ਤਰਨ ਤਾਰਨ : ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਵਿਖੇ 28 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਣ ਲਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਸਭਰਾ ਵਜੋਂ ਹੋਈ ਹੈ। ਨੌਜਵਾਨ ਦੀ ਮੌਤ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਦੇ ਭਰਾ ਦੀ ਵੀ 10 ਸਾਲ ਪਹਿਲਾਂ ਨਸ਼ੇ ਦੀ ਓਵਰਡੋਜ ਕਾਰਨ ਪਿੰਡ ਸਭਰਾਂ ਦੀ ਗਰਾਊਂਡ ਵਿੱਚ ਹੀ ਇਸੇ ਤਰ੍ਹਾਂ ਹੀ ਮੌਤ ਹੋਈ ਸੀ। ਹੁਣ ਲਖਵਿੰਦਰ ਸਿੰਘ ਦੀ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।
ਨਸ਼ੇ ਨਾਲ ਪਹਿਲਾਂ ਹੋਈ ਸੀ ਭਰਾ ਦੀ ਮੌਤ : ਉਹਨਾਂ ਦੱਸਿਆ ਕਿ ਜਦ ਲਖਵਿੰਦਰ ਦੀ ਮੌਤ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਚੱਲਿਆ ਤਾਂ ਉਹਨਾਂ ਵੱਲੋਂ ਮ੍ਰਿਤਕ ਦੇਹ ਨੂੰ ਗਰਾਊਂਡ ਵਿੱਚੋਂ ਚੁੱਕ ਕੇ ਘਰੇ ਲਿਆਂਦਾ ਹੈ ਅਤੇ ਅੱਜ ਉਸ ਦਾ ਅੰਤਿਮ ਸਸਕਾਰ ਪਿੰਡ ਸਭਰਾਂ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਹੈ। ਪੀੜਿਤ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਨਸ਼ੇ ਉੱਤੇ ਠੱਲ ਨਾ ਪਾਈ ਤਾਂ ਇਹ ਸੀਵੇ ਇੰਝ ਹੀ ਬਲਦੇ ਰਹਿਣਗੇ।
ਪਰਿਵਾਰ ਦੀ ਬਣਦੀ ਮਦਦ ਕਰੇ ਸਰਕਾਰ : ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਈ ਵਾਰ ਚਿਤਾਵਨੀ ਦੇਣ ਦੇ ਬਾਅਦ ਵੀ ਉਹ ਆਪਣੇ ਕਾਰੋਬਾਰ ਨੂੰ ਚਲਾ ਰਹੇ ਹਨ। ਨੌਜਵਾਨਾਂ ਨੂੰ ਖ਼ਾਸ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਸਰਕਾਰ ਨਸ਼ੇ ਦੇ ਵਪਾਰੀਆਂ ਉੱਤੇ ਤਾਂ ਸ਼ਿਕੰਜਾ ਕੱਸੇ ਹੀ, ਨਾਲ ਹੀ ਪੀੜਤ ਪਰਿਵਾਰ ਦੀ ਬਣਦੀ ਮਦਦ ਵੀ ਕਰੇ। ਕਿਓਂਕਿ ਦੋ ਪੁੱਤਰਾਂ ਦੀ ਮੌਤ ਤੋਂ ਬਾਅਦ ਘਰ ਦੇ ਹਾਲਾਤ ਬਦਤਰ ਹੋ ਗਏ ਹਨ। ਇਸ ਲਈ ਸਰਕਾਰ ਨੂੰ ਪਰਿਵਾਰ ਦੀ ਬਣਦੀ ਮਾਲੀ ਮਦਦ ਕਰਨੀ ਚਾਹੀਦੀ ਹੈ।
- ਮਧੂਮ ਕੁਮਾਰ ਨੂੰ ਥਾਪਿਆ ਗਿਆ ਚੰਡੀਗੜ੍ਹ ਦਾ ਨਵਾਂ ਡੀਜੀਪੀ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਹੁਕਮ
- ਰੋਪੜ 'ਚ ਸੱਤ ਸਾਲ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ, ਇਲਾਜ ਲਈ ਚੰਡੀਗੜ੍ਹ ਕੀਤਾ ਗਿਆ ਰੈਫਰ
- ਅੰਮ੍ਰਿਤਸਰ ਪੁਲਿਸ ਨੇ 7 ਡਰੱਗ ਤਸਕਰ ਕੀਤੇ ਗ੍ਰਿਫ਼ਤਾਰ, ਹਥਿਆਰਾਂ ਦਾ ਜ਼ਖ਼ੀਰਾਂ ਵੀ ਕੀਤਾ ਬਰਾਮਦ
ਉਧਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਚੌਂਕੀ ਸਭਰਾ ਦੇ ਇੰਚਾਰਜ ਪਲਵਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਨਹੀਂ ਆਇਆ ਤੇ ਨਾ ਹੀ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਕੋਈ ਲਿਖਤੀ ਦਰਖਾਸਤ ਦਿੱਤੀ ਹੈ। ਉਹਨਾਂ ਕਿਹਾ ਕਿ ਉਹ ਨਸ਼ਾ ਵੇਚਣ ਵਾਲਿਆਂ ਨੂੰ ਕਦੇ ਵੀ ਨਹੀਂ ਬਖਸ਼ਣਗੇ ਫਿਰ ਵੀ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।