ਲੁਧਿਆਣਾ: ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ। ਇਸ ਰਿਪੋਰਟ ਮੁਤਾਬਿਕ 10,605 ਕਰੀਬ ਮਾਮਲੇ ਪਾਰਲੀ ਸਾੜਨ ਦੇ ਸਾਹਮਣੇ ਆਏ ਹਨ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਹ ਡਾਟਾ ਕਾਫੀ ਘੱਟ ਰਿਹਾ। ਜੇਕਰ ਲੁਧਿਆਣਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ 23 ਨਵੰਬਰ ਨੂੰ ਸਭ ਤੋਂ ਵੱਧ 28 ਮਾਮਲੇ ਸਾਹਮਣੇ ਆਏ ਸਨ ਪਰ ਓਵਰਆਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ 311 ਮਾਮਲੇ ਸਾਹਮਣੇ ਆਏ ਹਨ। ਜਦਕਿ ਇਕੱਲੇ 23 ਨਵੰਬਰ ਵਾਲੇ ਦਿਨ 162 ਮਾਮਲੇ ਪੂਰੇ ਪੰਜਾਬ ਤੋਂ ਸਾਹਮਣੇ ਆਏ ਸਨ ਹਾਲਾਂਕਿ ਹੁਣ ਕਣਕ ਲਗਾਉਣ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਲੁਧਿਆਣਾ ਦੇ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ 94 ਫੀਸਦੀ ਕਣਕ ਲਗਾਈ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਵਾਰ ਕਿਸਾਨ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਆਪਣਾ ਫਰਜ਼ ਸਮਝਿਆ ਅਤੇ ਚੁਗਿਰਦੇ ਨੂੰ ਸਾਫ-ਸੁਥਰਾ ਰੱਖਣ ਲਈ ਪਰਾਲੀ ਨੂੰ ਘੱਟ ਤੋਂ ਘੱਟ ਅੱਗ ਲਗਾਈ ਹੈ।
ਕਿਹੜੇ ਜ਼ਿਲ੍ਹੇ 'ਚ ਕਿੰਨੇ ਮਾਮਲੇ
ਪੰਜਾਬ ਦੇ ਵੱਖ-ਵੱਖ ਜ਼ਿਿਲਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਮੁੱਖ ਮੰਤਰੀ ਦੇ ਸੰਸਦੀ ਖੇਤਰ ਤੋਂ ਆਏ ਹਨ। ਜਿੱਥੇ 1717 ਤੋਂ ਜਿਆਦਾ ਅੱਗ ਲਾਉਣ ਦੇ ਮਾਮਲੇ ਰਿਪੋਰਟ ਹੋਏ ਹਨ। ਜਦਕਿ ਫਿਰੋਜ਼ਪੁਰ 1311 ਮਾਮਲਿਆਂ ਨਾਲ ਦੂਜੇ ਨੰਬਰ 'ਤੇ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 725, ਬਰਨਾਲਾ 252, ਬਠਿੰਡਾ 732, ਫਤਿਹਗੜ੍ਹ ਸਾਹਿਬ 224, ਫਰੀਦਕੋਟ 533, ਫਾਜ਼ਿਲਕਾ 341, ਗੁਰਦਾਸਪੁਰ 195, ਹੁਸ਼ਿਆਰਪੁਰ 27, ਜਲੰਧਰ 143, ਕਪੂਰਥਲਾ 340, ਲੁਧਿਆਣਾ 311, ਮਾਨਸਾ 611, ਮੋਗਾ 670, ਮੁਕਤਸਰ 783, ਨਵਾਂ ਸ਼ਹਿਰ 33 ਮਾਮਲੇ, ਪਠਾਨਕੋਟ 03, ਅਤੇ ਪਟਿਆਲਾ 'ਚ 541, ਰੋਪੜ ਜ਼ਿਲ੍ਹੇ 'ਚ 10 ਮਾਮਲੇ ਮੋਹਾਲੀ 40, ਤਰਨ ਤਰਨ 462 ਅਤੇ ਮਲੇਰਕੋਟਲਾ 'ਚ 201 ਮਾਮਲੇ ਪਰਾਲੀ ਨੂੰ ਅੱਗ ਲਾਉਣ ਦੇ ਸਾਹਮਣੇ ਆਏ ਹਨ।
ਖੁਸ਼ਕ ਧਰਤੀ
ਇਸ ਵਾਰ ਸਤੰਬਰ, ਅਕਤੂਬਰ ਅਤੇ ਨਵੰਬਰ ਮਹੀਨਾ ਪੂਰੀ ਤਰ੍ਹਾਂ ਸੁੱਕੇ ਰਹੇ ਹਨ। ਮੀਂਹ ਨਾ ਪੈਣ ਕਰਕੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਖੇਤਾਂ 'ਚ ਬੱਤ ਨਾ ਹੋਣ ਕਰਕੇ ਜ਼ਮੀਨ ਖੁਸ਼ਕ ਹੋ ਗਈ। ਇਸ ਕਰਕੇ ਪਾਣੀ ਦੀ ਕਮੀ ਦਾ ਅਸਰ ਫਸਲ 'ਤੇ ਵੀ ਪਿਆ ਹੈ। ਕਈ ਥਾਵਾਂ 'ਤੇ ਜਿੱਥੇ ਕਿਸਾਨਾਂ ਨੇ ਕਣਕ ਲਗਾਈ, ਉੱਥੇ ਕਣਕ ਖਰਾਬ ਹੋਈ ਹੈ। ਜਿਸ ਨੂੰ ਲੈ ਕੇ ਕਿਸੇ-ਕਿਸੇ ਖੇਤੀਬਾੜੀ ਮਹਿਕਮੇ ਮੁਤਾਬਿਕ ਗੁਲਾਬੀ ਸੁੰਡੀ ਦਾ ਵੀ ਹਮਲਾ ਹੋਇਆ ਪਰ ਜਿਆਦਾਤਰ ਉਹਨਾਂ ਜ਼ਮੀਨਾਂ ਵਿੱਚ ਅਜਿਹਾ ਹੋਇਆ ਜਿੱਥੇ ਬੱਤ ਲੇਟ ਆਈ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਖੁਸ਼ਕ ਮੌਸਮ ਦਾ ਅਸਰ ਫਸਲ 'ਤੇ ਹੁੰਦਾ। ਇਸ ਕਰਕੇ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ "ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਦਵਾਈਆਂ ਦੀ ਵਰਤੋਂ ਕਰਕੇ ਖੇਤਾਂ ਵਿੱਚ ਕਣਕ ਲਗਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਆਖਿਆ ਜੇਕਰ ਕਿਸੇ ਖੇਤ ਵਿੱਚ ਜਿਆਦਾ ਦਿੱਕਤ ਹੈ ਤਾਂ ਉਥੇ ਪਹਿਲਾਂ ਲੇਟ ਬੀਜਣ ਵਾਲੀ ਕਣਕ ਦੀ ਕਿਸਮ 8 ਤੋਂ 10 ਕੁਇੰਟਲ ਪ੍ਰਤੀ ਏਕੜ ਲਾ ਕੇ ਜ਼ਮੀਨ ਨੂੰ ਇੱਕ ਸਾਰ ਕੀਤਾ ਜਾ ਸਕਦਾ ਹੈ। ਇਸ ਨਾਲ ਕਣਕ ਨੂੰ ਜੋ ਬਿਮਾਰੀ ਪੈ ਰਹੀ ਹੈ। ਉਸ ਦਾ ਅਸਰ ਘਟ ਜਾਵੇਗਾ ਅਤੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਨਹੀਂ ਪਵੇਗਾ"।
ਹੋਟ ਸਪੋਟ ਪਿੰਡ
ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਵਾਰ ਲੁਧਿਆਣਾ ਦੇ 30 ਪਿੰਡ ਅਜਿਹੇ ਪਛਾਣੇ ਗਏ ਸਨ ਜਿਨਾਂ 'ਚ ਸਭ ਤੋਂ ਜ਼ਿਆਦਾ ਪਰਾਲੀ ਨੂੰ ਅੱਗ ਲਾਉਣ ਦੇ ਪਿਛਲੇ ਸਾਲ ਮਾਮਲੇ ਆਏ ਸਨ। ਜਦਕਿ ਇਸ ਵਾਰ ਇਹਨਾਂ ਪਿੰਡਾਂ 'ਚ 85 ਫੀਸਦੀ ਪਰਾਲੀ ਨੂੰ ਘੱਟ ਅੱਗ ਲਗਾਈ ਗਈ ਹੈ। ਜਿਸ ਨੂੰ ਲੈ ਕੇ ਖੇਤੀਬਾੜੀ ਮਹਿਕਮਾ ਆਪਣੀ ਪਿੱਠ ਥੱਪ-ਥਪਾ ਰਿਹਾ ਹੈ। ਟੀਮਾਂ ਦਾ ਗਠਨ ਕਰਕੇ ਇਸ ਵਾਰ ਪਰਾਲੀ ਨੂੰ ਅੱਗ ਨਾਲ ਲਾਉਣ ਸੰਬੰਧੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦਾ ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਦਾਅਵਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਭ ਕਿਸਾਨਾਂ ਦੇ ਕਰਕੇ ਹੀ ਹੋਇਆ ਜਿੰਨ੍ਹਾਂ ਨੇ ਖੁਦ ਆਪਣੀ ਜ਼ਿੰਮੇਵਾਰੀ ਸਮਝੀ ਅਤੇ ਵਾਤਾਵਰਣ ਚੋਗਿਰਦੇ ਨੂੰ ਬਚਾਉਣ ਲਈ ਉਹਨਾਂ ਨੇ ਇਸ ਵਾਰ ਪਰਾਲੀ ਨੂੰ ਘੱਟ ਤੋਂ ਘੱਟ ਅੱਗ ਲਗਾਈ ਪਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ 'ਚ ਜਿਆਦਾ ਇਜਾਫਾ 15 ਨਵੰਬਰ ਤੋਂ ਬਾਅਦ ਹੀ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਮੰਡੀਆਂ ਵਿੱਚ ਕਿਸਾਨ ਮਸ਼ਰੂਫ ਸਨ ਪਰ ਜਿਵੇਂ ਹੀ ਝੋਨਾ ਮੰਡੀਆਂ ਵਿੱਚੋਂ ਲਿਫਟ ਹੋਇਆ ਤਾਂ ਕਿਸਾਨਾਂ ਨੇ ਕਣਕ ਬੀਜਣ ਨੂੰ ਲੈ ਕੇ ਪਰਾਲੀ ਨੂੰ ਅੱਗ ਜ਼ਰੂਰ ਲਗਾਈ।