ਲੁਧਿਆਣਾ: ਦੇਸ਼ ਭਰ ਵਿੱਚ ਹਰ ਸਾਲ 14 ਨਵੰਬਰ ਨੂੰ ਵਿਸ਼ਵ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਸ਼ਵ ਭਰ ਵਿੱਚ ਸ਼ੂਗਰ ਦੀ ਬਿਮਾਰੀ ਦੇ ਵੱਧ ਰਹੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਸ਼ੂਗਰ ਇੱਕ ਗੰਭੀਰ ਬਿਮਾਰੀ ਹੈ, ਜਿਸ ਵਿੱਚ ਵਿਅਕਤੀ ਦੇ ਸਰੀਰ ਦੇ ਅੰਦਰ ਬਲੱਡ ਸ਼ੂਗਰ ਲੈਵਲ ਬੇਕਾਬੂ ਹੋ ਜਾਂਦਾ ਹੈ। ਜੇਕਰ ਸ਼ੂਗਰ ਦਾ ਪੱਧਰ ਆਮ ਨਾਲੋਂ ਵੱਧ ਹੋ ਜਾਵੇ, ਤਾਂ ਸਰੀਰ ਦੇ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ।
ਸ਼ੂਗਰ ਵਧਣ ਕਾਰਨ ਹੋਣ ਵਾਲੇ ਨੁਕਸਾਨ
ਸ਼ੂਗਰ ਵਧਣ ਨਾਲ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕੁਝ ਨੁਕਸਾਨ ਹੇਠ ਲਿਖੇ ਅਨੁਸਾਰ ਹਨ:-
- ਸ਼ੂਗਰ ਵਧਣ ਨਾਲ ਜਿਗਰ, ਕਿਡਨੀ ਅਤੇ ਸਰੀਰ ਦੇ ਹੋਰਨਾਂ ਅੰਗਾਂ 'ਤੇ ਅਸਰ ਦੇਖਣ ਨੂੰ ਮਿਲਦਾ ਹੈ।
- ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
- ਅੱਖਾਂ ਦੀ ਰੋਸ਼ਨੀ 'ਤੇ ਵੀ ਇਸ ਦਾ ਪ੍ਰਭਾਵ ਪੈਂਦਾ ਹੈ। ਡਾਕਟਰਾਂ ਦੀ ਮੰਨੀਏ ਤਾਂ ਅੱਖਾਂ ਦੀ ਰੋਸ਼ਨੀ ਜਾਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਸ਼ੂਗਰ ਦੀ ਬਿਮਾਰੀ ਹੈ, ਜੋ ਕਿ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ।
ਸ਼ੂਗਰ ਦੀ ਬਿਮਾਰੀ ਕਿਵੇਂ ਹੁੰਦੀ ਹੈ?
ਯੂਨਾਈਟਡ ਕਿੰਗਡਮ ਤੋਂ ਡਾਇਬਟੀਜ 'ਤੇ ਫੈਲੋਸ਼ਿਪ ਕਰ ਚੁੱਕੀ ਐਮਡੀ ਡਾਕਟਰ ਰਿਸ਼ੂ ਭਨੋਟ ਸ਼ੂਗਰ ਦੀ ਬਿਮਾਰੀ 'ਤੇ ਕਈ ਸਾਲਾਂ ਤੋਂ ਪ੍ਰੈਕਟਿਸ ਕਰ ਰਹੀ ਹੈ। ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਸਮੱਸਿਆ ਪੂਰੇ ਵਿਸ਼ਵ ਭਰ ਦੇ ਲੋਕਾਂ ਵਿੱਚ ਹੈ ਪਰ ਜ਼ਿਆਦਾ ਸਮੱਸਿਆ ਭਾਰਤੀਆਂ ਦੇ ਅੰਦਰ ਦੇਖਣ ਨੂੰ ਮਿਲਦੀ ਹੈ। 20 ਫੀਸਦੀ ਤੱਕ ਇਸ ਬਿਮਾਰੀ ਦਾ ਤੁਹਾਡੇ ਪਰਿਵਾਰਿਕ ਪਿਛੋਕੜ ਕਰਕੇ ਅਸਰ ਰਹਿੰਦਾ ਹੈ ਜਦਕਿ 80 ਫੀਸਦੀ ਅਸਰ ਸਾਡੇ ਆਮ ਜਨ ਜੀਵਨ ਕਰਕੇ ਹੈ। ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਕੋਈ ਵੀ ਖੁਰਾਕ ਖਾਂਦੇ ਹਾਂ ਤਾਂ ਉਸ ਵਿੱਚ ਮੌਜੂਦ ਸ਼ੂਗਰ ਜਦੋਂ ਸਾਡੇ ਸਰੀਰ 'ਚ ਜਾਂਦੀ ਹੈ ਤਾਂ ਉਸ ਨੂੰ ਕੰਟਰੋਲ ਕਰਨ ਲਈ ਸਾਡੇ ਸਰੀਰ ਦੇ ਅੰਦਰ ਪੈਨਕਿਰਿਆਜ ਲੋੜੀਂਦੀ ਮਾਤਰਾ ਵਿੱਚ ਇੰਸੂਲਿਨ ਛੱਡਦਾ ਹੈ ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਪਰ ਸਾਡੀ ਲਾਈਫ ਸਟਾਈਲ ਅਤੇ ਸਾਡੀ ਵਧਦੀ ਉਮਰ ਦੇ ਨਾਲ ਸਾਡਾ ਪੈਨਕਿਰਿਆਜ ਕੰਮ ਕਰਨਾ ਘੱਟ ਕਰ ਦਿੰਦਾ ਹੈ ਜਿਸ ਕਰਕੇ ਇੰਸੂਲਿਨ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਸ਼ੂਗਰ ਦੀ ਮਾਤਰਾ ਸਾਡੇ ਸਰੀਰ ਦੇ ਅੰਦਰ ਵਧਣ ਕਰਕੇ ਸ਼ੂਗਰ ਦੀ ਬਿਮਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ।
ਸ਼ੂਗਰ ਦੀ ਜਾਂਚ ਕਿੰਨੀ ਵਾਰ ਕਰਵਾਉਂਣੀ ਚਾਹੀਦੀ ਹੈ?
ਡਾਕਟਰ ਰਿਸ਼ੂ ਨੇ ਦੱਸਿਆ ਕਿ ਸ਼ੂਗਰ ਕਈ ਤਰ੍ਹਾਂ ਦੀ ਹੁੰਦੀ ਹੈ। ਬੱਚਿਆਂ ਵਿੱਚ ਹੋਣ ਵਾਲੀ ਸ਼ੂਗਰ ਅਲੱਗ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੂਗਰ ਦੇ ਵੱਖ-ਵੱਖ ਪੱਧਰ ਹਨ। ਸਾਨੂੰ ਸਮੇਂ ਸਿਰ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ। ਜੋ ਸਿਹਤਮੰਦ ਨੌਜਵਾਨ ਹਨ, ਉਨ੍ਹਾਂ ਨੂੰ ਸਾਲ 'ਚ ਇੱਕ ਵਾਰ ਅਤੇ ਬਾਕੀਆਂ ਨੂੰ ਛੇ ਮਹੀਨੇ ਜਾਂ ਤਿੰਨ ਮਹੀਨੇ 'ਚ ਇੱਕ ਵਾਰ ਸ਼ੂਗਰ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਸ਼ੂਗਰ ਦਾ ਘੱਟ ਅਤੇ ਵੱਧ ਹੋਣਾ ਸਾਡੇ ਸਰੀਰ ਦੇ ਅੰਗਾਂ ਲਈ ਹਾਨੀਕਾਰਕ ਹੈ, ਕਿਉਂਕਿ ਇਸ ਦਾ ਸਿੱਧਾ ਅਸਰ ਸਾਡੇ ਆਰਗਨ 'ਤੇ ਪੈਂਦਾ ਹੈ। ਡਾਕਟਰ ਰਿਸ਼ੂ ਅਨੁਸਾਰ, ਸਹੀ ਲਾਈਫ ਸਟਾਈਲ ਬਹੁਤ ਜ਼ਰੂਰੀ ਹੈ। ਜਿਆਦਾ ਐਲਕੋਹਲ ਲੈਣਾ ਜਾਂ ਫਿਰ ਜਿਆਦਾ ਫਾਸਟ ਫੂਡ ਆਦਿ ਦਾ ਇਸਤੇਮਾਲ ਕਰਨਾ ਸ਼ੂਗਰ ਦਾ ਮੁੱਖ ਕਾਰਨ ਬਣ ਸਕਦਾ ਹੈ।
ਸ਼ੂਗਰ ਨੂੰ ਕੰਟਰੋਲ ਕਰਨ ਲਈ ਕੀ ਕੀਤਾ ਜਾ ਸਕਦਾ ਹੈ?
ਡਾਕਟਰ ਰਿਸ਼ੂ ਨੇ ਦੱਸਿਆ ਕਿ 14 ਨਵੰਬਰ ਨੂੰ ਵਿਸ਼ਵ ਭਰ ਵਿੱਚ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ, ਕਿਉਂਕਿ ਇਹ ਗੰਭੀਰ ਬਿਮਾਰੀ ਹੈ ਅਤੇ ਇਹ ਬਿਮਾਰੀ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਸ ਤੋਂ ਬਚਣ ਲਈ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਹੇਠਾ ਦਿੱਤੇ ਤਰੀਕੇ ਅਪਣਾ ਸਕਦੇ ਹੋ:-
- ਹਰ ਰੋਜ਼ 30 ਮਿੰਟ ਦੇ ਕਰੀਬ ਕਸਰਤ ਕਰਨੀ ਚਾਹੀਦੀ ਹੈ ਅਤੇ ਹਫ਼ਤੇ 'ਚ ਪੰਜ ਦਿਨ ਕਸਰਤ ਕਰਨੀ ਚਾਹੀਦੀ ਹੈ।
- ਫਾਸਟ ਫੂਡ ਦੀ ਘੱਟ ਤੋਂ ਘੱਟ ਵਰਤੋਂ ਕਰੋ।
- ਸਬਜ਼ੀਆਂ ਜ਼ਿਆਦਾ ਤੋਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ, ਕਿਉਂਕਿ ਸਬਜ਼ੀਆਂ ਵਿੱਚ ਸ਼ੂਗਰ ਦੀ ਮਾਤਰਾ ਬਾਕੀ ਹੋਰ ਚੀਜ਼ਾਂ ਦੇ ਮੁਕਾਬਲੇ ਕਾਫੀ ਘੱਟ ਹੁੰਦੀ ਹੈ ਅਤੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
- ਆਪਣੀ ਖੁਰਾਕ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਖਾਣਾ ਚਾਹੀਦਾ, ਜਿਸ ਵਿੱਚ ਘੱਟੋ-ਘੱਟ 50 ਫੀਸਦੀ ਖੁਰਾਕ ਅਜਿਹੀ ਹੋਵੇ ਜਿਸ ਵਿੱਚ ਉਬਲੀਆਂ ਸਬਜ਼ੀਆਂ ਹੋਣ।
- ਇਸ ਤੋਂ ਇਲਾਵਾ, ਘੱਟ ਤੋਂ ਘੱਟ ਕਣਕ ਦੀ ਵਰਤੋਂ ਕਰੋ। ਕਣਕ ਦੀ ਜਗ੍ਹਾ ਬਾਜਰਾ ਅਤੇ ਰਾਗੀ ਆਦਿ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਜਾਂ ਫਿਰ ਇਨ੍ਹਾਂ ਸਾਰਿਆਂ ਨੂੰ ਮਿਲਾ ਕੇ ਖਾਣਾ ਚਾਹੀਦਾ ਹੈ ਤਾਂ ਜੋ ਸਾਡੇ ਸਰੀਰ ਦੇ ਵਿੱਚ ਹਰ ਲੋੜਿੰਦੀ ਮਾਤਰਾ ਵਿੱਚ ਵਿਟਾਮਿਨ ਪੂਰੇ ਹੋਣ।
ਉਮਰ ਦੇ ਹਿਸਾਬ ਨਾਲ ਸ਼ੂਗਰ ਦਾ ਪੱਧਰ
ਡਾਕਟਰ ਰਿਸ਼ੂ ਦੱਸਦੇ ਹਨ ਕਿ ਉਮਰ ਦੇ ਹਿਸਾਬ ਨਾਲ ਸ਼ੂਗਰ ਦਾ ਪੱਧਰ ਅਲੱਗ ਹੁੰਦਾ ਹੈ। ਜੇਕਰ ਕੋਈ ਨੌਜਵਾਨ ਹੈ ਤਾਂ ਉਸ ਦੀ ਸ਼ੂਗਰ ਦਾ ਪੱਧਰ ਬਿਨ੍ਹਾਂ ਰੋਟੀ ਖਾਦੇ 120 ਤੋਂ ਜਿਆਦਾ ਨਹੀਂ ਹੋਣਾ ਚਾਹੀਦਾ ਅਤੇ ਜੇਕਰ ਰੋਟੀ ਖਾਣ ਤੋਂ ਬਾਅਦ 140 ਜਾਂ 160 ਤੱਕ ਵੀ ਜਾਂਦਾ ਹੈ ਤਾਂ ਠੀਕ ਹੈ। ਪਰ ਜੇਕਰ ਉਸ ਤੋਂ ਉੱਪਰ ਸ਼ੂਗਰ ਦਾ ਪੱਧਰ ਜਾਂਦਾ ਹੈ ਤਾਂ ਉਹ ਇਨਸਾਨ ਸ਼ੂਗਰ ਦੀ ਬਿਮਾਰੀ ਤੋਂ ਗ੍ਰਸਤ ਹੈ। ਇਸ ਕਰਕੇ ਉਸ ਨੂੰ ਆਪਣੀ ਜੀਵਨ ਸ਼ਾਲੀ ਵਿੱਚ ਬਦਲਾਅ ਕਰਨ ਦੀ ਲੋੜ ਹੈ। ਡਾਕਟਰ ਦੇ ਅਨੁਸਾਰ, ਚੰਗਾ ਜੀਵਨ ਜਿਉਣਾ ਅਤੇ ਚੰਗੀ ਕਸਰਤ ਨਾਲ ਸ਼ੂਗਰ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:-