ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ 'ਚ ਪੈਂਦੇ ਜਲਾਲਾਬਾਦ ਦੇ ਸਰਹੱਦੀ ਪਿੰਡ ਢਾਣੀ ਬਚਨ ਸਿੰਘ ਵਿਖੇ ਸ਼ਾਮ ਸਮੇਂ ਪੁਲਿਸ ਅਤੇ ਬੀ ਐਸ ਐਫ ਦੇ ਵੱਲੋਂ ਸਾਂਝੇ ਤੌਰ ਤੇ ਗਸ਼ਤ ਕੀਤੀ ਜਾ ਰਹੀ ਸੀ। ਇਸੇ ਦੌਰਾਨ ਗੁਪਤ ਸੂਚਨਾ ਮਿਲੀ ਕਿ ਢਾਣੀ ਬਚਨ ਸਿੰਘ ਵਿਖੇ ਇੱਕ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਅਫੀਮ ਦੇ ਬੂਟੇ ਲਗਾਏ ਹੋਏ ਹਨ। ਜਿਸ ਤੋਂ ਬਾਅਦ ਬੀ ਐਸ ਐਫ ਅਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਸਰਚ ਕੀਤੀ ਗਈ ਤਾਂ 1200 ਦੇ ਕਰੀਬ ਅਫੀਮ ਦੇ ਬੂਟੇ ਬਰਾਮਦ ਹੋਏ ਨੇ ਇਸ ਦੇ ਨਾਲ ਹੀ ਇਨ੍ਹਾਂ ਬੂਟਿਆਂ ਦਾ ਵਜ਼ਨ 13 ਕਿਲੋ 400 ਗ੍ਰਾਮ ਦੱਸਿਆ ਜਾ ਰਿਹਾ ਹੈ।
ਪੁਲਿਸ ਵਲੋਂ ਕਿਸਾਨ ਕਾਬੂ: ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਫੌਰੀ ਤੌਰ 'ਤੇ ਅਫੀਮ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਦੱਸ ਦਈਏ ਕਿ ਇਸ ਸਬੰਧ ਦੇ ਵਿੱਚ ਥਾਣਾ ਸਦਰ ਜਲਾਲਾਬਾਦ ਵਿਖੇ ਪੁਲਿਸ ਦੇ ਵੱਲੋਂ ਐਨ ਡੀ ਪੀ ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਅਫੀਮ ਦੇ ਬੂਟਿਆਂ ਦੇ ਨਾਲ ਕਾਬੂ ਕੀਤੇ ਕਿਸਾਨ ਨੇ ਵੀ ਆਪਣਾ ਬਿਆਨ ਦਿੱਤਾ:- ਕਿਸਾਨ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੋਸਤ ਖਾ ਰਿਹਾ ਹੈ ਅਤੇ ਉਹ ਇਸ ਦਾ ਆਦੀ ਹੈ। ਹੁਣ ਪੋਸਤ ਬਹੁਤ ਮਹਿੰਗਾ ਹੈ ਅਤੇ ਮਿਲਦਾ ਵੀ ਨਹੀਂ, ਜਿਸ ਦੇ ਚੱਲਦੇ ਉਸ ਦੇ ਵੱਲੋਂ ਆਪਣੇ ਖੇਤ ਦੇ ਵਿੱਚ ਹੀ ਇਹ ਬੂਟੇ ਲਗਾਏ ਗਏ ਸਨ। ਉਸ ਨੇ ਦੱਸਿਆ ਕਿ ਉਹ ਛੋਟਾ ਕਿਸਾਨ ਹੈ ਤੇ ਉਸ ਕੋਲ ਸਾਢੇ ਤਿੰਨ ਕਿੱਲੇ ਜ਼ਮੀਨ ਹੈ, ਜਿਸ ਵਿਚੋਂ ਕੁਝ ਗਹਿਣੇ ਪਈ ਹੈ ਅਤੇ ਉਹ ਖੁਦ ਵੀ ਦਿਹਾੜੀ ਕਰਦਾ ਹੈ।
NDPS ਦੇ ਤਹਿਤ ਮਾਮਲਾ ਦਰਜ: ਇਸ ਮਾਮਲੇ 'ਤੇ ਚੌਂਕੀ ਘੁਬਾਇਆ ਦੇ ਇੰਚਾਰਜ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸ਼ਖਸ ਦੇ ਖਿਲਾਫ਼ ਐਨ ਡੀ ਪੀ ਐਸ ਦੇ ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਸਬੰਧੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਚੱਲਦੇ ਇਹ ਐਕਸ਼ਨ ਕੀਤਾ ਗਿਆ ਹੈ।