ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਕੋਈ ਫਿੱਟ ਦਿਖਣਾ ਚਾਹੁੰਦਾ ਹੈ। ਪਰ ਅੱਜ ਕੱਲ੍ਹ ਹਰ ਕੋਈ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਕਾਰਨ ਮੋਟਾਪੇ ਦਾ ਸ਼ਿਕਾਰ ਹੋ ਰਿਹਾ ਹੈ। ਖਾਸ ਕਰਕੇ 40 ਸਾਲ ਦੀ ਉਮਰ ਤੋਂ ਬਾਅਦ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਮੁੱਖ ਕਾਰਨ ਸਰੀਰਕ ਗਤੀਵਿਧੀਆਂ ਦੀ ਕਮੀ, ਖਾਣ-ਪੀਣ ਦੀਆਂ ਗਲਤ ਆਦਤਾਂ, ਕੰਮ ਦਾ ਜ਼ਿਆਦਾ ਤਣਾਅ ਅਤੇ ਹਾਰਮੋਨਲ ਬਦਲਾਅ ਆਦਿ ਹਨ। ਨਿਊਯਾਰਕ ਦੇ ਮਾਹਿਰਾਂ ਅਨੁਸਾਰ, ਸਹੀ ਰਣਨੀਤੀ ਨਾਲ ਭਾਰ ਘਟਾਇਆ ਜਾ ਸਕਦਾ ਹੈ।
ਮਸ਼ਹੂਰ ਗੈਸਟ੍ਰੋਐਂਟਰੌਲੋਜਿਸਟ ਡਾ: ਟੀ ਲਕਸ਼ਮੀ ਕਾਂਤ ਭਾਰ ਘਟਾਉਣ ਲਈ ਸਹੀ ਖੁਰਾਕ ਦੀ ਪਾਲਣਾ ਕਰਨ ਦੀ ਸਿਫਾਰਸ਼ ਕਰਦੇ ਹਨ। ਡਾ: ਟੀ ਲਕਸ਼ਮੀ ਕਾਂਤ ਅਨੁਸਾਰ,"ਜੇਕਰ ਲੋਕ ਆਪਣੀ ਡਾਈਟ 'ਚ ਕੁਝ ਬਦਲਾਅ ਕਰਨ, ਤਾਂ 40 ਸਾਲ ਤੋਂ ਬਾਅਦ ਵੀ ਉਨ੍ਹਾਂ ਦਾ ਭਾਰ ਕੰਟਰੋਲ 'ਚ ਰਹਿ ਸਕਦਾ ਹੈ।"
40 ਸਾਲ ਤੋਂ ਬਾਅਦ ਵੀ ਸਿਹਤਮੰਦ ਰਹਿਣ ਲਈ ਖੁਰਾਕ:
ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਜ਼ਿਆਦਾ ਸੇਵਨ ਕਰੋ: ਹਰੀਆਂ ਸਬਜ਼ੀਆਂ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਇਹ ਪੋਸ਼ਕ ਤੱਤ ਅਤੇ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ। ਇਸ ਲਈ ਇਨ੍ਹਾਂ ਨੂੰ ਖਾਣ ਤੋਂ ਬਾਅਦ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਪੇਟ ਭਰਿਆ ਮਹਿਸੂਸ ਹੁੰਦਾ ਹੈ। ਜ਼ਿਆਦਾ ਪੌਸ਼ਟਿਕ ਤੱਤਾਂ ਦੇ ਨਾਲ ਕੈਲੋਰੀ ਘੱਟ ਕਰਨ ਲਈ ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
ਕਸਰਤ: ਭਾਰ ਘਟਾਉਣ ਦਾ ਸਭ ਤੋਂ ਮਹੱਤਵਪੂਰਨ ਤਰੀਕਾ ਹੈ ਆਪਣੇ ਸਰੀਰ ਨੂੰ ਹਮੇਸ਼ਾ ਕਿਰਿਆਸ਼ੀਲ ਰੱਖਣਾ। ਇਸ ਲਈ ਰੋਜ਼ਾਨਾ ਸਵੇਰੇ-ਸ਼ਾਮ ਸੈਰ ਕਰੋ ਅਤੇ ਯੋਗਾ ਜਾਂ ਕਸਰਤ ਕਰੋ। ਪੈਦਲ ਚੱਲਣ ਦੇ ਨਾਲ-ਨਾਲ ਤੁਸੀਂ ਸਾਈਕਲ ਵੀ ਚਲਾ ਸਕਦੇ ਹੋ। ਸਰੀਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਵੋ, ਜਿਵੇਂ ਕਿ ਦੋਸਤਾਂ ਨਾਲ ਖੇਡਣਾ ਅਤੇ ਨੱਚਣਾ। ਹਫ਼ਤੇ ਦੇ 5 ਦਿਨ ਘੱਟੋ-ਘੱਟ 45 ਮਿੰਟ ਕਸਰਤ ਕਰੋ। ਮਾਸਪੇਸ਼ੀ ਬਣਾਉਣ ਦੀਆਂ ਕਸਰਤਾਂ ਕਰੋ, ਜਿਵੇਂ ਵੇਟਲਿਫਟਿੰਗ।
ਤਣਾਅ ਮੁਕਤ ਰਹੋ: ਬਹੁਤ ਜ਼ਿਆਦਾ ਤਣਾਅ ਕਾਰਨ ਵੀ ਭਾਰ ਵੱਧ ਸਕਦਾ ਹੈ। ਇਸ ਲਈ ਯੋਗਾ, ਧਿਆਨ, ਪ੍ਰਾਣਾਯਾਮ ਵਰਗੇ ਤਣਾਅ ਮੁਕਤ ਅਭਿਆਸ ਕਰੋ। ਇਸਦੇ ਨਾਲ ਹੀ, ਰਾਤ ਨੂੰ ਘੱਟ ਤੋਂ ਘੱਟ 8 ਘੰਟੇ ਦੀ ਨੀਂਦ ਲੈਣ ਦੀ ਕੋਸ਼ਿਸ਼ ਕਰੋ, ਕਿਉਂਕਿ ਪੂਰੀ ਨੀਂਦ ਨਾ ਲੈਣ ਨਾਲ ਵੀ ਭਾਰ ਵੱਧ ਸਕਦਾ ਹੈ।
ਓਟਸ ਖਾਓ: ਆਪਣੇ ਦਿਨ ਦੀ ਸ਼ੁਰੂਆਤ ਓਟਸ ਨਾਲ ਕਰੋ। ਨਾਸ਼ਤੇ ਵਿੱਚ ਓਟਸ ਦੀ ਵਰਤੋਂ ਕਰੋ। ਇਸ ਨੂੰ ਖਾਣ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗੇਗੀ। ਜ਼ਿਆਦਾ ਸਨੈਕਸ ਖਾਣ ਦੀ ਬਜਾਏ ਤੁਸੀਂ ਓਟਸ ਖਾ ਸਕਦੇ ਹੋ।
ਭੋਜਨ ਇੱਕ ਵਾਰ 'ਚ ਨਾ ਖਾਓ: ਆਪਣੀ ਭੁੱਖ ਨੂੰ ਪੂਰਾ ਕਰਨ ਲਈ ਆਪਣਾ ਢਿੱਡ ਇੱਕ ਵਾਰ ਭਰਨ ਦੀ ਬਜਾਏ ਥੋੜ੍ਹਾ-ਥੋੜ੍ਹਾ ਕਰਕੇ ਭੋਜਨ ਖਾਓ। ਜਿੱਥੇ ਤੁਹਾਨੂੰ ਇੱਕ ਵਾਰ ਭੋਜਨ ਇਕੱਠਾ ਖਾਣਾ ਹੈ, ਉੱਥੇ ਤੁਸੀਂ ਦੋ ਵਾਰ ਖਾ ਸਕਦੇ ਹੋ।
ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਨੂੰ ਬਦਲੋ:
- ਦੁਪਹਿਰ 3 ਵਜੇ ਤੋਂ ਪਹਿਲਾਂ ਖਾਣਾ ਖਾਣ ਦੀ ਕੋਸ਼ਿਸ਼ ਕਰੋ।
- ਦਿਨ ਵਿੱਚ ਜਲਦੀ ਖਾਣਾ ਖਾਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
- ਨਾਸ਼ਤਾ ਕਦੇ ਨਾ ਛੱਡੋ। ਇਸ ਨਾਲ ਭੁੱਖ ਕੰਟਰੋਲ ਹੁੰਦੀ ਹੈ ਅਤੇ ਦਿਨ 'ਚ ਜ਼ਿਆਦਾ ਖਾਣਾ ਨਹੀਂ ਖਾਣਾ ਪੈਂਦਾ।
- ਭਰਪੂਰ ਪਾਣੀ ਪੀਓ। ਹਰ ਸਮੇਂ ਹਾਈਡਰੇਟਿਡ ਰਹਿਣਾ ਬਹੁਤ ਜ਼ਿਆਦਾ ਭੁੱਖ ਅਤੇ ਭਾਰ ਵਧਣ ਤੋਂ ਰੋਕਦਾ ਹੈ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:
ਜ਼ਿਆਦਾ ਸ਼ਰਾਬ ਪੀਣ ਤੋਂ ਬਚੋ: ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਭੁੱਖ ਵੱਧ ਸਕਦੀ ਹੈ ਅਤੇ ਭਾਰ ਵੱਧ ਸਕਦਾ ਹੈ। ਇਸ ਦੇ ਨਾਲ ਹੀ, ਸਾਫਟ ਡਰਿੰਕਸ ਦੀ ਬਜਾਏ ਘੱਟ ਕੈਲੋਰੀ ਵਾਲੇ ਡਰਿੰਕਸ ਅਤੇ ਪਾਣੀ ਪੀਓ। ਜ਼ਿਆਦਾ ਖੰਡ ਵਾਲੀ ਚਾਹ ਅਤੇ ਕੌਫੀ ਪੀਣ ਤੋਂ ਬਚੋ।
ਹੈਲਥ ਚੈੱਕਅਪ: ਜੇਕਰ ਤੁਹਾਡਾ ਭਾਰ ਸਹੀ ਢੰਗ ਨਾਲ ਕਸਰਤ ਕਰਨ ਅਤੇ ਸਿਹਤਮੰਦ ਖੁਰਾਕ ਲੈਣ ਦੇ ਬਾਵਜੂਦ ਵੱਧ ਰਿਹਾ ਹੈ, ਤਾਂ ਤੁਹਾਨੂੰ ਥਾਇਰਾਇਡ ਦੀ ਸਮੱਸਿਆ ਹੋ ਸਕਦੀ ਹੈ। ਆਪਣੇ ਥਾਇਰਾਇਡ ਦੀ ਜਾਂਚ ਕਰਵਾਓ। ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ 40 ਸਾਲ ਤੋਂ ਬਾਅਦ ਵੀ ਆਪਣਾ ਭਾਰ ਕੰਟਰੋਲ ਕਰ ਸਕਦੇ ਹੋ ਅਤੇ ਫਿੱਟ ਰਹਿ ਸਕਦੇ ਹੋ। ਆਪਣੀ ਖੁਰਾਕ ਵਿੱਚ ਛੋਟੀਆਂ-ਛੋਟੀਆਂ ਤਬਦੀਲੀਆਂ ਕਰਕੇ ਅਤੇ ਰੋਜ਼ਾਨਾ ਕਸਰਤ ਕਰਕੇ ਤੁਸੀਂ ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹੋ।
ਇਹ ਵੀ ਪੜ੍ਹੋ:-