ਚੰਡੀਗੜ੍ਹ: ਬਿਨੂੰ ਢਿੱਲੋਂ ਪੰਜਾਬੀ ਸਿਨੇਮਾ ਦੇ ਅਜਿਹੇ ਕਾਮੇਡੀਅਨ ਹਨ, ਜਿੰਨ੍ਹਾਂ ਨੂੰ ਸ਼ਾਇਦ ਹੀ ਕੋਈ ਨਾ ਜਾਣਦਾ ਹੋਵੇ। ਕਾਮੇਡੀਅਨ ਆਪਣੇ ਹਾਜ਼ਰ-ਜੁਆਬੀ ਅੰਦਾਜ਼ ਨਾਲ ਸਭ ਦਾ ਧਿਆਨ ਖਿੱਚਦੇ ਰਹਿੰਦੇ ਹਨ। ਅੱਜ (29 ਅਗਸਤ) ਕਾਮੇਡੀਅਨ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ, ਇਸ ਦੌਰਾਨ ਅਸੀਂ ਤੁਹਾਨੂੰ ਅਦਾਕਾਰ ਦੇ ਆਉਣ ਵਾਲੇ ਪ੍ਰੋਜੈਕਟਾਂ ਦੇ ਨਾਲ-ਨਾਲ ਅਦਾਕਾਰ ਦੀ ਫਿੱਟਨੈੱਸ ਦਾ ਰਾਜ਼ ਵੀ ਦੱਸਾਂਗੇ, ਜੋ ਅਸੀਂ ਨਹੀਂ ਬਲਕਿ ਕਾਮੇਡੀਅਨ ਨੇ ਖੁਦ ਇੱਕ ਇੰਟਰਵਿਊ ਦੌਰਾਨ ਸਾਂਝਾ ਕੀਤਾ ਸੀ।
ਕੀ ਹੈ ਕਾਮੇਡੀਅਨ ਦੀ ਫਿੱਟਨੈੱਸ ਦਾ ਰਾਜ਼: ਬਿਨੂੰ ਢਿੱਲੋਂ ਤੋਂ ਇੱਕ ਵਾਰ ਪੁੱਛਿਆ ਗਿਆ ਕਿ ਉਹ 49 ਸਾਲ ਦੀ ਉਮਰ ਵਿੱਚ ਵੀ ਇੰਨੇ ਫਿੱਟ ਕਿਵੇਂ ਦਿਖਦੇ ਹਨ? ਇਸ ਸੁਆਲ ਦਾ ਜੁਆਬ ਦਿੰਦੇ ਹੋਏ ਅਦਾਕਾਰ ਨੇ ਕਿਹਾ ਕਿ "ਮੈਂ ਆਪਣੇ ਖਾਣ-ਪੀਣ ਦਾ ਕਾਫੀ ਖਿਆਲ ਰੱਖਦਾ ਹਾਂ। ਦੂਜਾ ਮੈਂ ਕੋਈ ਨਾ ਕੋਈ ਗੇਮ ਕਰਦਾ ਰਹਿੰਦਾ ਹਾਂ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜੋ ਇਨਸਾਨ ਆਪਣੇ ਸਰੀਰ ਨੂੰ ਪਿਆਰ ਨਹੀਂ ਕਰਦਾ, ਆਪਣੇ ਆਪ ਦਾ ਖਿਆਲ ਨਹੀਂ ਰੱਖਦਾ, ਉਹ ਦੁਨੀਆਂ ਵਿੱਚ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ। ਜੇਕਰ ਤੁਸੀਂ ਆਪ ਸਿਹਤਮੰਦ ਹੋ ਤਾਂ ਹੀ ਤੁਸੀਂ ਦੂਜੇ ਇਨਸਾਨ ਦਾ ਖਿਆਲ ਰੱਖ ਸਕਦੇ ਹੋ। ਇਸ ਲਈ ਹਮੇਸ਼ਾ ਖੁਸ਼ੀਆਂ ਵੰਡੋ, ਸਭ ਨਾਲ ਪਿਆਰ ਕਰੋ ਅਤੇ ਆਪਣੇ ਸਰੀਰ ਦਾ ਧਿਆਨ ਰੱਖੋ।"
ਬਿਨੂੰ ਢਿੱਲੋਂ ਦੇ ਆਉਣ ਵਾਲੇ ਪ੍ਰੋਜੈਕਟ: ਇਸ ਦੌਰਾਨ ਜੇਕਰ ਅਦਾਕਾਰ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਅਦਾਕਾਰ ਇਸ ਸਮੇਂ ਆਪਣੀ ਪੰਜਾਬੀ ਫਿਲਮ 'ਖੁਸ਼ਖਬਰੀ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਪਿਛਲੀ ਵਾਰ ਅਦਾਕਾਰ 'ਜਿਉਂਦੇ ਰਹੋ ਭੂਤ ਜੀ' ਵਿੱਚ ਨਜ਼ਰ ਆਏ ਸਨ।