ਲੁਧਿਆਣਾ : ਪੰਜਾਬ ਵਿੱਚ ਦਿਨ-ਬ-ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਦੀ ਵੱਡੀ ਉਦਾਹਰਣ ਲੁਧਿਆਣਾ ਦੇ ਪਿੰਡ ਢੰਡਾਰੀ ਰੇਲਵੇ ਸਟੇਸ਼ਨ ਦੀ ਹੈ, ਜਿੱਥੇ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਲੋਕਾਂ ਦੇ ਨਾਲ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ। ਦੱਸ ਦਈਏ ਕਿ ਇਹ ਮੁਲਜ਼ਮ ਸਟੇਸ਼ਨ ਉੱਪਰ ਆਉਣ ਵਾਲੇ ਲੋਕਾਂ ਨੂੰ ਸਸਤੀ ਟਿਕਟ ਅਤੇ ਡਿਸਕਾਊਂਟ ਦਿਵਾਉਣ ਦੇ ਝਾਂਸਾ ਦੇ ਕੇ ਉਹਨਾਂ ਦੀ ਲੁੱਟਖੋਹ ਕਰਦੇ ਸਨ। ਜਦੋਂ ਇਸ ਸਬੰਧੀ ਮੌਕੇ 'ਤੇ ਲੋਕਾਂ ਨੂੰ ਪਤਾ ਲੱਗਿਆ ਤਾਂ ਦੋਵਾਂ ਹੀ ਮੁਲਜ਼ਮਾਂ ਦੀ ਜੰਮ੍ਹ ਕੇ ਕੁੱਟਮਾਰ ਵੀ ਕੀਤੀ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ। ਥਾਣਾ ਡਵੀਜ਼ਨ 3 'ਚ ਪੁਲਿਸ ਨੇ ਦੋਵਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪੁਸ਼ਟੀ ਐਸ ਐਚ ਓ ਅੰਮ੍ਰਿਤਪਾਲ ਸਿੰਘ ਨੇ ਕੀਤੀ ਹੈ।
ਸਸਤੀ ਟਿਕਟ ਦਾ ਦਿੱਤਾ ਝਾਂਸਾ : ਦੋਵੇਂ ਮੁਲਜ਼ਮ ਮੂਲ ਰੂਪ 'ਚ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਇਨ੍ਹਾਂ ਦੀ ਪਹਿਚਾਣ ਪੰਕਜ ਅਤੇ ਸੁਨੀਲ ਵਜੋਂ ਹੋਈ ਹੈ। ਪੁਲਿਸ ਨੂੰ ਪੀੜਿਤ ਸੰਜੀਵ ਨੇ ਸ਼ਿਕਾਇਤ ਕੀਤੀ ਸੀ, ਉਨ੍ਹਾਂ ਦੱਸਿਆ ਕਿ ਉਹ ਢੰਡਾਰੀ ਰੇਲਵੇ ਸਟੇਸ਼ਨ 'ਤੇ ਉਡੀਕ ਕਰ ਰਿਹਾ ਸੀ। ਉਸ ਨੇ ਯੂ ਪੀ ਜਾਣਾ ਸੀ, ਇਸ ਦੌਰਾਨ ਇਨ੍ਹਾਂ ਦੋਵਾਂ ਨੇ ਆ ਕੇ ਕਿਹਾ ਕੇ ਉਹ ਉਸ ਨੂੰ ਅਗਲੀ ਟਰੇਨ ਦਵਾ ਦੇਣਗੇ। ਉਨ੍ਹਾਂ ਨੇ ਪੀੜਿਤ ਨੂੰ ਉਲਝਾ ਲਿਆ, ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਦਾ ਰਿਸ਼ਤੇਦਾਰ ਰੇਲਵੇ 'ਚ ਹੈ, ਜਿਸ ਤੋਂ ਬਾਅਦ ਉਹ ਉਸ ਨੂੰ ਕਸ਼ਮੀਰ ਨਗਰ ਲੈਕੇ ਆ ਗਏ ਅਤੇ ਉੱਥੇ ਇਨ੍ਹਾਂ ਦੋਵਾਂ ਨੇ ਪੀੜਿਤ ਤੋਂ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੀੜਿਤ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਦੋਵਾਂ ਦੀ ਜਮ ਕੇ ਕੁੱਟਮਾਰ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ਨੰਬਰ 3 ਦੇ ਐੱਸ ਐੱਚ ਓ ਅੰਮ੍ਰਿਤਪਾਲ ਨੇ ਕਿਹਾ ਕਿ ਅਸੀਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਸਟੇਸ਼ਨ 'ਤੇ ਆਉਣ ਵਾਲੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਸਨ ਅਤੇ ਭੋਲੇ ਭਾਲੇ ਲੋਕਾਂ ਨੂੰ ਝਾਂਸਾ ਦੇਕੇ ਉਨ੍ਹਾਂ ਨੂੰ ਕਿਸੇ ਸੁਨਸਾਨ ਥਾਂ ਤੇ ਲਿਜਾ ਕੇ ਉਨ੍ਹਾਂ ਤੋਂ ਲੁਟਖੋਹ ਕਰਦੇ ਸਨ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।