ਹੈਦਰਾਬਾਦ: ਅੱਜਕੱਲ੍ਹ ਬਹੁਤ ਸਾਰੇ ਲੋਕ ਵਾਲ ਝੜਨ ਦੀ ਸਮੱਸਿਆ ਨਾਲ ਜੂਝ ਰਹੇ ਹਨ। ਪਹਿਲਾਂ ਗੰਜਾਪਨ 50 ਸਾਲ ਦੀ ਉਮਰ ਤੋਂ ਬਾਅਦ ਹੁੰਦਾ ਸੀ, ਪਰ ਹੁਣ ਇਹ ਸਮੱਸਿਆ ਘੱਟ ਉਮਰ ਵਿੱਚ ਵੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਹਾਲਾਂਕਿ, ਗੰਜੇਪਨ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਕਾਰਨਾਂ 'ਚ ਖਾਣ-ਪੀਣ ਦੀਆਂ ਆਦਤਾਂ, ਬਹੁਤ ਜ਼ਿਆਦਾ ਪ੍ਰਦੂਸ਼ਣ, ਯੂਵੀ ਕਿਰਨਾਂ ਦੇ ਸੰਪਰਕ ਵਿੱਚ ਆਉਣਾ, ਜ਼ਹਿਰੀਲੇ ਰਸਾਇਣਾਂ ਦੀ ਵਰਤੋਂ ਆਦਿ ਸ਼ਾਮਲ ਹਨ। ਹਾਲਾਂਕਿ, ਕੁਝ ਲੋਕਾਂ ਨੂੰ ਖ਼ਾਨਦਾਨੀ ਗੰਜਾਪਨ ਹੁੰਦਾ ਹੈ। ਜੇਕਰ ਤੁਹਾਡੇ ਘਰ ਵਿੱਚ ਕੋਈ ਗੰਜੇਪਨ ਦੀ ਸਮੱਸਿਆ ਦਾ ਸ਼ਿਕਾਰ ਹੈ ਅਤੇ ਤੁਹਾਨੂੰ ਵੀ ਇਹ ਸਮੱਸਿਆ ਆਪਣੇ ਘਰ ਦੇ ਕਿਸੇ ਮੈਂਬਰ ਤੋਂ ਮਿਲੀ ਹੈ, ਤਾਂ ਇਸਨੂੰ ਰੋਕਣਾ ਲਗਭਗ ਮੁਸ਼ਕਿਲ ਹੈ। ਪਰ ਕੁਝ ਸੁਝਾਵਾਂ ਦੀ ਪਾਲਣਾ ਕਰਨ ਨਾਲ ਖੋਪੜੀ ਦੇ ਵਾਲ ਜਲਦੀ ਝੜਨ ਤੋਂ ਰੋਕੇ ਜਾ ਸਕਦੇ ਹਨ।
ਜਲਦੀ ਗੰਜੇਪਨ ਦੀ ਸਮੱਸਿਆ ਤੋਂ ਬਚਣ ਦੇ ਸੁਝਾਅ: ਗੰਜੇਪਨ ਦੀ ਸਮੱਸਿਆ ਤੋਂ ਬਚਣ ਲਈ ਜੀਵਨਸ਼ੈਲੀ 'ਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਹੇਠਾ ਦਿੱਤੇ ਕੁਝ ਸੁਝਾਅ ਅਜ਼ਮਾ ਸਕਦੇ ਹੋ।
- ਗੰਜੇਪਨ ਦੀ ਸਮੱਸਿਆ ਤੋਂ ਬਚਣ ਲਈ ਆਪਣੀ ਖੁਰਾਕ 'ਚ ਪ੍ਰੋਟੀਨ ਨਾਲ ਭਰਪੂਰ ਭੋਜਨ ਨੂੰ ਸ਼ਾਮਲ ਕਰੋ।
- ਤੁਸੀਂ ਆਪਣੀ ਖੁਰਾਕ 'ਚ ਅਖਰੋਟ, ਪਨੀਰ, ਮੱਛੀ, ਅੰਡੇ, ਮੀਟ ਆਦਿ ਨੂੰ ਸ਼ਾਮਲ ਕਰ ਸਕਦੇ ਹੋ। ਇਹ ਭੋਜਨ ਨਾ ਸਿਰਫ ਗੰਜੇਪਨ ਨੂੰ ਘੱਟ ਕਰਦੇ ਹਨ, ਸਗੋ ਤੁਹਾਡੇ ਵਾਲਾਂ ਨੂੰ ਮਜ਼ਬੂਤ ਅਤੇ ਨਰਮ ਵੀ ਬਣਾਉਂਦੇ ਹਨ।
- ਰੋਜ਼ਾਨਾ ਖੋਪੜੀ ਦੀ ਮਾਲਿਸ਼ ਕਰੋ। ਇਸ ਨਾਲ ਖੂਨ ਦੇ ਗੇੜ ਵਿੱਚ ਸੁਧਾਰ ਹੁੰਦਾ ਹੈ।
- ਕਈ ਵਾਰ ਗਲਤ ਸ਼ੈਂਪੂ ਦੀ ਵਰਤੋ ਕਰਨ ਨਾਲ ਵੀ ਗੰਜੇਪਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਹਮੇਸ਼ਾਂ ਆਪਣੇ ਵਾਲਾਂ ਦੇ ਹਿਸਾਬ ਨਾਲ ਸਹੀ ਸ਼ੈਂਪੂ ਦੀ ਵਰਤੋ ਕਰੋ।
- ਗੰਜੇਪਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਿਆਜ਼ ਦਾ ਰਸ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਪਿਆਜ਼ ਦੇ ਰਸ ਨੂੰ ਹਫ਼ਤੇ 'ਚ ਦੋ ਵਾਰ ਆਪਣੇ ਸਿਰ 'ਤੇ ਲਗਾ ਸਕਦੇ ਹੋ। ਇਸ ਨਾਲ ਗੰਜੇਪਨ ਦੀ ਸਮੱਸਿਆ ਨੂੰ ਘਟ ਕੀਤਾ ਜਾ ਸਕਦਾ ਹੈ।
- ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਸਾਰੀਆਂ ਸਾਵਧਾਨੀਆਂ ਅਤੇ ਉਪਾਅ ਕਰਨ ਦੇ ਬਾਵਜੂਦ ਵੀ ਵਾਲਾਂ ਦਾ ਝੜਨਾ ਘੱਟ ਨਹੀਂ ਹੁੰਦਾ ਹੈ, ਤਾਂ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।