ਇਸਲਾਮਾਬਾਦ: ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੀ ਬੈਠਕ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਇਸਲਾਮਾਬਾਦ ਦੌਰੇ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਸੁਧਾਰ ਦੀ ਉਮੀਦ ਜਤਾਈ ਹੈ। ਸ਼ਰੀਫ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ 'ਤੇ ਜ਼ੋਰ ਦਿੱਤਾ।
ਇਸਲਾਮਾਬਾਦ ਵਿੱਚ ਇੰਡੀਆ ਟੂਡੇ ਨਾਲ ਗੱਲ ਕਰਦੇ ਹੋਏ ਪੀਐਮਐਲ (ਐਨ) ਦੇ ਸੰਸਥਾਪਕ ਨਵਾਜ਼ ਸ਼ਰੀਫ਼ ਨੇ ਭਾਰਤ-ਪਾਕਿਸਤਾਨ ਸਬੰਧਾਂ ਨੂੰ ਹੋਰ ਵਧਣ ਦੀ ਉਮੀਦ ਜਤਾਈ ਅਤੇ ਕਿਹਾ, "75 ਸਾਲ ਇਸ ਤਰ੍ਹਾਂ ਬੀਤ ਗਏ ਹਨ। ਆਓ ਅਸੀਂ 75 ਸਾਲ ਹੋਰ ਬਰਬਾਦ ਨਾ ਕਰੀਏ।"
ਦੋਹਾਂ ਦੇਸ਼ਾਂ ਵਿਚਾਲੇ ਦਹਾਕਿਆਂ ਤੋਂ ਚੱਲੇ ਆ ਰਹੇ ਤਣਾਅ ਦਾ ਜ਼ਿਕਰ ਕਰਦੇ ਹੋਏ ਸ਼ਰੀਫ ਨੇ ਕਿਹਾ ਕਿ ਸਾਨੂੰ ਉੱਥੋਂ ਸ਼ੁਰੂ ਕਰਨਾ ਚਾਹੀਦਾ ਹੈ ਜਿੱਥੋਂ ਅਸੀਂ ਛੱਡਿਆ ਸੀ। ਉਨ੍ਹਾਂ ਨੇ ਦੋਵਾਂ ਗੁਆਂਢੀ ਦੇਸ਼ਾਂ ਨੂੰ ਸ਼ਾਂਤੀ ਪ੍ਰਕਿਰਿਆ ਨੂੰ ਪਟੜੀ ਤੋਂ ਉਤਰਨ ਨਾ ਦੇਣ ਦੀ ਅਪੀਲ ਕੀਤੀ।
ਚੰਗਾ ਹੁੰਦਾ ਜੇ ਪ੍ਰਧਾਨ ਮੰਤਰੀ ਮੋਦੀ ਆ ਜਾਂਦੇ...
ਸ਼ਰੀਫ਼ ਨੇ ਇਹ ਵੀ ਕਿਹਾ ਕਿ ਚੰਗਾ ਹੁੰਦਾ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਸਸੀਓ ਦੀ ਮੀਟਿੰਗ ਵਿੱਚ ਆਉਂਦੇ। ਉਨ੍ਹਾਂ ਕਿਹਾ, "ਅਸੀਂ ਆਪਣੇ ਗੁਆਂਢੀਆਂ ਨੂੰ ਨਹੀਂ ਬਦਲ ਸਕਦੇ। ਸਾਨੂੰ ਚੰਗੇ ਗੁਆਂਢੀਆਂ ਵਾਂਗ ਰਹਿਣਾ ਚਾਹੀਦਾ ਹੈ।"
ਸ਼ਰੀਫ ਨੇ ਕਿਹਾ ਕਿ ਜੈਸ਼ੰਕਰ ਦੀ ਇਸਲਾਮਾਬਾਦ ਯਾਤਰਾ ਨਾਲ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਅਤੀਤ ਨੂੰ ਪਿੱਛੇ ਛੱਡਣਗੇ ਅਤੇ ਊਰਜਾ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਭਵਿੱਖ ਦੀਆਂ ਸਮੱਸਿਆਵਾਂ ਨਾਲ ਸਾਂਝੇ ਤੌਰ 'ਤੇ ਨਜਿੱਠਣਗੇ।
ਆਪਣੀ ਪਾਕਿਸਤਾਨ ਫੇਰੀ ਦੌਰਾਨ ਐਸਸੀਓ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਜੈਸ਼ੰਕਰ ਨੇ ਨਵਾਜ਼ ਸ਼ਰੀਫ਼ ਦੇ ਕਰੀਬੀ ਸਹਿਯੋਗੀ ਅਤੇ ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਮੁਲਾਕਾਤ ਕੀਤੀ ਸੀ। ਐਸਸੀਓ ਦੀ ਮੀਟਿੰਗ ਵਿੱਚ ਆਪਣੇ ਭਾਸ਼ਣ ਵਿੱਚ ਜੈਸ਼ੰਕਰ ਨੇ ਪਾਕਿਸਤਾਨ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਅੱਤਵਾਦ, ਕੱਟੜਵਾਦ ਅਤੇ ਵੱਖਵਾਦ ਦੀਆਂ ਘਟਨਾਵਾਂ ਕਦੇ ਵੀ ਸਰਹੱਦ ਪਾਰ ਵਪਾਰ, ਸੰਪਰਕ ਅਤੇ ਊਰਜਾ ਪ੍ਰਵਾਹ ਨੂੰ ਉਤਸ਼ਾਹਿਤ ਨਹੀਂ ਕਰਨਗੀਆਂ।
- ਖਾਲਿਸਤਾਨੀ ਅੱਤਵਾਦੀ ਪੰਨੂ ਦਾ ਕਬੂਲਨਾਮਾ, ਕਿਹਾ-ਕੈਨੇਡਾ ਦੇ PM ਟਰੂਡੋ ਨਾਲ ਮੇਰੇ ਸਿੱਧੇ ਸਬੰਧ, ਟਰੂਡੋ ਦਾ ਵੀ ਵੱਡਾ ਬਿਆਨ ਆਇਆ ਸਾਹਮਣੇ
- ਜੈਸ਼ੰਕਰ ਨੇ ਮਹਿਮਾਨ ਨਵਾਜ਼ੀ ਲਈ ਪਾਕਿਸਤਾਨ ਦਾ ਧੰਨਵਾਦ ਕੀਤਾ, ਭਾਰਤ ਨੇ SCO ਮੀਟਿੰਗ ਵਿੱਚ BRI 'ਤੇ ਇਤਰਾਜ਼ ਜਤਾਇਆ
- ਭਾਰਤ ਨੇ ਟਰੂਡੋ ਦੀ ਕੀਤੀ ਅਲੋਚਨਾ, ਕਿਹਾ-ਰਿਸ਼ਤਿਆਂ ਨੂੰ ਵਿਗਾੜਨ ਲਈ ਸਿਰਫ਼ ਕੈਨੇਡੀਅਨ ਪ੍ਰਧਾਨ ਮੰਤਰੀ ਹੀ ਜ਼ਿੰਮੇਵਾਰ