ਚੰਡੀਗੜ੍ਹ: ਪੈਰਿਸ ਓਲੰਪਿਕ 2024 'ਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਓਲੰਪਿਕ 'ਚ ਭਾਰਤੀ ਹਾਕੀ ਟੀਮ ਬੇਸ਼ੱਕ ਗੋਲਡ ਜਾਂ ਸਿਲਵਰ ਮੈਡਲ ਤੋਂ ਖੁੰਝ ਗਈ ਪਰ ਉਸ ਨੇ ਕਰੋੜਾਂ ਭਾਰਤੀਆਂ ਦੇ ਦਿਲ ਜ਼ਰੂਰ ਜਿੱਤ ਲਏ। ਉਥੇ ਹੀ ਸੈਮੀਫਾਈਨਲ ਤੋਂ ਹਾਰ ਕੇ ਕਾਂਸੀ ਦੇ ਤਗਮੇ ਦੀ ਲੜਾਈ 'ਚ ਭਾਰਤ ਨੇ ਸਪੇਨ ਨੂੰ 2-1 ਨਾਲ ਮਾਤ ਦੇ ਦਿੱਤੀ ਅਤੇ ਕਾਂਸੀ ਦਾ ਮੈਡਲ ਆਪਣੇ ਨਾਮ ਕਰ ਲਿਆ।
ਭਾਰਤੀ ਹਾਕੀ ਟੀਮ ਦੀ ਇਸ ਜਿੱਤ ਨਾਲ ਹੀ ਇੱਕ ਨਵਾਂ ਕੀਰਤੀਮਾਨ ਸਥਾਪਿਤ ਹੋਇਆ ਹੈ। ਸਾਲ 1928 ਤੋਂ ਲੈਕੇ ਸਾਲ 2024 ਤੱਕ ਭਾਰਤੀ ਹਾਕੀ ਟੀਮ ਓਲੰਪਿਕ 'ਚ 13 ਵਾਰ ਮੈਡਲ ਜਿੱਤ ਚੁੱਕੀ ਹੇ। ਇੰਨ੍ਹਾਂ ਮੈਡਲਾਂ 'ਚ ਗੋਲਡ ਮੈਡਲਾਂ ਦੀ ਗਿਣਤੀ ਵੱਧ ਹੈ ਤੇ ਭਾਰਤ ਹੁਣ ਤੱਕ ਅੱਠ ਵਾਰ ਗੋਲਡ, ਇੱਕ ਵਾਰ ਸਿਲਵਰ ਤੇ ਚਾਰ ਵਾਰ ਕਾਂਸੀ ਦੇ ਮੈਡਲ ਆਪਣੇ ਨਾਮ ਕਰ ਚੁੱਕਾ ਹੈ।
ਇਸ ਤਰ੍ਹਾਂ ਦਾ ਰਿਹਾ ਭਾਰੀ ਹਾਕੀ ਟੀਮ ਦਾ ਸਫ਼ਰ:
1928 ਓਲੰਪਿਕ 'ਚ ਗੋਲਡ: ਭਾਰਤੀ ਹਾਕੀ ਟੀਮ ਨੇ ਸਾਲ 1928 'ਚ ਨੀਦਰਲੈਂਡ ਦੇ ਐਮਸਟਰਡਮ ਓਲੰਪਿਕ ਦੌਰਾਨ ਪਹਿਲਾ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ। ਭਾਰਤ ਨੇ 1928 ਐਮਸਟਰਡਮ ਓਲੰਪਿਕ ਦੇ ਫਾਈਨਲ ਵਿੱਚ ਨੀਦਰਲੈਂਡ ਨੂੰ 3-0 ਨਾਲ ਹਰਾ ਕੇ ਓਲੰਪਿਕ ਹਾਕੀ ਵਿੱਚ ਆਪਣਾ ਪਹਿਲਾ ਤਮਗਾ ਜਿੱਤਿਆ। ਓਲੰਪਿਕ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਵੀ ਸੀ।
1932 ਓਲੰਪਿਕ 'ਚ ਗੋਲਡ: ਇਸ ਤੋਂ ਬਾਅਦ ਯੂਐਸਏ ਦੇ ਲਾਸ ਏਂਜਲਸ ਓਲੰਪਿਕ 1932 'ਚ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਤੇ ਉਨ੍ਹਾਂ ਨੇ ਫਾਈਨਲ 'ਚ ਯੂਐਸਏ ਦੀ ਟੀਮ ਨੂੰ 24-1 ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ ਸੀ। ਜੋ ਕਿ ਓਲੰਪਿਕ ਹਾਕੀ ਦੇ ਇਤਿਹਾਸ ਵਿੱਚ ਲਗਾਤਾਰ ਸਭ ਤੋਂ ਵੱਡੀ ਜਿੱਤ ਹੈ।
1936 ਓਲੰਪਿਕ 'ਚ ਗੋਲਡ: ਸਾਲ 1936 'ਚ ਜਰਮਨੀ ਦੇ ਬਰਲਿਨ 'ਚ ਹੋਈਆਂ ਓਲੰਪਿਕ ਖੇਡਾਂ 'ਚ ਵੀ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ। ਧਿਆਨ ਚੰਦ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ 1936 ਵਿੱਚ ਬਰਲਿਨ ਵਿੱਚ ਉਨ੍ਹਾਂ ਦੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਜਰਮਨੀ ਨੂੰ 8-1 ਓਲੰਪਿਕ ਹਾਕੀ ਫਾਈਨਲ ਵਿੱਚ ਸਭ ਤੋਂ ਵੱਡੇ ਫਰਕ ਨਾਲ ਹਰਾ ਕੇ ਓਲੰਪਿਕ ਵਿੱਚ ਗੋਲਡ ਮੈਡਲ ਦੀ ਹੈਟ੍ਰਿਕ ਪੂਰੀ ਕੀਤੀ।
1948 ਓਲੰਪਿਕ 'ਚ ਵੀ ਗੋਲਡ: ਇਸ ਦੇ ਨਾਲ ਹੀ ਯੂਕੇ ਦੇ ਲੰਡਨ 1948 ਓਲੰਪਿਕ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ। ਇੰਨ੍ਹਾਂ ਓਲੰਪਿਕ 'ਚ ਵੀ ਭਾਰਤ ਨੇ ਗੋਲਡ ਮੈਡਲ ਹਾਸਲ ਕੀਤਾ। ਆਜ਼ਾਦੀ ਤੋਂ ਬਾਅਦ ਓਲੰਪਿਕ ਵਿੱਚ ਇਹ ਭਾਰਤ ਦਾ ਪਹਿਲਾ ਤਮਗਾ ਸੀ ਅਤੇ ਭਾਰਤ ਨੇ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ 4-0 ਨਾਲ ਹਰਾਇਆ ਸੀ।
1952 'ਚ ਇੱਕ ਹੋਰ ਗੋਲਡ: ਫਿਨਲੈਂਡ ਹੇਲਸਿੰਕੀ 'ਚ ਸਾਲ 1952 ਦੌਰਾਨ ਹੋਈਆਂ ਓਲੰਪਿਕ ਖੇਡਾਂ 'ਚ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਿਆ। ਇਸ ਓਲੰਪਿਕ ਫਾਈਨਲ 'ਚ ਭਾਰਤ ਦਾ ਸਾਹਮਣਾ ਨੀਦਰਲੈਂਡ ਨਾਲ ਸੀ, ਜਿਸ ਨੂੰ ਭਾਰਤ ਨੇ ਫਿਰ ਫਤਹਿ ਕੀਤਾ। ਭਾਰਤ ਨੇ ਮੈਗਾ ਈਵੈਂਟ ਵਿੱਚ ਲਗਾਤਾਰ ਪੰਜਵਾਂ ਸੋਨ ਤਮਗਾ ਜਿੱਤਿਆ। ਭਾਰਤੀ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੇ ਨੀਦਰਲੈਂਡ ਖਿਲਾਫ ਓਲੰਪਿਕ ਫਾਈਨਲ ਵਿੱਚ ਪੰਜ ਗੋਲ ਕੀਤੇ।
1956 'ਚ ਛੇਵਾਂ ਗੋਲਡ: ਆਸਟ੍ਰੇਲੀਆ ਦੇ ਮੈਲਬੌਰਨ 'ਚ ਸਾਲ 1956 'ਚ ਹੋਈਆਂ ਓਲੰਪਿਕ ਖੇਡਾਂ 'ਚ ਭਾਰਤ ਨੇ ਆਪਣਾ ਜਲਬਾ ਕਾਇਮ ਰੱਖਿਆ ਤੇ ਇੱਕ ਵਾਰ ਫਿਰ ਤੋਂ ਗੋਲਡ ਮੈਡਲ ਆਪਣੇ ਨਾਮ ਕੀਤਾ। ਇਸ ਓਲੰਪਿਕ ਫਾਈਨਲ 'ਚ ਭਾਰਤ ਦਾ ਮੁਕਾਬਲਾ ਗੁਆਂਢੀ ਮੁਲਕ ਪਾਕਿਸਤਾਨ ਦੀ ਟੀਮ ਨਾਲ ਸੀ। ਭਾਰਤ ਨੇ ਮੈਲਬੌਰਨ ਵਿੱਚ ਹੋਏ ਫਾਈਨਲ ਵਿੱਚ ਗੁਆਂਢੀ ਮੁਲਕ ਪਾਕਿਸਤਾਨ ਨੂੰ 1-0 ਨਾਲ ਹਰਾ ਕੇ ਇੱਕ ਹੋਰ ਗੋਲਡ ਮੈਡਲ ਜਿੱਤਿਆ।
1960 'ਚ ਆਇਆ ਸਿਲਵਰ ਮੈਡਲ: ਇਸ ਤੋਂ ਬਾਅਦ ਇਟਲੀ ਦੇ ਰੋਮ 'ਚ ਸਾਲ 1960 'ਚ ਓਲੰਪਿਕ ਖੇਡਾਂ ਹੋਈਆਂ। ਜਿਥੇ ਇੱਕ ਵਾਰ ਫਿਰ ਤੋਂ ਭਾਰਤ ਦਾ ਮੁਕਾਬਲਾ ਗੁਆਂਢੀ ਮੁਲਕ ਪਾਕਿਸਤਾਨ ਨਾਲ ਸੀ, ਜਿਥੇ ਫਾਈਨਲ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 1960 ਵਿੱਚ ਭਾਰਤ ਨੂੰ ਪਾਕਿਸਤਾਨ ਨੇ ਹਰਾਇਆ ਸੀ ਅਤੇ ਇਸ ਹਾਰ ਨੇ ਓਲੰਪਿਕ ਵਿੱਚ ਲਗਾਤਾਰ ਛੇ ਓਲੰਪਿਕ ਸੋਨ ਤਮਗਾ ਜਿੱਤਣ ਦੀ ਦੌੜ ਨੂੰ ਖਤਮ ਕਰ ਦਿੱਤਾ ਸੀ।
1964 'ਚ ਗੋਲਡ ਜਿੱਤ ਲਿਆ ਬਦਲਾ: ਇਸ ਤੋਂ ਬਾਅਦ ਜਾਪਾਨ ਦੇ ਟੋਕਿਓ 'ਚ ਸਾਲ 1964 'ਚ ਓਲੰਪਿਕ ਖੇਡਾਂ 'ਚ ਭਾਰਤ ਨੇ ਫਿਰ ਤੋਂ ਆਪਣੀ ਖੇਡ ਦਾ ਜਲਬਾ ਦਿਖਾਇਆ। ਇਸ ਓਲੰਪਿਕ 'ਚ ਫਿਰ ਤੋਂ ਭਾਰਤ ਦਾ ਮੁਕਾਬਲਾ ਗੁਆਂਢੀ ਮੁਲਕ ਪਾਕਿਸਤਨ ਨਾਲ ਹੋਇਆ। ਇਸ ਵਾਰ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਓਲੰਪਿਕ ਵਿੱਚ ਸੱਤਵਾਂ ਸੋਨ ਤਗਮਾ ਜਿੱਤਿਆ।
1968 'ਚ ਕਾਂਸੀ ਦਾ ਮੈਡਲ: ਇਸ ਤੋਂ ਬਾਅਦ ਮੈਕਸੀਕੋ ਸਿਟੀ 'ਚ ਸਾਲ 1968 'ਚ ਹੋਈਆਂ ਓਲੰਪਿਕ ਖੇਡਾਂ 'ਚ ਭਾਰਤ ਦਾ ਜਾਦੂ ਕੁਝ ਘੱਟ ਗਿਆ। ਇੰਨ੍ਹਾਂ ਓਲੰਪਿਕ 'ਚ ਪਹਿਲੀ ਵਾਰ ਸੀ, ਜਦੋਂ ਭਾਰਤੀ ਹਾਕੀ ਟੀਮ ਫਾਈਨਲ ਤੱਕ ਨਹੀਂ ਪਹੁੰਚ ਸਕੀ ਸੀ। ਭਾਰਤੀ ਟੀਮ ਨੂੰ ਸੈਮੀਫਾਈਨਲ 'ਚ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਕਾਂਸੀ ਦੇ ਮੈਡਲ ਲਈ ਹੋਏ ਮੈਚ 'ਚ ਭਾਰਤੀ ਟੀਮ ਨੇ ਪੱਛਮੀ ਜਰਮਨੀ ਨੂੰ ਹਰਾਇਆ ਤੇ ਕਾਂਸੀ ਦਾ ਮੈਡਲ ਨਾਲ ਹੀ ਸਬਰ ਕਰਨਾ ਪਿਆ।
1972 'ਚ ਇੱਕ ਵਾਰ ਫਿਰ ਕਾਂਸੀ ਦਾ ਮੈਡਲ: ਸਾਲ 1972 'ਚ ਮਿਊਨਿਖ ਅਤੇ ਜਰਮਨੀ 'ਚ ਹੋਈਆਂ ਓਲੰਪਿਕ ਖੇਡਾਂ 'ਚ ਫਿਰ ਤੋਂ ਭਾਰਤੀ ਹਾਕੀ ਟੀਮ ਫਾਈਨਲ ਦੀ ਦੌੜ 'ਚ ਨਹੀਂ ਪਹੁੰਚ ਸਕੀ। ਭਾਰਤੀ ਟੀਮ ਨੂੰ ਸੈਮੀਫਾਈਨਲ ਮੈਚ 'ਚ ਗੁਆਂਢੀ ਮੁਲਕ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਭਾਰਤੀ ਟੀਮ ਨੇ ਕਾਂਸੀ ਦੇ ਮੈਡਲ ਲਈ ਹੋਏ ਮੈਚ 'ਚ ਨੀਦਰਲੈਂਡ ਨੂੰ ਹਰਾ ਕੇ ਦੂਜੀ ਵਾਰ ਓਲੰਪਿਕ 'ਚ ਕਾਂਸੀ ਦਾ ਮੈਡਲ ਆਪਣੇ ਨਾਮ ਕੀਤਾ।
1980 'ਚ ਚੱਲਿਆ ਗੋਲਡ ਦਾ ਜਾਦੂ: ਇਸ ਤੋਂ ਬਾਅਦ ਸਾਲ 1980 'ਚ ਯੂਐਸਐਸਆਰ ਮੋਸਕੋ 'ਚ ਹੋਈਆਂ ਓਲੰਪਿਕ ਖੇਡਾਂ 'ਚ ਇੱਕ ਵਾਰ ਫਿਰ ਤੋਂ ਭਾਰਤੀ ਹਾਕੀ ਦਾ ਜਾਦੂ ਚੱਲਿਆ। ਇਹ ਓਲੰਪਕ ਖੇਡਾਂ ਇੱਕ ਫਾਰਮੈਟ ਵਿੱਚ ਖੇਡੀਆਂ ਗਈਆਂ, ਜਿਸ ਵਿੱਚ ਸੈਮੀਫਾਈਨਲ ਨਹੀਂ ਸਨ, ਭਾਰਤ ਨੇ ਫਾਈਨਲ ਵਿੱਚ ਸਪੇਨ ਨੂੰ ਹਰਾ ਕੇ ਓਲੰਪਿਕ ਵਿੱਚ ਆਪਣਾ 8ਵਾਂ ਸੋਨ ਤਗਮਾ ਜਿੱਤਿਆ। ਇਸ ਤੋਂ ਬਾਅਦ ਚਾਰ ਦਹਾਕੇ ਭਾਰਤੀ ਹਾਕੀ ਕੋਈ ਜਲਬਾ ਨਹੀਂ ਦਿਖਾ ਸਕੀ।
2021 'ਚ ਜਿੱਤਿਆ ਕਾਂਸੀ ਦਾ ਮੈਡਲ: ਇਸ ਤੋਂ ਬਾਅਦ ਕਰੀਬ 41 ਸਾਲ ਦਾ ਲੰਬਾ ਇੰਤਜ਼ਾਰ ਖ਼ਤਮ ਕਰਦਿਆਂ ਸਾਲ 2021 'ਚ ਜਾਪਾਨ ਦੇ ਟੋਕਿਓ 'ਚ ਹੋਈਆਂ ਓਲੰਪਿਕ ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਫਿਰ ਤੋਂ ਆਪਣਾ ਰੂਪ ਦਿਖਾਇਆ। ਇੰਨ੍ਹਾਂ ਓਲੰਪਿਕ ਖੇਡਾਂ 'ਚ ਭਾਰਤ ਬੇਸ਼ੱਕ ਫਾਈਨਲ 'ਚ ਨਹੀਂ ਪਹੁੰਚ ਸਕਿਆ ਪਰ ਉਸ ਨੇ ਕਾਂਸੀ ਦੇ ਮੈਡਲ ਲਈ ਹੋਏ ਮੈਚ 'ਚ ਜਰਮਨੀ ਨੂੰ 5-4 ਨਾਲ ਹਰਾ ਕੇ 41 ਸਾਲ ਬਾਅਦ ਕਾਂਸੀ ਦਾ ਮੈਡਲ ਆਪਣੇ ਨਾਮ ਕੀਤਾ ਸੀ।
2024 'ਚ ਫਿਰ ਤੋਂ ਕਾਂਸੀ ਦਾ ਮੈਡਲ: ਇਸ ਸਾਲ ਫਰਾਂਸ ਦੇ ਪੈਰਿਸ ਓਲੰਪਿਕ 2024 'ਚ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਭਾਰਤ ਨੇ ਇੰਨ੍ਹਾਂ ਮੁਕਾਬਲਿਆਂ 'ਚ ਕਈ ਚੈਂਪੀਅਨਾਂ ਨੂੰ ਚਿੱਤ ਕੀਤਾ। ਇਸ ਵਾਰ ਵੀ ਭਾਰਤ ਦੀ ਕਿਸਮਤ 'ਚ ਫਾਈਨਲ ਦਾ ਸਫ਼ਰ ਨਹੀਂ ਸੀ ਤੇ ਉਨ੍ਹਾਂ ਨੂੰ ਸੈਮੀਫਾਈਨਲ 'ਚ ਜਰਮਨੀ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕਾਂਸੀ ਦੇ ਮੈਡਲ ਲਈ ਸਪੇਨ ਨਾਲ ਹੋਏ ਮੈਚ 'ਚ ਭਾਰਤੀ ਹਾਕੀ ਟੀਮ ਨੇ ਆਪਣੀ ਵਾਪਸੀ ਕਰਦਿਆਂ 2-1 ਨਾਲ ਜਿੱਤ ਦਰਜ ਕੀਤੀ ਤੇ ਕਾਂਸੀ ਦਾ ਮੈਡਲ ਆਪਣੇ ਨਾਮ ਕੀਤਾ। ਇਸ ਮੈਡਲ ਨਾਲ ਜਿਥੇ ਭਾਰਤੀ ਹਾਕੀ ਟੀਮ ਨੇ ਆਪਣੇ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਵਿਦਾਈ ਤਾਂ ਉਥੇ ਹੀ ਸਾਲ 1968 ਅਤੇ 1972 'ਚ ਲਗਾਤਾਰ ਦੋ ਕਾਂਸੀ ਦੇ ਮੈਡਲ ਆਉਣ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ।