ਹੈਦਰਾਬਾਦ: ਫਲ ਸਾਡੇ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਪਰ ਕੁਝ ਅਜਿਹੇ ਫਲ ਵੀ ਹਨ, ਜਿਨ੍ਹਾਂ ਨੂੰ ਜੇਕਰ ਬੀਜਾਂ ਦੇ ਨਾਲ ਖਾਧਾ ਜਾਵੇ, ਤਾਂ ਨੁਕਸਾਨਦੇਹ ਹੋ ਸਕਦਾ ਹੈ ਅਤੇ ਤੁਸੀਂ ਬੀਮਾਰ ਵੀ ਹੋ ਸਕਦੇ ਹੋ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਫਲਾਂ ਦੇ ਬੀਜਾਂ ਵਿੱਚ ਕੁਝ ਜ਼ਹਿਰੀਲੇ ਤੱਤ ਹੁੰਦੇ ਹਨ ਜਾਂ ਇਹ ਪਾਚਨ ਪ੍ਰਣਾਲੀ ਲਈ ਸਮੱਸਿਆ ਪੈਦਾ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਫਲ ਖਾਏ ਜਾ ਸਕਦੇ ਹਨ ਅਤੇ ਕਿਹੜੇ ਫਲ ਨਹੀਂ, ਤਾਂ ਜੋ ਤੁਸੀਂ ਬਿਮਾਰ ਹੋਏ ਬਿਨ੍ਹਾਂ ਇਨ੍ਹਾਂ ਫਲਾਂ ਦਾ ਸਵਾਦ ਲੈ ਸਕੋ ਅਤੇ ਸਰੀਰ ਨੂੰ ਤੰਦਰੁਸਤ ਵੀ ਰੱਖ ਸਕੋ।
ਇਨ੍ਹਾਂ ਫਲਾਂ ਨੂੰ ਬੀਜਾਂ ਦੇ ਨਾਲ ਖਾਣਾ ਖਤਰਨਾਕ:
ਸੇਬ ਦੇ ਬੀਜ ਖਾਣ ਤੋਂ ਬਚੋ: ਸੇਬ ਦੇ ਸੇਵਨ ਨਾਲ ਤੁਸੀਂ ਖੁਦ ਨੂੰ ਸਿਹਤਮੰਦ ਰੱਖ ਸਕਦੇ ਹੋ, ਪਰ ਜੇਕਰ ਤੁਸੀਂ ਸੇਬ ਨੂੰ ਬੀਜਾਂ ਦੇ ਨਾਲ ਖਾਂਦੇ ਹੋ, ਤਾਂ ਕਈ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸੇਬ ਦੇ ਬੀਜਾਂ ਵਿੱਚ ਸਾਈਨਾਈਡ ਨਾਮਕ ਇੱਕ ਜ਼ਹਿਰੀਲਾ ਮਿਸ਼ਰਣ ਪਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸੇਬ ਦੇ ਬੀਜਾਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਸਾਈਨਾਈਡ ਜ਼ਹਿਰ ਹੋ ਸਕਦਾ ਹੈ ਅਤੇ ਤੁਹਾਨੂੰ ਸਿਰ ਦਰਦ, ਚੱਕਰ ਆਉਣੇ, ਜੀਅ ਕੱਚਾ ਹੋਣਾ, ਉਲਟੀਆਂ ਅਤੇ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ, ਇਸ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ।
ਆੜੂ ਦੇ ਬੀਜ ਨਾ ਖਾਓ: ਆੜੂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਰ ਇਸ ਦੇ ਬੀਜ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਆੜੂ ਦੇ ਬੀਜਾਂ ਵਿੱਚ ਐਮੀਗਡਾਲਿਨ ਹੁੰਦਾ ਹੈ, ਜੋ ਕਿ ਸਾਈਨਾਈਡ ਦਾ ਇੱਕ ਰੂਪ ਹੈ। ਅਜਿਹੇ 'ਚ ਆੜੂ ਦੇ ਬੀਜ ਖਾਣਾ ਖਤਰਨਾਕ ਹੋ ਸਕਦਾ ਹੈ। ਹਾਲਾਂਕਿ, ਆੜੂ ਬਹੁਤ ਸਵਾਦੀ ਫਲ ਹੁੰਦਾ ਹੈ। ਪਰ ਇਹ ਉਨ੍ਹਾਂ ਫਲਾਂ ਦੀ ਸੂਚੀ ਵਿੱਚ ਸ਼ਾਮਲ ਹੈ, ਜਿਨ੍ਹਾਂ ਦੇ ਬੀਜ ਤੁਹਾਡੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਆੜੂ ਦੇ ਬੀਜਾਂ ਵਿੱਚ ਐਮੀਗਡਾਲਿਨ ਵੀ ਹੁੰਦਾ ਹੈ ਅਤੇ ਇਸ ਦੇ ਬੀਜਾਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਸਾਇਨਾਈਡ ਜ਼ਹਿਰ ਦਾ ਕਾਰਨ ਬਣ ਸਕਦਾ ਹੈ।
ਚੈਰੀ ਦੇ ਬੀਜ ਨਾ ਖਾਓ: ਚੈਰੀ ਦੇਖਣ ਵਿੱਚ ਬਹੁਤ ਸੋਹਣੀ ਹੁੰਦੀ ਹੈ, ਪਰ ਚੈਰੀ ਦੇ ਬੀਜਾਂ ਵਿੱਚ ਸਾਈਨੋਜੇਨਿਕ ਗਲਾਈਕੋਸਾਈਡ ਪਾਏ ਜਾਂਦੇ ਹਨ, ਜੋ ਸਾਇਨਾਈਡ ਜ਼ਹਿਰ ਦਾ ਕਾਰਨ ਬਣਦੇ ਹਨ। ਇਸ ਦੇ ਬੀਜਾਂ ਦਾ ਸੇਵਨ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਤੁਹਾਨੂੰ ਚੈਰੀ ਦੇ ਬੀਜਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
ਨਾਸ਼ਪਾਤੀ ਦੇ ਬੀਜ: ਨਾਸ਼ਪਾਤੀ ਇੱਕ ਮਿੱਠਾ ਅਤੇ ਖੱਟਾ ਫਲ ਹੈ। ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ। ਹਾਲਾਂਕਿ, ਕਈ ਵਾਰ ਲੋਕ ਅਣਜਾਣੇ 'ਚ ਇਸ ਦੇ ਬੀਜ ਖਾ ਲੈਂਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਨਾਸ਼ਪਾਤੀ ਦੇ ਬੀਜਾਂ ਵਿੱਚ ਸਾਈਨਾਈਡ ਮਿਸ਼ਰਣ ਹੁੰਦੇ ਹਨ ਅਤੇ ਇਨ੍ਹਾਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਨੁਕਸਾਨਦੇਹ ਹੋ ਸਕਦਾ ਹੈ।