ਅੰਮ੍ਰਿਤਸਰ: ਪੈਰਿਸ ਓਲੰਪਿਕ ਵਿੱਚ ਟੀਮ ਇੰਡੀਆ ਦੇ ਕੈਪਟਨ ਹਰਮਨਪ੍ਰੀਤ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਹੁਣ ਪਰਿਵਾਰ ਵਿੱਚ ਬੇਹੱਦ ਖੁਸ਼ੀ ਹੈ। ਇਸ ਦੇ ਨਾਲ ਹੀ ਇੰਡੀਆ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਘਰ ਰੌਣਕਾਂ ਭਰਿਆ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ, ਭਰਾ ਕੋਮਲ ਸਿੰਘ ਅਤੇ ਮਾਤਾ ਨੇ ਬੇਹੱਦ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿਉਂਕਿ ਉਹਨਾਂ ਦੇ ਪੁੱਤਰ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲ ਕੀਤੇ ਹਨ।
ਸੀਐੱਮ ਮਾਨ ਨੂੰ ਅਪੀਲ: ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪਿੰਡ ਦੇ ਵਿੱਚ ਇੱਕ ਵੱਡਾ ਖੇਡ ਸਟੇਡੀਅਮ ਬਣਾ ਕੇ ਦਿੱਤਾ ਜਾਵੇ ਤਾਂ ਜੋ ਇੱਥੋਂ ਹਰਮਨਪ੍ਰੀਤ ਸਿੰਘ ਟ੍ਰੇਨਿੰਗ ਦੇ ਕੇ ਹੋਰਨਾਂ ਮੁੰਡਿਆਂ ਨੂੰ ਹਾਕੀ ਦੇ ਚੰਗੇ ਖਿਡਾਰੀ ਬਣਾ ਸਕੇ। ਇਸ ਮੌਕੇ ਹਰਮਨਪ੍ਰੀਤ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਹਾਕੀ ਟੀਮ ਨੂੰ ਵਧਾਈ ਦਿੱਤੀ ਗਈ ਅਤੇ ਆਸ ਜਤਾਈ ਗਈ ਉਹ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਦੇਸ਼ ਦੁਨੀਆਂ ਵਿੱਚ ਭਾਰਤ ਅਤੇ ਪੰਜਾਬ ਸਮੇਤ ਅੰਮ੍ਰਿਤਸਰ ਦਾ ਨਾਮ ਰੌਸ਼ਨ ਕਰਨਗੇ ਅਤੇ ਨੌਜਵਾਨ ਹਾਕੀ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣਨਗੇ।
ਟੀਮ ਇੰਡੀਆ ਕੁਆਟਰ ਫਾਈਨਲ 'ਚ: ਦੱਸ ਦਈਏ ਬੀਤੇ ਦਿਨ 2 ਅਗਸਤ (ਸ਼ੁੱਕਰਵਾਰ) ਨੂੰ ਭਾਰਤ ਅਤੇ ਆਸਟਰੇਲੀਆ ਦੀਆਂ ਹਾਕੀ ਟੀਮਾਂ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 3-2 ਨਾਲ ਹਰਾਇਆ। ਭਾਰਤੀ ਟੀਮ ਨੇ 52 ਸਾਲ ਬਾਅਦ ਓਲੰਪਿਕ ਵਿੱਚ ਆਸਟਰੇਲੀਆ ਨੂੰ ਹਰਾਇਆ ਹੈ। ਭਾਰਤ ਨੇ 1972 ਵਿੱਚ ਆਸਟਰੇਲੀਆ ਨੂੰ ਹਰਾਇਆ ਸੀ। ਇਸ ਨਾਲ ਭਾਰਤ ਨੇ ਓਲੰਪਿਕ 'ਚ ਪਹਿਲੀ ਵਾਰ ਆਸਟ੍ਰੇਲੀਆ ਨੂੰ ਮੈਦਾਨ 'ਤੇ ਹਰਾਇਆ ਹੈ। ਇਸ ਮੈਚ 'ਚ ਭਾਰਤ ਲਈ ਅਭਿਸ਼ੇਕ ਅਤੇ ਹਰਮਨਪ੍ਰੀਤ ਸਿੰਘ ਨੇ ਆਸਟ੍ਰੇਲੀਆ ਨੂੰ ਸ਼ੁਰੂਆਤ 'ਚ ਹੀ ਬੈਕਫੁੱਟ 'ਤੇ ਧੱਕ ਦਿੱਤਾ। ਭਾਰਤ ਨੇ ਗਰੁੱਪ ਗੇੜ ਵਿੱਚ ਕੁੱਲ 5 ਮੈਚ ਖੇਡੇ, ਜਿਨ੍ਹਾਂ ਵਿੱਚੋਂ ਉਸ ਨੇ 3 ਮੈਚ ਜਿੱਤੇ, 1 ਮੈਚ ਡਰਾਅ ਰਿਹਾ ਅਤੇ 1 ਮੈਚ ਹਾਰਿਆ। ਹੁਣ ਟੀਮ ਕੁਆਰਟਰ ਫਾਈਨਲ ਵਿੱਚ ਧਮਾਲ ਮਚਾਉਂਦੀ ਨਜ਼ਰ ਆਵੇਗੀ।