ਲੁਧਿਆਣਾ: ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਤੁਰੰਤ ਜ਼ਮੀਨੀ ਚੋਣਾਂ ਦਾ ਵੀ ਐਲਾਨ ਹੋ ਚੁੱਕਾ ਹੈ। ਪੰਜਾਬ ਦੇ ਵਿੱਚ ਚਾਰ ਹਲਕੇ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਅਤੇ ਬਰਨਾਲਾ ਦੇ ਵਿੱਚ ਜ਼ਿਮਨੀ ਚੋਣ ਹੋਣੀ ਹੈ। 13 ਨਵੰਬਰ ਨੂੰ ਵੋਟਾਂ ਪਈਆਂ ਜਾਣਗੀਆਂ ਅਤੇ 23 ਨਵੰਬਰ ਨੂੰ ਇਸ ਦੇ ਨਤੀਜੇ ਆਉਣਗੇ। ਇਹ ਚਾਰ ਹਲਕੇ ਆਮ ਆਦਮੀ ਪਾਰਟੀ ਦੇ ਲਈ ਵਕਾਰ ਦਾ ਸਵਾਲ ਬਣੇ ਹੋਏ ਹਨ। ਹਾਲਾਂਕਿ ਸ਼ੀਤਲ ਅੰਗੂਰਾਲ ਦੇ ਅਸਤੀਫਾ ਦੇਣ ਤੋਂ ਬਾਅਦ ਜਲੰਧਰ ਦੇ ਵਿੱਚ ਖਾਲੀ ਹੋਈ ਸੀਟ ਉੱਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਸੀ ਅਤੇ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਵੀ ਸਰਕਾਰ ਵੱਲੋਂ ਚੰਗੇ ਪ੍ਰਦਰਸ਼ਨ ਦਾ ਦਾਵਾ ਕੀਤਾ ਜਾ ਰਿਹਾ ਹੈ ਪਰ ਜ਼ਿਮਨੀ ਚੋਣ ਦੇ ਵਿੱਚ ਸੱਤਾ ਧਿਰ ਕਿੰਨੀ ਕਾਮਯਾਬ ਹੁੰਦੀ ਹੈ ਇਹ ਇੱਕ ਵੱਡਾ ਸਵਾਲ ਰਹੇਗਾ। ਹਾਲਾਂਕਿ ਵਿਰੋਧੀ ਪਾਰਟੀਆਂ ਵੱਲੋਂ ਵੀ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਹਿੱਸਾ ਲੈਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ।
ਪੰਚਾਇਤੀ ਚੋਣਾਂ ਦੇ ਨਤੀਜਿਆਂ ਦਾ ਪ੍ਰਭਾਵ: ਪੰਚਾਇਤੀ ਚੋਣਾਂ ਦੇ ਬੀਤੇ ਦਿਨੀ ਆਏ ਨਤੀਜਿਆਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੇ ਆਪੋ ਆਪਣੇ ਸਰਪੰਚ ਬਣਨ ਦਾ ਦਾਅਵਾ ਕੀਤਾ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਆਪਣੇ ਐਕਸ ਅਕਾਊਂਟ ਉੱਤੇ ਨਤੀਜਿਆਂ ਤੋਂ ਬਾਅਦ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਉਹਨਾਂ ਨੂੰ ਖੁਸ਼ੀ ਹੈ ਕਿ 50 ਤੋਂ 60 ਫੀਸਦੀ ਸਰਪੰਚ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਚੁਣੇ ਗਏ ਹਨ। ਦੂਜੇ ਪਾਸੇ ਭਾਜਪਾ ਦਾਅਵੇ ਕਰ ਰਹੀ ਹੈ ਕਿ 40 ਫੀਸਦੀ ਤੱਕ ਸਰਪੰਚ ਸਾਡੀ ਪਾਰਟੀ ਨਾਲ ਸੰਬੰਧਿਤ ਚੁਣੇ ਗਏ ਹਨ। ਇਹਨਾਂ ਸਾਰਿਆਂ ਦੇ ਦਾਅਵਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਅਸੀਂ ਅੰਕੜਿਆਂ ਦੀ ਗੱਲ ਨਹੀਂ ਕਰਦੇ ਇਹ ਪਰਿਵਾਰਿਕ ਚੋਣਾਂ ਹਨ ਅਤੇ ਇਸੇ ਕਰਕੇ ਸਿਆਸਤ ਤੋਂ ਦੂਰ ਬਿਨਾਂ ਪਾਰਟੀ ਸਿੰਬਲ ਤੋਂ ਚੋਣਾਂ ਲੜਵੀਆਂ ਗਈਆਂ ਸਨ। ਉਹਨਾਂ ਕਿਹਾ ਕਿ ਲੋਕਤੰਤਰ ਦੇ ਵਿੱਚ ਲੋਕਾਂ ਦਾ ਫਤਵਾ ਸਭ ਤੋਂ ਵੱਡਾ ਹੁੰਦਾ ਹੈ ਲੋਕ ਜਿਸ ਨੂੰ ਚਾਹੁਣ ਜਿਤਾ ਸਕਦੇ ਹਨ। ਹਾਲਾਂਕਿ ਉਹਨਾਂ ਇਹ ਜ਼ਰੂਰ ਕਿਹਾ ਕਿ ਜ਼ਿਮਨੀ ਚੋਣਾਂ ਨੂੰ ਲੈ ਕੇ ਜਰੂਰ ਸਾਡੀ ਤਿਆਰੀ ਹੈ।
ਪਾਰਟੀਆਂ ਵੱਲੋਂ ਤਿਆਰੀਆਂ: ਜ਼ਿਮਨੀ ਚੋਣਾਂ ਦੇ ਵਿੱਚ ਜਲਦ ਹੀ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਿਕ ਇਸ ਸਬੰਧੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆਦੇ ਮੁੱਖ ਮੰਤਰੀ ਪੰਜਾਬ ਦੀ ਦਿੱਲੀ ਦੇ ਵਿੱਚ ਜਲਦ ਮੀਟਿੰਗ ਹੋ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਨੇ ਵੀ 18 ਅਕਤੂਬਰ ਨੂੰ ਮੀਟਿੰਗ ਸੱਦੀ ਹੈ। 25 ਅਕਤੂਬਰ ਤੋਂ ਨਾਮਜਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਹੀ ਸਾਰੀਆਂ ਹੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਐਲਾਨੇ ਜਾਣੇ ਹਨ। ਗਿੱਦੜਬਾਹਾ ਤੋਂ ਡਿੰਪੀ ਢਿੱਲੋ ਦਾ ਨਾਂ ਅੱਗੇ ਚੱਲ ਰਿਹਾ ਹੈ, ਬਰਨਾਲਾ ਤੋਂ ਗੁਰਮੀਤ ਮੀਤ ਹੇਅਰ ਵੱਲੋਂ ਮੈਂਬਰ ਪਾਰਲੀਮੈਂਟ ਬਣੇ ਜਾਣ ਤੋਂ ਬਾਅਦ ਹਰਿੰਦਰ ਸਿੰਘ ਦਾ ਨਾਂ ਸਿਫਾਰਿਸ਼ ਕੀਤਾ ਗਿਆ ਹੈ ਉੱਥੇ ਹੀ ਡੇਰਾ ਬਾਬਾ ਨਾਨਕ ਤੋਂ ਆਪ ਦੇ ਰਵੀਕਰਨ ਸਿੰਘ ਕਾ ਹਲੋਂ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਹਨ। ਇੱਕ ਪਾਸੇ ਜਿੱਥੇ ਸੱਤਾਧਿਰ ਦੇ ਲਈ ਜਿਮਨੀ ਚੋਣ ਜਿੱਤਣੀ ਬੇਹੱਦ ਜਰੂਰੀ ਬਣੀ ਹੋਈ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਵੀ ਇਸ ਨੂੰ 2027 ਦੀ ਝਲਕ ਦੇ ਤੌਰ ਉੱਤੇ ਵੇਖ ਰਹੀ ਹੈ। ਜਿਮਨੀ ਚੋਣਾਂ ਤੋਂ ਤੁਰੰਤ ਬਾਅਦ ਪੰਜਾਬ ਦੇ ਅੰਦਰ ਨਗਰ ਨਿਗਮ ਅਤੇ ਨਗਰ ਪਰਿਸ਼ਦ ਦੀਆਂ ਚੋਣਾਂ ਹੋਣੀਆਂ ਹਨ।