ਨਵੀਂ ਦਿੱਲੀ: ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ 7 ਮਾਰਚ ਤੋਂ ਧਰਮਸ਼ਾਲਾ 'ਚ ਇੰਗਲੈਂਡ ਨਾਲ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ ਖੇਡਣ ਜਾ ਰਹੀ ਹੈ। ਟੀਮ ਇੰਡੀਆ ਨੇ ਇਸ ਮੈਚ ਲਈ ਪੂਰੀ ਤਿਆਰੀ ਕਰ ਲਈ ਹੈ। ਟੀਮ ਨੇ ਕੋਚ ਰਾਹੁਲ ਦ੍ਰਾਵਿੜ ਅਤੇ ਰੋਹਿਤ ਸ਼ਰਮਾ ਦੀ ਅਗਵਾਈ 'ਚ ਮੰਗਲਵਾਰ ਨੂੰ ਜ਼ੋਰਦਾਰ ਅਭਿਆਸ ਕੀਤਾ। ਇਸ ਅਭਿਆਸ ਸੈਸ਼ਨ ਤੋਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਟੀਮ ਦੇ ਪਲੇਇੰਗ 11 ਕਿਹੋ ਜਹੀ ਹੋ ਸਕਦੀ ਹੈ।
ਪਾਡੀਕਲ ਕੱਟ ਸਕਦੇ ਹਨ ਪਾਟੀਦਾਰ ਦਾ ਪੱਤਾ: ਦੇਵਦੱਤ ਪਾਡੀਕਲ ਨੇ ਟੀਮ ਇੰਡੀਆ ਦੇ ਅਭਿਆਸ ਸੈਸ਼ਨ 'ਚ ਨੈੱਟ 'ਤੇ ਜ਼ਬਰਦਸਤ ਬੱਲੇਬਾਜ਼ੀ ਕੀਤੀ। ਅਜਿਹੇ 'ਚ ਸੰਭਵ ਹੈ ਕਿ ਖਰਾਬ ਫਾਰਮ 'ਚੋਂ ਗੁਜ਼ਰ ਰਹੇ ਰਜਤ ਪਾਟੀਦਾਰ ਦੀ ਜਗ੍ਹਾ ਰੋਹਿਤ ਅਤੇ ਰਾਹੁਲ ਪਾਡੀਕਲ ਨੂੰ ਪਲੇਇੰਗ 11 'ਚ ਮੌਕਾ ਦੇ ਸਕਦੇ ਹਨ। ਰਜਤ ਪਿਛਲੇ ਤਿੰਨ ਮੈਚਾਂ 'ਚ ਭਾਰਤ ਲਈ ਜ਼ਿਆਦਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਹ 2 ਪਾਰੀਆਂ 'ਚ ਜ਼ੀਰੋ 'ਤੇ ਵਾਪਸੀ ਕਰ ਚੁੱਕੇ ਹਨ। ਹੁਣ ਜੇਕਰ ਦੇਵਦੱਤ ਪਡਿਕਲ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁਣਗੇ।
ਬੁਮਰਾਹ ਦੇ ਆਉਣ ਕਾਰਨ ਆਕਾਸ਼ ਬਾਹਰ ਹੋ ਸਕਦੇ ਹਨ: ਰੋਹਿਤ ਸ਼ਰਮਾ ਆਕਾਸ਼ ਦੀਪ ਨੂੰ ਇਸ ਮੈਚ ਤੋਂ ਬਾਹਰ ਕਰ ਸਕਦੇ ਹਨ ਕਿਉਂਕਿ ਜਸਪ੍ਰੀਤ ਬੁਮਰਾਹ ਦੀ ਟੀਮ ਵਿੱਚ ਵਾਪਸੀ ਹੋਈ ਹੈ। ਧਰਮਸ਼ਾਲਾ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਮੰਨੀ ਜਾਂਦੀ ਹੈ, ਅਜਿਹੇ 'ਚ ਟੀਮ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੇ ਤੇਜ਼ ਹਮਲੇ ਨਾਲ ਮੈਦਾਨ 'ਤੇ ਉਤਰ ਸਕਦੀ ਹੈ। ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ ਅਤੇ ਕੁਲਦੀਪ ਯਾਦਵ ਇਸ ਮੈਚ 'ਚ ਭਾਰਤ ਦੇ ਤਿੰਨ ਮੁੱਖ ਸਪਿਨਰ ਹੋ ਸਕਦੇ ਹਨ। ਰੋਹਿਤ 2 ਤੇਜ਼ ਗੇਂਦਬਾਜ਼ਾਂ ਅਤੇ 3 ਸਪਿਨ ਗੇਂਦਬਾਜ਼ਾਂ ਨਾਲ ਮੈਦਾਨ 'ਤੇ ਉਤਰ ਸਕਦੇ ਹਨ।
ਟੀਮ ਇੰਡੀਆ ਦੀ ਸੰਭਾਵਿਤ ਪਲੇਇੰਗ 11-
- ਰੋਹਿਤ ਸ਼ਰਮਾ
- ਯਸ਼ਸਵੀ ਜਸਵਾਲ
- ਸ਼ੁਭਮਨ ਗਿੱਲ
- ਦੇਵਦੱਤ ਪਡੀਕਲ
- ਸਰਫਰਾਜ਼ ਖਾਨ
- ਧਰੁਵ ਜੁਰਲ
- ਰਵਿੰਦਰ ਜਡੇਜਾ
- ਰਵੀਚੰਦਰਨ ਅਸ਼ਵਿਨ
- ਕੁਲਦੀਪ ਯਾਦਵ
- ਜਸਪ੍ਰੀਤ ਬੁਮਰਾਹ
- ਮੁਹੰਮਦ ਸਿਰਾਜ