ਵਾਸ਼ਿੰਗਟਨ: ਅਮਰੀਕਾ ਨੇ ਪਾਕਿਸਤਾਨ ਨੂੰ ਆਪਣੀ ਅੱਤਵਾਦ ਵਿਰੋਧੀ ਮੁਹਿੰਮ 'ਚ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਨੇ ਕਿਹਾ ਸੀ ਕਿ ਉਸ ਨੇ ਅਫਗਾਨਿਸਤਾਨ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਜੁੜੇ ਅੱਤਵਾਦੀਆਂ 'ਤੇ ਹਵਾਈ ਹਮਲੇ ਕੀਤੇ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਸੋਮਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਮਰੀਕਾ ਅਫਗਾਨਿਸਤਾਨ 'ਤੇ ਸ਼ਾਸਨ ਕਰਨ ਵਾਲੇ ਤਾਲਿਬਾਨ ਨੂੰ ਵੀ ਅਪੀਲ ਕਰਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਅੱਤਵਾਦੀ ਹਮਲੇ ਕਰਨ ਲਈ ਇਸਤੇਮਾਲ ਨਾ ਕੀਤਾ ਜਾਵੇ।
ਪਾਕਿਸਤਾਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਅਫਗਾਨਿਸਤਾਨ ਦੇ ਟੀਟੀਪੀ ਦੇ ਅੱਤਵਾਦੀਆਂ 'ਤੇ ਹਵਾਈ ਹਮਲੇ ਕੀਤੇ ਹਨ, ਜਦਕਿ ਪਾਕਿਸਤਾਨ ਦੇ ਅਸ਼ਾਂਤ ਸ਼ਹਿਰਾਂ 'ਚ ਹਾਲ ਹੀ 'ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ (ਐੱਫ.ਓ.) ਨੇ ਕਿਹਾ ਕਿ ਟੀਟੀਪੀ ਦੇ ਹਾਫਿਜ਼ ਗੁਲ ਬਹਾਦੁਰ ਸਮੂਹ ਨਾਲ ਸਬੰਧਤ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਸਮੂਹ ਨੇ ਸ਼ਨੀਵਾਰ ਨੂੰ ਫੌਜ ਦੀ ਇਕ ਚੌਕੀ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ਵਿਚ ਦੋ ਅਫਸਰਾਂ ਸਮੇਤ ਸੱਤ ਜਵਾਨ ਮਾਰੇ ਗਏ ਸਨ।
ਅਫਗਾਨ ਤਾਲਿਬਾਨ ਨੇ ਕਿਹਾ ਕਿ ਪਾਕਿਸਤਾਨੀ ਹਵਾਈ ਹਮਲਿਆਂ 'ਚ ਤਿੰਨ ਬੱਚਿਆਂ ਸਮੇਤ ਘੱਟੋ-ਘੱਟ ਅੱਠ ਨਾਗਰਿਕ ਮਾਰੇ ਗਏ। ਉਨ੍ਹਾਂ ਨੇ ਕਾਬੁਲ ਸਥਿਤ ਪਾਕਿਸਤਾਨੀ ਦੂਤਾਵਾਸ ਦੇ ਇੰਚਾਰਜ ਰਾਜਦੂਤ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਵਾਇਆ। ਜੀਨ-ਪੀਅਰ ਨੇ ਕਿਹਾ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਗੱਲਬਾਤ ਰਾਹੀਂ ਆਪਣੇ ਮਤਭੇਦ ਸੁਲਝਾਉਣੇ ਚਾਹੀਦੇ ਹਨ।
ਉਨ੍ਹਾਂ ਕਿਹਾ, 'ਅਸੀਂ ਉਨ੍ਹਾਂ ਰਿਪੋਰਟਾਂ ਤੋਂ ਜਾਣੂ ਹਾਂ ਕਿ ਪਾਕਿਸਤਾਨ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੀ ਇਕ ਫੌਜੀ ਚੌਕੀ 'ਤੇ ਹਮਲੇ ਦੇ ਜਵਾਬ ਵਿਚ ਅਫਗਾਨਿਸਤਾਨ ਵਿਚ ਹਵਾਈ ਹਮਲੇ ਕੀਤੇ। ਅਸੀਂ ਪਾਕਿਸਤਾਨ ਵਿੱਚ ਹਮਲਿਆਂ ਦੌਰਾਨ ਹੋਏ ਜਾਨੀ ਨੁਕਸਾਨ ਅਤੇ ਅਫਗਾਨਿਸਤਾਨ ਵਿੱਚ ਹੋਏ ਹਮਲਿਆਂ ਦੌਰਾਨ ਆਮ ਨਾਗਰਿਕਾਂ ਦੇ ਹੋਏ ਨੁਕਸਾਨ 'ਤੇ ਡੂੰਘਾ ਅਫਸੋਸ ਪ੍ਰਗਟ ਕਰਦੇ ਹਾਂ।'
ਜੀਨ-ਪੀਅਰੇ ਨੇ ਕਿਹਾ, 'ਅਸੀਂ ਤਾਲਿਬਾਨ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ ਕਿ ਅਫਗਾਨਿਸਤਾਨ ਦੀ ਧਰਤੀ ਤੋਂ ਅੱਤਵਾਦੀ ਹਮਲੇ ਨਾ ਕੀਤੇ ਜਾਣ। ਅਸੀਂ ਪਾਕਿਸਤਾਨ ਨੂੰ ਸੰਜਮ ਵਰਤਣ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ ਕਿ ਅੱਤਵਾਦ ਵਿਰੋਧੀ ਯਤਨਾਂ ਵਿੱਚ ਨਾਗਰਿਕਾਂ ਨੂੰ ਨੁਕਸਾਨ ਨਾ ਪਹੁੰਚੇ।'
ਇੱਕ ਵੱਖਰੀ ਪ੍ਰੈਸ ਕਾਨਫਰੰਸ ਵਿੱਚ ਵਿਦੇਸ਼ ਵਿਭਾਗ ਦੇ ਬੁਲਾਰੇ ਵੇਦਾਂਤ ਪਟੇਲ ਨੇ ਵੀ ਇਹੀ ਗੱਲ ਕਹੀ। ਪਟੇਲ ਨੇ ਇਹ ਵੀ ਕਿਹਾ, 'ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਫਗਾਨਿਸਤਾਨ ਫਿਰ ਤੋਂ ਅੱਤਵਾਦੀਆਂ ਲਈ ਪਨਾਹਗਾਹ ਨਾ ਬਣੇ, ਜੋ ਅਮਰੀਕਾ ਜਾਂ ਸਾਡੇ ਭਾਈਵਾਲਾਂ ਅਤੇ ਸਹਿਯੋਗੀਆਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।'