ਬਾਸਟੋ ਅਰਸਿਜ਼ਿਓ (ਇਟਲੀ) : ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਨਿਸ਼ਾਂਤ ਦੇਵ ਨੇ ਬੁੱਧਵਾਰ ਨੂੰ ਇੱਥੇ ਬ੍ਰਿਟਿਸ਼ ਮੁੱਕੇਬਾਜ਼ ਲੁਈਸ ਰਿਚਰਡਸਨ ਨੂੰ 3-1 ਨਾਲ ਹਰਾ ਕੇ ਪਹਿਲੇ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ 'ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਪਰ ਤਜ਼ਰਬੇਕਾਰ ਸ਼ਿਵ ਥਾਪਾ ਨੂੰ ਪਹਿਲੇ ਦੌਰ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ਾਂ ਦੇ 71 ਕਿਲੋਗ੍ਰਾਮ ਭਾਰ ਵਰਗ ਵਿੱਚ ਨਿਸ਼ਾਂਤ ਨੇ ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਰਿਚਰਡਸਨ ਖ਼ਿਲਾਫ਼ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਪਹਿਲੇ ਦੌਰ ਵਿੱਚ 4-1 ਨਾਲ ਜਿੱਤ ਦਰਜ ਕੀਤੀ।
23 ਸਾਲਾ ਭਾਰਤੀ ਮੁੱਕੇਬਾਜ਼ ਨੇ ਦੂਜੇ ਦੌਰ 'ਚ ਆਪਣੇ ਵਿਰੋਧੀ 'ਤੇ ਪੂਰੀ ਤਰ੍ਹਾਂ ਦਬਦਬਾ ਬਣਾਇਆ ਅਤੇ ਆਪਣੇ ਸੱਜੇ ਹੱਥ ਨਾਲ ਕੁਝ ਸ਼ਕਤੀਸ਼ਾਲੀ ਪੰਚ ਲਗਾਏ। ਨਿਸ਼ਾਂਤ ਨੇ ਇਹ ਦੌਰ 5-0 ਨਾਲ ਜਿੱਤ ਲਿਆ। ਨਿਸ਼ਾਂਤ ਨੇ ਤੀਜੇ ਗੇੜ ਵਿੱਚ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਣ ਲਈ ਰੱਖਿਆਤਮਕ ਰਵੱਈਆ ਅਪਣਾਇਆ ਅਤੇ ਅੰਤ ਵਿੱਚ ਵੰਡ ਦੇ ਫੈਸਲੇ ਨਾਲ ਜਿੱਤ ਪ੍ਰਾਪਤ ਕੀਤੀ। ਛੇ ਵਾਰ ਏਸ਼ਿਆਈ ਚੈਂਪੀਅਨਸ਼ਿਪ ਦਾ ਤਗ਼ਮਾ ਜੇਤੂ ਸ਼ਿਵ ਥਾਪਾ (63.5 ਕਿਲੋ) ਮੌਜੂਦਾ ਵਿਸ਼ਵ ਚੈਂਪੀਅਨ ਉਜ਼ਬੇਕਿਸਤਾਨ ਦੇ ਰੁਸਲਾਨ ਅਬਦੁਲਾਏਵ ਤੋਂ ਹਾਰ ਗਿਆ। ਰੁਸਲਾਨ ਨੇ ਆਪਣੀ ਸਾਖ ਅਨੁਸਾਰ ਪ੍ਰਦਰਸ਼ਨ ਕੀਤਾ। ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾ ਕੇ ਉਸ ਨੇ ਭਾਰਤੀ ਮੁੱਕੇਬਾਜ਼ ਨੂੰ ਰੱਖਿਆਤਮਕ 'ਤੇ ਹੋਣ ਲਈ ਮਜਬੂਰ ਕਰ ਦਿੱਤਾ।
ਹਾਲਾਂਕਿ ਸ਼ਿਵ ਥਾਪਾ ਦੀ ਇਹ ਰਣਨੀਤੀ ਜ਼ਿਆਦਾ ਦੇਰ ਨਹੀਂ ਚੱਲ ਸਕੀ ਕਿਉਂਕਿ ਰੁਸਲਾਨ ਨੇ ਹਮਲਾ ਜਾਰੀ ਰੱਖਿਆ। ਰੈਫਰੀ ਨੇ ਪਹਿਲੇ ਦੌਰ 'ਚ ਹੀ ਮੈਚ ਰੋਕ ਦਿੱਤਾ ਅਤੇ ਉਜ਼ਬੇਕਿਸਤਾਨੀ ਮੁੱਕੇਬਾਜ਼ ਨੂੰ ਜੇਤੂ ਐਲਾਨ ਦਿੱਤਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੌਜੂਦਾ ਰਾਸ਼ਟਰੀ ਚੈਂਪੀਅਨ ਲਕਸ਼ਯ ਚਾਹਰ (80 ਕਿਲੋਗ੍ਰਾਮ) 2021 ਏਸ਼ਿਆਈ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਈਰਾਨ ਦੇ ਗੇਸ਼ਲਾਗੀ ਮੇਸਾਮ ਤੋਂ ਹਾਰ ਕੇ ਪਹਿਲੇ ਦੌਰ ਵਿੱਚ ਬਾਹਰ ਹੋਣ ਵਾਲਾ ਚੌਥਾ ਭਾਰਤੀ ਮੁੱਕੇਬਾਜ਼ ਬਣ ਗਿਆ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਦੀਪਕ ਭੋਰੀਆ (51 ਕਿਲੋਗ੍ਰਾਮ), ਏਸ਼ਿਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਨਰਿੰਦਰ ਬੇਰਵਾਲ (+92 ਕਿਲੋਗ੍ਰਾਮ) ਅਤੇ ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਮਗਾ ਜੇਤੂ ਜੈਸਮੀਨ ਲਾਂਬੋਰੀਆ (60 ਕਿਲੋਗ੍ਰਾਮ) ਸਾਰੇ ਪਹਿਲੇ ਦੌਰ ਤੋਂ ਅੱਗੇ ਵਧਣ ਵਿੱਚ ਅਸਫਲ ਰਹੇ।
ਪੈਰਿਸ ਓਲੰਪਿਕ ਲਈ ਭਾਰਤ ਨੇ ਮੁੱਕੇਬਾਜ਼ੀ ਵਿੱਚ ਹੁਣ ਤੱਕ ਚਾਰ ਕੋਟਾ ਹਾਸਲ ਕੀਤੇ ਹਨ। ਓਲੰਪਿਕ ਕੋਟਾ ਹਾਸਲ ਕਰਨ ਵਾਲੇ ਮੁੱਕੇਬਾਜ਼ਾਂ ਵਿੱਚ ਨਿਖਤ ਜ਼ਰੀਨ (50 ਕਿਲੋ), ਪ੍ਰੀਤੀ ਪਵਾਰ (54 ਕਿਲੋ), ਪਰਵੀਨ ਹੁੱਡਾ (57 ਕਿਲੋ) ਅਤੇ ਲਵਲੀਨਾ ਬੋਰਗੋਹੇਨ (75 ਕਿਲੋ) ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਪਿਛਲੇ ਸਾਲ ਏਸ਼ਿਆਈ ਖੇਡਾਂ ਵਿੱਚ ਓਲੰਪਿਕ ਕੋਟਾ ਹਾਸਲ ਕੀਤਾ ਸੀ। ਪਹਿਲੇ ਵਿਸ਼ਵ ਓਲੰਪਿਕ ਕੁਆਲੀਫਾਇਰ ਵਿੱਚ 590 ਤੋਂ ਵੱਧ ਮੁੱਕੇਬਾਜ਼ 49 ਕੋਟਾ ਸਥਾਨਾਂ ਲਈ ਮੁਕਾਬਲਾ ਕਰ ਰਹੇ ਹਨ। ਜਿਹੜੇ ਮੁੱਕੇਬਾਜ਼ ਇੱਥੇ ਓਲੰਪਿਕ ਕੋਟਾ ਹਾਸਲ ਨਹੀਂ ਕਰ ਸਕਣਗੇ, ਉਨ੍ਹਾਂ ਨੂੰ 23 ਮਈ ਤੋਂ 3 ਜੂਨ ਤੱਕ ਬੈਂਕਾਕ ਵਿੱਚ ਹੋਣ ਵਾਲੇ ਦੂਜੇ ਵਿਸ਼ਵ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰ ਵਿੱਚ ਪੈਰਿਸ ਲਈ ਟਿਕਟ ਹਾਸਲ ਕਰਨ ਦਾ ਮੌਕਾ ਮਿਲੇਗਾ।