ਅੰਮ੍ਰਿਤਸਰ : ਸ਼ਹਿਰ ਦੇ ਪ੍ਰਸਿੱਧ ਦੁਰਗਿਆਣਾ ਮੰਦਰ ਨੂੰ ਇੱਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅੱਜ ਸਵੇਰੇ ਪਹਿਲਾਂ ਇੱਕ ਫੋਨ ਮੰਦਰ ਦੀ ਕਮੇਟੀ ਨੂੰ ਆਇਆ ਜਿਸ ਵਿੱਚ ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ, ਜੋ ਹੁਣ ਦੁਰਗਿਆਣਾ ਮੰਦਿਰ ਕਮੇਟੀ ਦੇ ਪ੍ਰਧਾਨ ਹਨ ਅਤੇ ਸੈਕਟਰੀ ਅਰੁਣ ਖੰਨਾ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਨੇ ਵੀ ਧਮਕੀ ਦਿੱਤੀ ਹੈ। ਉੱਥੇ ਹੀ, 26 ਜਨਵਰੀ ਦੇ ਮੱਦੇਨਜ਼ਰ, ਪੁਲਿਸ ਪ੍ਰਸ਼ਾਸਨ ਵਲੋਂ ਹੋਰ ਮੁਸਤੈਦੀ ਵਰਤੀ ਜਾ ਰਹੀ ਹੈ।
ਸਾਬਕਾ ਮੰਤਰੀ ਤੇ ਮੰਦਰ ਦੇ ਸਕੱਤਰ ਨੂੰ ਮਾਰਨ ਦੀ ਵੀ ਧਮਕੀ: ਇਸ ਮੌਕੇ ਦੁਰਗਿਆਣਾ ਕਮੇਟੀ ਦੇ ਅਧਿਕਾਰੀ ਰਾਮ ਪਾਠਕ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਯਾਨੀ ਵੀਰਵਾਰ ਨੂੰ ਸਵੇਰੇ ਦੋ ਫੋਨ ਦੁਰਗਿਆਨਾ ਕਮੇਟੀ ਦੇ ਫੋਨ ਉੱਤੇ ਆਏ ਤੇ ਉਸ ਵਿੱਚ ਕਿਹਾ ਗਿਆ ਕਿ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਸੈਕਟਰੀ ਅਰੁਣ ਖੰਨਾ ਨੂੰ ਬੋਰੀਆ ਬਿਸਤਰਾ ਗੋਲ ਕਰਨ ਦੀ ਧਮਕੀ ਦਿੱਤੀ ਗਈ ਤੇ ਕਿਹਾ ਗਿਆ ਕਿ ਦੁਰਗਿਆਣਾ ਮੰਤਰੀ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ।
2 ਵਾਰ ਫੋਨ ਕਰਕੇ ਮਿਲੀ ਧਮਕੀ: ਇਸ ਦੇ ਚੱਲਦੇ, ਰਾਮ ਪਾਠਕ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਸੂਚਨਾ ਆਪਣੇ ਦੁਰਗਿਆਣਾ ਕਮੇਟੀ ਦੇ ਅਲਾ ਅਧਿਕਾਰੀਆਂ ਨੂੰ ਦੇ ਦਿੱਤੀ ਹੈ। ਉੱਥੇ ਹੀ, ਉਨ੍ਹਾਂ ਨੇ ਕਿਹਾ ਕਿ ਦੁਰਗਿਆਣਾ ਮੰਦਰ ਕਮੇਟੀ ਦੇ ਵਿੱਚ ਬਤੌਰ ਸੇਵਾ ਕਰਦੇ 35 ਸਾਲ ਹੋ ਚੱਲੇ ਹਨ। ਪਰ, ਅਜਿਹਾ ਪਹਿਲੀ ਵਾਰ ਹੈ ਕਿ ਕਿਸੇ ਨੇ ਦੋ ਵਾਰ ਫੋਨ ਕਰਕੇ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।
ਪੁਲਿਸ ਪ੍ਰਸ਼ਾਸਨ ਮੁਸਤੈਦ: ਉੱਥੇ ਹੀ, ਪੁਲਿਸ ਪ੍ਰਸ਼ਾਸਨ ਵੱਲੋਂ ਵੀ ਦੁਰਗਿਆਣਾ ਮੰਦਿਰ ਕਮੇਟੀ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਦੁਰਗਿਆਣਾ ਮੰਦਿਰ ਵਿੱਚ ਆਣ ਜਾਣ ਵਾਲੇ ਸ਼ਰਧਾਲੂਆਂ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਡਾਗ ਸਕਵਾਇਡ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਇਸ ਪਿੱਛੇ ਜਿਹੜੇ ਵੀ ਸ਼ਰਾਰਤੀ ਅਨਸਰ ਹਨ, ਜਲਦੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਅੱਤਵਾਦੀ ਪੰਨੂ ਨੇ ਨੁਕਸਾਨ ਪਹੁੰਚਾਉਣ ਦੀ ਦਿੱਤੀ ਸੀ ਧਮਕੀ : ਦੋ ਦਿਨ ਪਹਿਲਾਂ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਨੇ ਦੁਰਗਿਆਣਾ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਸੀ। ਖਾਲਿਸਤਾਨੀ ਸਮਰਥਕ ਨੇ ਵੀਡੀਓ ਜਾਰੀ ਕਰਕੇ ਦੁਰਗਿਆਣਾ ਮੰਦਰ ਨੂੰ ਬੰਦ ਕਰਨ ਅਤੇ ਇਸ ਦੀਆਂ ਚਾਬੀਆਂ ਹਰਿਮੰਦਰ ਸਾਹਿਬ ਨੂੰ ਸੌਂਪਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਵੀ ਪੰਨੂ ਖਿਲਾਫ ਥਾਣਾ ਡੀ-ਡਵੀਜ਼ਨ 'ਚ ਮਾਮਲਾ ਦਰਜ ਕੀਤਾ ਸੀ। ਪੰਨੂ ਦੀ ਧਮਕੀ ਤੋਂ ਬਾਅਦ ਦੁਰਗਿਆਣਾ ਮੰਦਰ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ, ਹੁਣ ਇਸ ਧਮਕੀ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।