ਖੰਨਾ : ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਬੀਜਾ ਨੇੜੇ ਇੱਕ ਟਰੱਕ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਵਿੱਚ ਡਰਾਈਵਰ ਜ਼ਿੰਦਾ ਸੜ ਗਿਆ। ਇਹ ਘਟਨਾ ਤੜਕੇ ਕਰੀਬ 3.30 ਵਜੇ ਪੈਟਰੋਲ ਪੰਪ ਦੇ ਬਾਹਰ ਵਾਪਰੀ। ਮ੍ਰਿਤਕ ਡਰਾਈਵਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਫਿਲਹਾਲ ਉਸਦੇ ਪਰਿਵਾਰ ਦਾ ਪਤਾ ਲਗਾ ਕੇ ਓਹਨਾਂ ਨੂੰ ਸੂਚਿਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਉਸਦੀ ਦੇਹਿ ਪਰਿਵਾਰ ਨੂੰ ਸੌਂਪੀ ਜਾਵੇਗੀ।
ਡਰਾਈਵਰ ਕੈਬਿਨ ਦੇ ਅੰਦਰ ਚੀਕਾਂ ਮਾਰਦਾ ਰਿਹਾ: ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11.30 ਵਜੇ ਡਰਾਈਵਰ ਨੇ ਆਰਾਮ ਕਰਨ ਲਈ ਪੈਟਰੋਲ ਪੰਪ ਦੇ ਬਾਹਰ ਟਰੱਕ ਖੜ੍ਹਾ ਕੀਤਾ ਸੀ ਅਤੇ ਖੁਦ ਕੈਬਿਨ ਦੇ ਅੰਦਰ ਹੀ ਸੁੱਤਾ ਪਿਆ ਸੀ। ਤੜਕੇ ਕਰੀਬ ਸਾਢੇ ਤਿੰਨ ਵਜੇ ਟਰੱਕ ਦੇ ਕੈਬਿਨ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪਰ ਜਦੋਂ ਤੱਕ ਅੱਗ ਉਤੇ ਕਾਬੂ ਪਾਇਆ ਉਦੋਂ ਤੱਕ ਡਰਾਈਵਰ ਕੈਬਿਨ ਦੇ ਅੰਦਰ ਚੀਕਾਂ ਮਾਰਦਾ ਰਿਹਾ ਅਤੇ ਅੰਦਰ ਹੀ ਸੜਦਾ ਰਿਹਾ । ਹਾਲਾਂਕਿ ਮੁਲਾਜ਼ਮਾਂ ਨੇ ਸ਼ੀਸ਼ਾ ਤੋੜ ਕੇ ਡਰਾਈਵਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਪਰ ਪੈਟਰੋਲ ਪੰਪ ਦੇ ਕਰਮਚਾਰੀ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ।
ਫਾਇਰ ਬ੍ਰਿਗੇਡ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਤ: ਇਸ ਦੀ ਸੂਚਨਾ ਫਾਇਰ ਬ੍ਰਿਗੇਡ ਟੀਮ ਨੂੰ ਦਿੱਤੀ ਗਈ। ਖੰਨਾ ਤੋਂ ਇਕ ਟੀਮ ਮੌਕੇ 'ਤੇ ਪਹੁੰਚੀ। ਜਦੋਂ ਤੱਕ ਉਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਡਰਾਈਵਰ ਜ਼ਿੰਦਾ ਸੜ ਚੁੱਕਾ ਸੀ। ਇੰਨੀ ਦਰਦਨਾਕ ਮੌਤ ਹੋਈ ਕਿ ਉੱਥੇ ਦੇਖਣ ਵਾਲਿਆਂ ਦੇ ਵੀ ਦਿਲ ਦਹਿਲ ਗਏ। ਅੱਗ 'ਚ ਸੜ ਕੇ ਡਰਾਈਵਰ ਦਾ ਸਰੀਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਹੈ।
ਅਸੀਂ ਪੂਰੀ ਕੋਸ਼ਿਸ਼ ਕੀਤੀ, ਅਸਫਲ ਰਹੇ: ਪੈਟਰੋਲ ਪੰਪ ਦੇ ਮੁਲਾਜ਼ਮ ਕੁਲਦੀਪ ਸਿੰਘ ਅਤੇ ਜਗਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੁਪਹਿਰ 3.30 ਵਜੇ ਦੇ ਕਰੀਬ ਤੇਲ ਪਾਉਣ ਲਈ ਬਾਹਰ ਆਏ ਤਾਂ ਉਨ੍ਹਾਂ ਟਰੱਕ ਨੂੰ ਅੱਗ ਲੱਗੀ ਹੋਈ ਦੇਖੀ। ਪੰਪ 'ਤੇ ਪਏ ਸਿਲੰਡਰ ਅਤੇ ਪਾਈਪ ਦੀ ਵਰਤੋਂ ਕਰਕੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ | ਡਰਾਈਵਰ ਨੂੰ ਬਾਹਰ ਕੱਢਣ ਲਈ ਸ਼ੀਸ਼ਾ ਵੀ ਤੋੜ ਦਿੱਤਾ ਗਿਆ। ਪਰ ਉਹ ਅਸਫਲ ਰਹੇ। ਡਰਾਈਵਰ ਜਿੰਦਾ ਸੜ ਗਿਆ। ਓਹਨਾਂ ਦੱਸਿਆ ਕਿ ਡਰਾਈਵਰ ਇੱਕ ਵਾਰ ਸ਼ੀਸ਼ਾ ਤੋੜ ਕੇ ਬਾਹਰ ਆਉਣ ਲੱਗਾ ਸੀ ਪ੍ਰੰਤੂ ਅੱਗ ਨੇ ਉਸਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਓਹ ਉੱਠ ਨਹੀਂ ਸਕਿਆ।