ਬਠਿੰਡਾ: ਬੀਤੀ ਦੇਰ ਰਾਤ ਬਠਿੰਡਾ ਦੇ ਪਿੰਡ ਫੁੱਲੋ ਮਿੱਠੀ ਦੇ ਡੇਰੇ ਵਿੱਚ ਬਣੀ ਝੁੱਗੀ ਵਿੱਚ ਆਰਾਮ ਫਰਮਾ ਰਹੇ ਬਾਬਾ ਸ੍ਰੀ ਦਾਸ ਦੀ ਅੱਗ ਲੱਗਣ ਕਾਰਨ ਮੌਤ ਗਈ। ਡੇਰੇ ਵਿੱਚ ਵਾਪਰੀ ਇਸ ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਡੇਰੇ ਵਿੱਚ ਪਹੁੰਚੇ। ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਹੀਟਰ ਕਾਰਨ ਲੱਗੀ ਅੱਗ
ਪਿੰਡ ਵਾਸੀਆਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਬੀਤੇ ਦਿਨ ਡੇਰਾ ਬਾਬਾ ਨਾਗਾ ਦਾਸ ਸੰਧਿਆਪੁਰੀ ਵਿਖੇ ਬਾਬਾ ਨਾਗਾ ਦਾਸ ਦੀ ਬਰਸੀ ਮਨਾਈ ਗਈ ਸੀ। ਇਸ ਸਮਾਗਮ ਤੋਂ ਬਾਅਦ ਡੇਰੇ ਦਾ ਸੰਚਾਲਨ ਕਰਨ ਵਾਲੇ ਬਾਬਾ ਸ੍ਰੀ ਦਾਸ ਰਾਤ ਸਮੇਂ ਆਪਣੀ ਝੁੱਗੀ ਵਿੱਚ ਆਰਾਮ ਫਰਮਾਉਣ ਲਈ ਚਲੇ ਗਏ, ਦੇਰ ਰਾਤ ਠੰਢ ਜਿਆਦਾ ਹੋਣ ਕਾਰਨ ਚੇਲੇ ਵੱਲੋਂ ਝੁੱਗੀ ਵਿੱਚ ਹੀਟਰ ਲਗਾਇਆ ਗਿਆ ਸੀ। ਹੀਟਰ ਕਾਰਨ ਝੁੱਗੀ ਵਿੱਚ ਅੱਗ ਲੱਗ ਗਈ।
ਬਾਬਾ ਸ੍ਰੀ ਦਾਸ ਦੀ ਹੋਈ ਮੌਤ
ਅੱਗ ਲੱਗਣ ਦੀ ਘਟਨਾ ਦਾ ਪਤਾ ਚੱਲਦੇ ਹੀ ਚੇਲੇ ਵੱਲੋਂ ਜਦੋਂ ਝੁੱਗੀ ਦਾ ਦਰਵਾਜ਼ਾ ਖੋਲਿਆ ਗਿਆ ਤਾਂ ਅੱਗ ਹੋਰ ਤੇਜ਼ ਹੋ ਗਈ। ਚੇਲੇ ਨੇ ਪਿੰਡ ਵਾਸੀਆਂ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ, ਪਰ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਬਾਬਾ ਸ੍ਰੀ ਦਾਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਬਾਬਾ ਸ੍ਰੀ ਦਾਸ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਡੇਰਾ ਬਾਬਾ ਨਾਗਾ ਦਾਸ ਸੰਧਿਆਪੁਰੀ ਵਿਖੇ ਸੇਵਾ ਨਿਭਾ ਰਹੇ ਸਨ ਇਸ ਘਟਨਾ ਦਾ ਪਤਾ ਚੱਲਦੇ ਹੀ ਵੱਡੀ ਗਿਣਤੀ ਸੰਗਤ ਡੇਰੇ ਪਹੁੰਚ ਰਹੀ ਹੈ।