ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2024 'ਚ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਪੈਟ ਕਮਿੰਸ ਨੂੰ ਨਹੀਂ ਸਗੋਂ ਮਿਸ਼ੇਲ ਮਾਰਸ਼ ਨੂੰ ਸੌਂਪੀ ਜਾ ਸਕਦੀ ਹੈ। ਇਸ ਦਾ ਸਮਰਥਨ ਟੀਮ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ ਖੁਦ ਕੀਤਾ ਹੈ। ਟੀਮ ਦੇ ਕੋਚ ਨੇ ਮਾਰਸ਼ ਦਾ ਨਾਂ ਅੱਗੇ ਰੱਖਿਆ ਹੈ। ਅਜਿਹੇ 'ਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕ੍ਰਿਕਟ ਆਸਟ੍ਰੇਲੀਆ ਜਲਦ ਹੀ ਕਪਤਾਨ ਦੇ ਰੂਪ 'ਚ ਮਾਰਸ਼ ਦੇ ਨਾਂ ਦਾ ਐਲਾਨ ਕਰ ਸਕਦਾ ਹੈ।
ਫਿੰਚ ਨੇ 2022 ਵਿੱਚ ਟੀ-20 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈ ਲਿਆ ਸੀ। ਇਸ ਤੋਂ ਬਾਅਦ ਮਾਰਸ਼ ਨੇ ਗੈਰ ਰਸਮੀ ਤੌਰ 'ਤੇ ਟੀ-20 'ਚ ਲੀਡਰਸ਼ਿਪ ਦੀ ਭੂਮਿਕਾ ਨਿਭਾਈ ਹੈ। ਐਂਡਰਿਊ ਮੈਕਡੋਨਲਡ ਜਾਰਜ ਬੇਲੀ ਦੀ ਪ੍ਰਧਾਨਗੀ ਵਾਲੇ ਚੋਣ ਪੈਨਲ ਦਾ ਹਿੱਸਾ ਹੈ। ਉਹ ਕ੍ਰਿਕਟ ਆਸਟ੍ਰੇਲੀਆ ਬੋਰਡ ਨੂੰ ਸਿਫਾਰਿਸ਼ ਕਰੇਗਾ ਕਿ 32 ਸਾਲਾ ਮਾਰਸ਼ ਨੂੰ ਰਸਮੀ ਤੌਰ 'ਤੇ ਵਾਗਡੋਰ ਸੌਂਪੀ ਜਾਵੇ। ਆਰੋਨ ਫਿੰਚ ਦੇ ਸੰਨਿਆਸ ਤੋਂ ਬਾਅਦ ਫੁੱਲ ਟਾਈਮ ਕਪਤਾਨ ਦੀ ਭੂਮਿਕਾ ਦਾ ਫੈਸਲਾ ਹੋਣਾ ਅਜੇ ਬਾਕੀ ਹੈ।
ਐਂਡਰਿਊ ਮੈਕਡੋਨਲਡ ਨੇ ਕਿਹਾ, ਜਿਸ ਤਰ੍ਹਾਂ ਨਾਲ ਉਹ ਟੀ-20 ਟੀਮ ਦੇ ਨਾਲ ਕੰਮ ਕਰਨ ਚ ਸਮਰੱਥ ਹੈ, ਉਸ ਤੋਂ ਅਸੀਂ ਖੁਸ਼ ਅਤੇ ਸਹਿਜ ਹਾਂ। ਸਾਨੂੰ ਲੱਗਦਾ ਹੈ ਕਿ ਉਹ ਟੀ-20 ਵਿਸ਼ਵ ਕੱਪ ਲਈ ਸਭ ਤੋਂ ਵਧੀਆ ਕਪਤਾਨ ਹੈ। ਆਸਟ੍ਰੇਲੀਆ ਨੇ ਮਾਰਸ਼ ਦੀ ਕਪਤਾਨੀ 'ਚ ਵੈਸਟਇੰਡੀਜ਼ ਅਤੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਵੀ ਜਿੱਤੀ ਸੀ। ਇੱਕ ਅੰਤਰਰਾਸ਼ਟਰੀ ਖਿਡਾਰੀ ਵਜੋਂ ਮਾਰਸ਼ ਦੀ ਵਾਪਸੀ 20 ਓਵਰਾਂ ਦੀ ਖੇਡ ਵਿੱਚ ਸ਼ੁਰੂ ਹੋਈ ਜਦੋਂ ਉਸਨੇ ਆਪਣੀ ਟੀਮ ਨੂੰ 2021 ਵਿਸ਼ਵ ਕੱਪ ਦੀ ਟਰਾਫੀ ਦਿੱਤੀ।
ਉਹ ਦੁਬਈ 'ਚ ਨਿਊਜ਼ੀਲੈਂਡ ਖਿਲਾਫ ਫਾਈਨਲ 'ਚ 50 ਗੇਂਦਾਂ 'ਚ ਅਜੇਤੂ 77 ਦੌੜਾਂ ਬਣਾ ਕੇ 'ਪਲੇਅਰ ਆਫ ਦਿ ਮੈਚ' ਰਿਹਾ। ਆਸਟਰੇਲੀਆ ਨੇ 173 ਦੌੜਾਂ ਦਾ ਟੀਚਾ ਇੱਕ ਓਵਰ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਮਾਰਸ਼ ਨੇ 54 ਟੀ-20 ਮੈਚਾਂ ਵਿੱਚ 22.76 ਦੀ ਔਸਤ ਨਾਲ 17 ਵਿਕਟਾਂ ਅਤੇ ਨੌਂ ਅਰਧ ਸੈਂਕੜਿਆਂ ਦੀ ਮਦਦ ਨਾਲ 1,432 ਦੌੜਾਂ ਬਣਾਈਆਂ ਹਨ।