ਹੈਦਰਾਬਾਦ: ਸਕ੍ਰੀਨ ਨੂੰ ਲੰਬੇ ਸਮੇਂ ਤੱਕ ਦੇਖਣ ਕਾਰਨ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ, ਉਨ੍ਹਾਂ ਦੇ ਦਿਮਾਗ ਅਤੇ ਉਨ੍ਹਾਂ ਦੀ ਸਰੀਰਕ ਸਿਹਤ 'ਤੇ ਹੋਣ ਵਾਲੇ ਪ੍ਰਭਾਵਾਂ 'ਤੇ ਸਾਲਾਂ ਦੌਰਾਨ ਬਹੁਤ ਖੋਜ ਕੀਤੀ ਗਈ ਹੈ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਨਿਯੰਤਰਿਤ ਸਮੇਂ ਤੱਕ ਮੋਬਾਈਲ, ਟੀ.ਵੀ, ਕੰਪਿਊਟਰ ਜਾਂ ਕੋਈ ਹੋਰ ਸਕ੍ਰੀਨ ਦੇਖਣ ਦਾ ਕੋਈ ਸਿੱਧਾ ਨੁਕਸਾਨ ਨਹੀਂ ਹੈ, ਪਰ ਜੇਕਰ ਸਕ੍ਰੀਨ ਦਾ ਸਮਾਂ ਰੋਜ਼ਾਨਾ 4-5 ਘੰਟੇ ਜਾਂ ਇਸ ਤੋਂ ਵੱਧ ਹੋਵੇ, ਤਾਂ ਇਸ ਨਾਲ ਹਰ ਉਮਰ ਦੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਖੋਜ 'ਚ ਹੋਇਆ ਖੁਲਾਸਾ: ਸਕ੍ਰੀਨ ਟਾਈਮ ਦੇ ਨੁਕਸਾਨ ਬੱਚਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਇਸ ਨਾਲ ਬੱਚਿਆ ਦਾ ਮਾਨਸਿਕ ਵਿਕਾਸ ਪ੍ਰਭਾਵਿਤ ਹੋਣ ਤੋਂ ਇਲਾਵਾ ਹੋਰ ਵੀ ਕਈ ਸਮੱਸਿਆਵਾਂ ਦਾ ਖਤਰਾ ਵਧ ਸਕਦਾ ਹੈ। ਕੁਈਨਜ਼ਲੈਂਡ ਯੂਨੀਵਰਸਿਟੀ ਦੇ ਸਕੂਲ ਆਫ਼ ਹੈਲਥ ਐਂਡ ਰੀਹੈਬਲੀਟੇਸ਼ਨ ਸਾਇੰਸਿਜ਼ ਦੇ ਖੋਜਕਾਰਾ ਦੁਆਰਾ ਕਰਵਾਈ ਗਈ ਇੱਕ ਖੋਜ ਵਿੱਚ ਦੁਨੀਆ ਭਰ ਦੇ 400,000 ਤੋਂ ਵੱਧ ਬੱਚਿਆਂ 'ਤੇ ਬਹੁਤ ਜ਼ਿਆਦਾ ਸਕ੍ਰੀਨ ਸਮੇਂ ਦੇ ਪ੍ਰਭਾਵਾਂ ਦਾ ਅਧਿਐਨ ਕੀਤਾ ਗਿਆ। ਜਿਸ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਹਰ ਰੋਜ਼ ਕਿਸੇ ਵੀ ਤਰ੍ਹਾਂ ਦੀ ਸਕ੍ਰੀਨ ਦੇ ਸਾਹਮਣੇ ਲਗਾਤਾਰ ਦੋ ਘੰਟੇ ਤੋਂ ਵੱਧ ਸਮਾਂ ਬਿਤਾਉਣ ਵਾਲੇ ਬੱਚਿਆਂ ਵਿੱਚ ਸਰੀਰਕ ਅਤੇ ਮਾਨਸਿਕ, ਦ੍ਰਿਸ਼ਟੀ ਦੀ ਕਮਜ਼ੋਰੀ, ਯਾਦਦਾਸ਼ਤ ਸੰਬੰਧੀ ਸਮੱਸਿਆਵਾਂ, ਵਿਵਹਾਰ ਸੰਬੰਧੀ ਸਮੱਸਿਆਵਾਂ, ਇਨਸੌਮਨੀਆ, ਸਿਰ ਦਰਦ ਆਦਿ ਸਮੱਸਿਆਵਾਂ ਦੇਖਣ ਨੂੰ ਮਿਲੀਆਂ।
ਸਾਲ 2018 ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਇੱਕ ਅਧਿਐਨ ਦੇ ਨਤੀਜਿਆਂ ਵਿੱਚ ਕਿਹਾ ਗਿਆ ਸੀ ਕਿ ਸਕ੍ਰੀਨ ਉੱਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਦਿਮਾਗ ਦਾ ਕੋਰਟੈਕਸ ਪਤਲਾ ਹੋ ਜਾਂਦਾ ਹੈ, ਜੋ ਸੋਚਣ, ਯਾਦਾਸ਼ਤ ਨੂੰ ਬਣਾਈ ਰੱਖਣ ਅਤੇ ਤਰਕ ਕਰਨ ਦੀ ਸਮਰੱਥਾ ਨੂੰ ਵਿਕਸਿਤ ਕਰਨ ਲਈ ਜ਼ਰੂਰੀ ਹੈ। ਇਸ ਤੋਂ ਇਲਾਵਾ, ਹਾਰਵਰਡ ਯੂਨੀਵਰਸਿਟੀ ਦੁਆਰਾ ਕੀਤੀ ਗਈ ਇੱਕ ਖੋਜ ਦੇ ਨਤੀਜਿਆਂ ਵਿੱਚ ਕਿਹਾ ਗਿਆ ਸੀ ਕਿ ਹਰ ਰੋਜ਼ ਕਈ ਘੰਟੇ ਸਕ੍ਰੀਨ ਦੇਖਣ ਨਾਲ ਬੱਚਿਆਂ ਵਿੱਚ ਸਮਾਜਿਕ ਹੁਨਰ ਦੀ ਕਮੀ ਤੋਂ ਲੈ ਕੇ ਨਿਊਰੋਲੋਜੀਕਲ ਵਿਕਾਰ ਹੋਣ ਦਾ ਖਤਰਾ ਹੋ ਸਕਦਾ ਹੈ।
ਸਕ੍ਰੀਨ ਟਾਈਮ ਦੇ ਨੁਕਸਾਨ:
ਅੱਖਾਂ 'ਤੇ ਅਸਰ: ਦਿੱਲੀ ਦੀ ਨੇਤਰ ਰੋਗ ਵਿਗਿਆਨੀ ਡਾ: ਨੂਪੁਰ ਜੋਸ਼ੀ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਮੋਬਾਈਲ ਜਾਂ ਟੀਵੀ 'ਤੇ ਜ਼ਿਆਦਾ ਸਮਾਂ ਬਿਤਾਉਣ ਕਾਰਨ ਬੱਚਿਆਂ 'ਚ ਨਜ਼ਰ ਸੰਬੰਧੀ ਸਮੱਸਿਆਵਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਜੇਕਰ ਕੋਈ ਬੱਚਾ ਹਰ ਰੋਜ਼ ਤਿੰਨ ਘੰਟੇ ਤੋਂ ਵੱਧ ਸਕ੍ਰੀਨ ਦੇ ਸਾਹਮਣੇ ਬਿਤਾਉਂਦਾ ਹੈ, ਤਾਂ ਉਸ ਦੀਆਂ ਅੱਖਾਂ 'ਤੇ ਦਬਾਅ ਵਧ ਸਕਦਾ ਹੈ। ਅਜਿਹੇ 'ਚ ਅੱਖਾਂ 'ਚ ਖੁਸ਼ਕੀ ਦੀ ਸਮੱਸਿਆ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ, ਸਕ੍ਰੀਨ ਦੇਖਣ ਤੋਂ ਬਾਅਦ ਹਲਕੀ ਧੁੰਦਲੀ ਨਜ਼ਰ, ਸਥਿਰ ਨਜ਼ਰ ਦੀ ਸਮੱਸਿਆ, ਮਾਇਓਪਿਆ, ਅੱਖਾਂ ਅਤੇ ਸਿਰ ਵਿੱਚ ਦਰਦ ਹੋ ਸਕਦਾ ਹੈ। ਕੁਝ ਮਾਮਲਿਆਂ ਵਿੱਚ, ਰੈਟੀਨਾ ਨੂੰ ਵੀ ਨੁਕਸਾਨ ਹੋ ਸਕਦਾ ਹੈ। ਅਜਿਹਾ ਨਹੀਂ ਹੈ ਕਿ ਸਕ੍ਰੀਨ ਟਾਈਮ ਦੇ ਬੁਰੇ ਪ੍ਰਭਾਵ ਬਾਲਗਾਂ 'ਚ ਨਜ਼ਰ ਨਹੀਂ ਆਉਂਦੇ। ਹਰ ਉਮਰ ਦੇ ਬਾਲਗ਼ਾਂ ਵਿੱਚ ਮੋਬਾਈਲ ਜਾਂ ਕੰਪਿਊਟਰ ਨੂੰ ਜ਼ਿਆਦਾ ਦੇਰ ਤੱਕ ਦੇਖਣ ਦੀ ਆਦਤ ਨਜ਼ਰ ਦੀ ਕਮਜ਼ੋਰੀ ਜਾਂ ਅੱਖਾਂ ਨਾਲ ਸਬੰਧਤ ਕੁਝ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।
ਮਾਨਸਿਕ ਸਿਹਤ ਲਈ ਨੁਕਸਾਨ: ਮਨੋਵਿਗਿਆਨੀ ਅਤੇ ਬਾਲ ਸਲਾਹਕਾਰ ਡਾ: ਰੇਣੁਕਾ ਸ਼ਰਮਾ ਅਨੁਸਾਰ, ਜਦੋ ਬੱਚਿਆਂ ਨੂੰ ਖੇਡਾਂ, ਰੀਲਾਂ, ਕਾਰਟੂਨ ਦੇਖਣ ਜਾਂ ਸਕ੍ਰੀਨ ਨੂੰ ਲੰਬੇ ਸਮੇਂ ਤੱਕ ਦੇਖਣ ਦੀ ਆਦਤ ਹੋ ਜਾਂਦੀ ਹੈ, ਤਾਂ ਇਸ ਨਾਲ ਕਈ ਵਾਰ ਉਨ੍ਹਾਂ ਵਿਚ ਦਿਮਾਗੀ ਕਮਜ਼ੋਰੀ, ਇਕਾਗਰਤਾ ਅਤੇ ਯਾਦਦਾਸ਼ਤ ਦੀਆ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸਦੇ ਨਾਲ ਹੀ ਸੋਚਣ, ਸਮਝਣ, ਬੋਲਣ, ਪੜ੍ਹਨ, ਕੰਮ ਨੂੰ ਪੂਰਾ ਕਰਨ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਗੁੱਸਾ, ਚਿੜਚਿੜਾਪਨ, ਬੇਚੈਨੀ ਅਤੇ ਮੂਡ ਸਵਿੰਗ ਵੀ ਵਧ ਸਕਦੇ ਹਨ। ਅਜਿਹੇ ਪ੍ਰਭਾਵ ਬਾਲਗਾਂ ਵਿੱਚ ਵੀ ਦੇਖੇ ਜਾ ਸਕਦੇ ਹਨ।
ਆਮ ਸਿਹਤ 'ਤੇ ਪ੍ਰਭਾਵ: ਦਿੱਲੀ ਦੇ ਡਾਕਟਰ ਕੁਮੁਦ ਸੇਨਗੁਪਤਾ ਦਾ ਕਹਿਣਾ ਹੈ ਕਿ ਜ਼ਿਆਦਾ ਦੇਰ ਤੱਕ ਇੱਕ ਹੀ ਜਗ੍ਹਾ 'ਤੇ ਗਲਤ ਆਸਣ ਵਿੱਚ ਬੈਠ ਕੇ ਜਾਂ ਲੇਟ ਕੇ ਮੋਬਾਈਲ, ਟੀਵੀ ਜਾਂ ਕਿਸੇ ਹੋਰ ਸਕ੍ਰੀਨ ਦੇ ਸਾਹਮਣੇ ਸਮਾਂ ਬਿਤਾਉਣ ਨਾਲ ਗਰਦਨ, ਕਮਰ, ਮੋਢਿਆਂ, ਹੱਥਾਂ ਵਿੱਚ ਤਕਲੀਫ਼ ਹੋ ਸਕਦੀ ਹੈ। ਇਹ ਸਮੱਸਿਆ ਸਿਰਫ਼ ਵੱਡਿਆਂ ਵਿੱਚ ਹੀ ਨਹੀਂ, ਸਗੋਂ ਬੱਚਿਆਂ ਵਿੱਚ ਵੀ ਨਜ਼ਰ ਆ ਸਕਦੀ ਹੈ। ਇਸਦੇ ਨਾਲ ਹੀ, ਹਥੇਲੀਆਂ ਅਤੇ ਉਂਗਲਾਂ ਵਿੱਚ ਦਰਦ ਅਤੇ ਮਾਸਪੇਸ਼ੀਆਂ ਵਿੱਚ ਤਣਾਅ ਦੀ ਸਮੱਸਿਆ ਵੀ ਵਧਣ ਲੱਗਦੀ ਹੈ। ਇਸ ਤੋਂ ਇਲਾਵਾ, ਮੋਟਾਪਾ, ਪਾਚਨ ਸੰਬੰਧੀ ਸਮੱਸਿਆ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
ਸਾਵਧਾਨੀਆਂ: ਡਾਕਟਰ ਰੇਣੁਕਾ ਸ਼ਰਮਾ ਅਨੁਸਾਰ, ਬੱਚਿਆਂ ਨੂੰ ਇਸ ਆਦਤ ਤੋਂ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਮਾਪੇ ਥੋੜੇ ਸੁਚੇਤ ਰਹਿਣ, ਬੱਚਿਆਂ ਦੀ ਰੋਜ਼ਾਨਾ ਦੀ ਰੁਟੀਨ ਲਈ ਕੁਝ ਨਿਯਮ ਬਣਾਉਣ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਮੋਬਾਈਲ ਅਤੇ ਟੀਵੀ ਦੇਖਣ ਦੇ ਮਾੜੇ ਪ੍ਰਭਾਵਾਂ ਬਾਰੇ ਸਮਝਾਉਣ। ਇਸ ਤੋਂ ਇਲਾਵਾ, ਕੁਝ ਹੋਰ ਗੱਲਾਂ ਨੂੰ ਧਿਆਨ 'ਚ ਰੱਖਣਾ ਵੀ ਫਾਇਦੇਮੰਦ ਹੋ ਸਕਦਾ ਹੈ, ਜਿਨ੍ਹਾਂ 'ਚੋਂ ਕੁਝ ਇਸ ਤਰ੍ਹਾਂ ਹਨ:-
- ਬੱਚਿਆਂ ਲਈ ਸਕ੍ਰੀਨ ਟਾਈਮ ਸੈੱਟ ਕਰੋ। ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਸਕ੍ਰੀਨ ਸਮੇਂ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਖਾਸ ਕਰਕੇ ਬਹੁਤ ਛੋਟੇ ਬੱਚਿਆਂ ਨੂੰ ਸਕ੍ਰੀਨ ਦੇ ਸਾਹਮਣੇ ਦੋ ਘੰਟੇ ਤੋਂ ਵੱਧ ਸਮਾਂ ਨਾ ਬਿਤਾਉਣ ਦਿਓ।
- ਸੌਣ ਤੋਂ ਪਹਿਲਾਂ ਮੋਬਾਈਲ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। ਜਿੱਥੋਂ ਤੱਕ ਹੋ ਸਕੇ, ਸੌਣ ਵੇਲੇ ਆਪਣੇ ਮੋਬਾਈਲ ਨੂੰ ਦੂਰ ਰੱਖੋ। ਰਾਤ ਨੂੰ ਮੋਬਾਈਲ ਨੂੰ ਵਾਰ-ਵਾਰ ਦੇਖਣ ਦੀ ਆਦਤ ਤੋਂ ਬਚੋ।
- ਸਕ੍ਰੀਨ ਦੇ ਸਾਹਮਣੇ ਬੈਠ ਕੇ ਭੋਜਨ ਖਾਣ ਦੀ ਆਦਤ ਤੋਂ ਬਚੋ। ਇਸ ਨਾਲ ਖਾਣ-ਪੀਣ ਵਿੱਚ ਵਿਕਾਰ ਹੋ ਸਕਦੇ ਹਨ।
- ਸਕ੍ਰੀਨ ਦੇਖਦੇ ਸਮੇਂ 20-20 ਨਿਯਮ ਦੀ ਪਾਲਣਾ ਕਰੋ। ਯਾਨੀ 20 ਮਿੰਟ ਤੱਕ ਸਕ੍ਰੀਨ ਦੇਖਣ ਤੋਂ ਬਾਅਦ 20 ਮਿੰਟ ਤੱਕ ਕੋਈ ਹੋਰ ਕੰਮ ਕਰੋ। ਇਸ ਨਾਲ ਸਕ੍ਰੀਨ ਨੂੰ ਲਗਾਤਾਰ ਦੇਖਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।