ਨਵੀਂ ਦਿੱਲੀ— ਭਾਰਤ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਦੁਰਗਾ ਪੂਜਾ ਪੰਡਾਲ 'ਤੇ ਹੋਏ ਹਮਲੇ ਅਤੇ ਸਤਖੀਰਾ ਦੇ ਜੇਸ਼ੋਰੇਸ਼ਵਰੀ ਕਾਲੀ ਮੰਦਰ 'ਚ ਚੋਰੀ ਦੀ ਘਟਨਾ ਨੂੰ ਘਿਨਾਉਣੀ ਕਾਰਵਾਈ ਕਰਾਰ ਦਿੱਤਾ ਹੈ। ਭਾਰਤ ਨੇ ਹਿੰਦੂ ਭਾਈਚਾਰੇ ਵਿਰੁੱਧ ਇਨ੍ਹਾਂ ਅਣਮਨੁੱਖੀ ਘਟਨਾਵਾਂ ਦੀ ਨਿਖੇਧੀ ਕਰਦਿਆਂ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਨਾਲ ਹੀ, ਬੰਗਲਾਦੇਸ਼ ਸਰਕਾਰ ਨੂੰ ਹਿੰਦੂਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਕ ਬਿਆਨ 'ਚ ਕਿਹਾ, ''ਅਸੀਂ ਢਾਕਾ ਦੇ ਤੰਤੀਬਾਜ਼ਾਰ 'ਚ ਪੂਜਾ ਮੰਦਰ 'ਤੇ ਹੋਏ ਹਮਲੇ ਅਤੇ ਸਤਖੀਰਾ 'ਚ ਪ੍ਰਸਿੱਧ ਜੇਸ਼ੋਰੇਸ਼ਵਰੀ ਕਾਲੀ ਮੰਦਰ 'ਚ ਚੋਰੀ ਦੀ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਇਹ ਘਟਨਾਵਾਂ ਨਿੰਦਣਯੋਗ ਹਨ"। ਹਿੰਦੂਆਂ ਅਤੇ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਦਾ ਸੱਦਾ ਦਿੰਦੇ ਹੋਏ, ਜੈਸਵਾਲ ਨੇ ਕਿਹਾ, "ਅਸੀਂ ਬੰਗਲਾਦੇਸ਼ ਸਰਕਾਰ ਨੂੰ ਹਿੰਦੂਆਂ ਅਤੇ ਸਾਰੀਆਂ ਘੱਟ ਗਿਣਤੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪੂਜਾ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ, ਖਾਸ ਕਰਕੇ ਇਸ ਪਵਿੱਤਰ ਤਿਉਹਾਰ ਦੌਰਾਨ।"
ਦੁਰਗਾ ਪੂਜਾ ਪੰਡਾਲ 'ਤੇ ਸੁੱਟੇ ਗਏ 'ਕੱਚੇ ਬੰਬ'
ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਪੁਰਾਣੇ ਢਾਕਾ ਦੇ ਤਾਂਤੀਬਾਜ਼ਾਰ ਇਲਾਕੇ 'ਚ ਦੁਰਗਾ ਪੂਜਾ ਪੰਡਾਲ 'ਤੇ 'ਕੱਚਾ ਬੰਬ' ਸੁੱਟੇ ਜਾਣ ਦੀ ਘਟਨਾ ਤੋਂ ਬਾਅਦ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੰਬ ਸੁੱਟੇ ਜਾਣ ਤੋਂ ਬਾਅਦ ਪੰਡਾਲ ਵਿੱਚ ਥੋੜ੍ਹੀ ਜਿਹੀ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਰਿਪੋਰਟ ਮੁਤਾਬਕ ਪੁਲਿਸ ਨੇ ਕੱਚ ਦੀ ਬੋਤਲ 'ਚ ਪੈਟਰੋਲ ਭਰ ਕੇ ਬਣਾਇਆ ਬੰਬ ਬਰਾਮਦ ਕੀਤਾ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ (ਸਥਾਨਕ ਸਮੇਂ ਅਨੁਸਾਰ) ਵਾਪਰੀ। ਸਥਾਨਕ ਲੋਕਾਂ ਮੁਤਾਬਕ ਕੁਝ ਨੌਜਵਾਨਾਂ ਨੇ ਪੂਜਾ ਪੰਡਾਲ ਦੇ ਕੋਲ ਵਾਲੀ ਗਲੀ ਵਿੱਚੋਂ ਬੋਤਲਾਂ ਸੁੱਟ ਦਿੱਤੀਆਂ। ਜਦੋਂ ਵਾਲੰਟੀਅਰ ਹਮਲਾਵਰਾਂ ਦੇ ਪਿੱਛੇ ਭੱਜੇ ਤਾਂ ਉਨ੍ਹਾਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ 'ਚ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋਏ ਹਨ।
Our statement on attack on Puja Mandap and desecration and damage to Hindu temples in Bangladesh:https://t.co/KXGnXLhgjq pic.twitter.com/Ty746nPn5c
— Randhir Jaiswal (@MEAIndia) October 12, 2024
ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ
ਇਸ ਦੌਰਾਨ, ਪੂਜਾ ਪੰਡਾਲ 'ਤੇ ਹਮਲੇ ਤੋਂ ਬਾਅਦ, ਢਾਕਾ ਮੈਟਰੋਪੋਲੀਟਨ ਪੁਲਿਸ (ਡੀਐਮਪੀ) ਦੀ ਡਿਟੈਕਟਿਵ ਬ੍ਰਾਂਚ (ਡੀਬੀ) ਦੇ ਵਧੀਕ ਕਮਿਸ਼ਨਰ ਰੇਜਾਉਲ ਕਰੀਮ ਮਲਿਕ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਦੱਸਿਆ ਕਿ ਇਹ ਹਮਲਾ ਲੁੱਟ-ਖੋਹ ਦੀ ਘਟਨਾ ਨੂੰ ਲੈ ਕੇ ਹੋਇਆ ਹੈ। ਮੌਕੇ ਤੋਂ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।