ ਹਾਲਾਤਾਂ ਵਿੱਚ ਖੁ਼ਦਕੁਸ਼ੀ ਕਰਨ ਦੀ ਗੱਲ ਕਰ ਰਹੀ ਹੈ।