ਨਵੀਂ ਦਿੱਲੀ: ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਕੋਰੀ ਐਂਡਰਸਨ ਨਿਊਜ਼ੀਲੈਂਡ ਦੀ ਟੀਮ ਛੱਡ ਕੇ ਅਮਰੀਕਾ ਲਈ ਖੇਡਦੇ ਨਜ਼ਰ ਆਉਣਗੇ। ਉਨ੍ਹਾਂ ਨੂੰ ਕੈਨੇਡਾ ਦੇ ਖਿਲਾਫ 7 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਲਈ ਸ਼ੁੱਕਰਵਾਰ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਇਹ ਸੀਰੀਜ਼ ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਰੱਖੀ ਗਈ ਹੈ। ਅਮਰੀਕਾ ਅਤੇ ਵੈਸਟਇੰਡੀਜ਼ ਇਸ ਸਾਲ ਜੂਨ 'ਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਜਾ ਰਹੇ ਹਨ।
ਕੈਨੇਡਾ ਖਿਲਾਫ ਟੀ-20 ਸੀਰੀਜ਼ ਲਈ 15 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ, ਜਿਸ 'ਚ ਕੌਰੀ ਐਂਡਰਸਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਉਨਮੁਕਤ ਚੰਦ ਨੂੰ ਕੈਨੇਡਾ ਟੀ-20 ਸੀਰੀਜ਼ ਲਈ ਯੂਐਸਏ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਕੈਨੇਡਾ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ 7 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 13 ਅਪ੍ਰੈਲ ਨੂੰ ਖਤਮ ਹੋਵੇਗੀ। ਕੈਨੇਡਾ ਅਤੇ ਅਮਰੀਕਾ ਵਿਚਾਲੇ ਸਾਰੇ ਪੰਜ ਟੀ-20 ਮੈਚ ਹਿਊਸਟਨ ਦੇ ਪ੍ਰੇਰੀ ਵਿਊ ਕ੍ਰਿਕਟ ਕੰਪਲੈਕਸ 'ਚ ਹੋਣਗੇ।
ਕੋਰੀ ਐਂਡਰਸਨ ਪੰਜ ਸਾਲ ਬਾਅਦ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਰਨਗੇ। ਐਂਡਰਸਨ 2023 ਵਿੱਚ ਮੇਜਰ ਸੁਪਰ ਲੀਗ ਲਈ ਅਮਰੀਕਾ ਗਿਆ ਸੀ। ਐਂਡਰਸਨ ਨੇ ਨਿਊਜ਼ੀਲੈਂਡ ਲਈ ਆਖਰੀ ਵਾਰ 2018 'ਚ ਪਾਕਿਸਤਾਨ ਖਿਲਾਫ ਟੀ-20 ਸੀਰੀਜ਼ ਖੇਡੀ ਸੀ। ਇਸ ਤੋਂ ਬਾਅਦ, ਉਸਨੇ ਮੇਜਰ ਸੁਪਰ ਲੀਗ ਵਿੱਚ ਸੈਨ ਫਰਾਂਸਿਸਕੋ ਯੂਨੀਕੋਰਨਜ਼ ਦੇ ਨਾਲ ਇਕਰਾਰਨਾਮਾ ਸਵੀਕਾਰ ਕਰਨ ਤੋਂ ਬਾਅਦ ਨਿਊਜ਼ੀਲੈਂਡ ਕ੍ਰਿਕਟ ਨੂੰ ਛੱਡ ਦਿੱਤਾ।
ਕੌਰੀ ਐਂਡਰਸਨ ਨੇ ਨਿਊਜ਼ੀਲੈਂਡ ਲਈ ਖੇਡਦੇ ਹੋਏ 36 ਗੇਂਦਾਂ 'ਚ ਤੇਜ਼ ਸੈਂਕੜਾ ਲਗਾਇਆ। 2014 ਵਿੱਚ ਉਸ ਨੇ ਵੈਸਟਇੰਡੀਜ਼ ਖ਼ਿਲਾਫ਼ 36 ਗੇਂਦਾਂ ਵਿੱਚ 14 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 131 ਦੌੜਾਂ ਦੀ ਪਾਰੀ ਖੇਡੀ ਸੀ। ਖੱਬੇ ਹੱਥ ਦੇ ਇਸ ਆਲਰਾਊਂਡਰ ਨੇ 2020 'ਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।