ਚੰਡੀਗੜ੍ਹ: "ਓ ਲੈ ਲਓ ਪੈਸਾ ਅਤੇ ਪਿਆਰ ਮੈਨੂੰ ਮੇਰੇ ਯਾਰ ਮੋੜ ਦੋ..." ਗੀਤ ਤਾਂ ਲਗਭਗ ਹਰ ਪੰਜਾਬੀ ਨੇ ਸੁਣਿਆ ਹੋਣਾ ਹੈ, ਹੁਣ ਇਸ ਗੀਤ ਦੇ ਗਾਇਕ ਇੱਕ ਵਿਵਾਦ ਵਿੱਚ ਘਿਰੇ ਹੋਏ ਨਜ਼ਰੀ ਪੈ ਰਹੇ ਹਨ। ਜੀ ਹਾਂ, ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ। ਅਸੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸ਼ਾਨਦਾਰ ਗਾਇਕ ਮਿਲਿੰਦ ਗਾਬਾ ਦੀ ਗੱਲ ਕਰ ਰਹੇ ਹਨ।
ਗਾਇਕ ਮਿਲਿੰਦ ਗਾਬਾ ਇਸ ਸਮੇਂ ਆਪਣੇ ਇੱਕ ਵੀਡੀਓ ਕਾਰਨ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ, ਵੀਡੀਓ ਵਿੱਚ ਗਾਇਕ ਟੀ-ਸੀਰੀਜ਼ ਦੇ ਆਫਿਸ ਵਿੱਚ ਬੈਠੇ ਲੋਕਾਂ ਨਾਲ ਝਗੜਾ ਕਰਦੇ ਨਜ਼ਰੀ ਪੈ ਰਹੇ ਹਨ।
ਦਰਅਸਲ, ਗਾਇਕ ਪਹਿਲਾਂ ਇੱਕ ਮੀਟਿੰਗ ਵਿੱਚ ਸ਼ਾਮਲ ਹਨ, ਫਿਰ ਸੀਸੀਟੀਵੀ ਦੇ ਮੁਤਾਬਕ ਉਹ ਸ਼ਰਾਬ ਪੀਣ ਲੱਗ ਜਾਂਦੇ ਹਨ ਅਤੇ ਨਾਲ ਬੈਠੇ ਵਿਅਕਤੀ ਦੇ ਰੋਕਣ ਤੋਂ ਬਾਅਦ ਉਹ ਉਸ ਵਿਅਕਤੀ ਨਾਲ ਹੀ ਝਗੜਾ ਕਰਨ ਲੱਗ ਜਾਂਦੇ ਹਨ। ਦੋਵਾਂ ਵਿੱਚ ਬਹਿਸ ਇੰਨੀ ਵੱਧਦੀ ਜਾਂਦੀ ਹੈ ਕਿ ਗਾਇਕ ਉਸ ਵਿਅਕਤੀ ਦਾ ਕਾਲਰ ਫੜ੍ਹ ਲੈਂਦਾ ਹੈ। ਦੇਖਦੇ ਹੀ ਦੇਖਦੇ ਝਗੜਾ ਭਿਆਨਕ ਰੂਪ ਲੈ ਲੈਂਦਾ ਹੈ ਅਤੇ ਫਿਰ ਸਾਰੇ ਲੋਕ ਆ ਕੇ ਗਾਇਕ ਅਤੇ ਉਸ ਵਿਅਕਤੀ ਨੂੰ ਅਲੱਗ ਅਲੱਗ ਕਰਵਾਉਂਦੇ ਹਨ।
ਗਾਇਕ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਪ੍ਰਸ਼ੰਸਕ ਇਸ ਵੀਡੀਓ ਦੀ ਸੱਚਾਈ ਜਾਣਨਾ ਚਾਹੁੰਦੇ ਹਨ। ਹਾਲਾਂਕਿ ਇਸ ਮਾਮਲੇ 'ਤੇ ਅਜੇ ਤੱਕ ਗਾਇਕ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਹੁਣ ਇੱਥੇ ਜੇਕਰ ਗਾਇਕ ਬਾਰੇ ਗੱਲ ਕਰੀਏ ਤਾਂ ਗਾਇਕ ਮਿਲਿੰਦ ਗਾਬਾ ਇੱਕ ਪੰਜਾਬੀ ਗਾਇਕ ਹਨ, ਜਿੰਨ੍ਹਾਂ ਦੀ ਪੰਜਾਬੀ ਮਿਊਜ਼ਿਕ ਜਗਤ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਹੈ। ਗਾਇਕ ਨੂੰ ਇੰਸਟਾਗ੍ਰਾਮ ਉਤੇ 5 ਮਿਲੀਅਨ ਲੋਕ ਪਸੰਦ ਕਰਦੇ ਹਨ। ਇਸ ਸਮੇਂ ਗਾਇਕ ਆਪਣੇ ਕਾਫੀ ਸਾਰੇ ਗੀਤਾਂ ਨੂੰ ਰਿਲੀਜ਼ ਕਰਨ ਦੀ ਤਿਆਰੀ ਵਿੱਚ ਲੱਗੇ ਹੋਏ ਹਨ।