ਚੰਡੀਗੜ੍ਹ: ਰਾਜਨੀਤੀ ਦੇ ਹਾਲੀਆ ਉਤਰਾਅ ਅਤੇ ਚੜਾਅ ਭਰੇ ਸਫ਼ਰ ਤੋਂ ਬਾਅਦ ਸੂਫੀ ਗਾਇਕ ਅਤੇ ਪਦਮਸ਼੍ਰੀ ਹੰਸ ਰਾਜ ਹੰਸ ਮੁੜ ਅਪਣੀ ਅਸਲ ਕਰਮਭੂਮੀ ਵੱਲ ਪਰਤਦੇ ਨਜ਼ਰ ਆ ਰਹੇ ਹਨ। ਹੰਸ ਰਾਜ ਹੰਸ ਦੀ ਬਾਕਮਾਲ ਗਾਇਕੀ ਦਾ ਇਕ ਵਾਰ ਪ੍ਰਤੱਖ ਇਜ਼ਹਾਰ ਕਰਵਾਉਣ ਜਾ ਰਿਹਾ ਹੈ। ਉਨਾਂ ਦਾ ਸਾਹਮਣੇ ਆਉਣ ਜਾ ਰਿਹਾ ਨਵਾਂ ਪੰਜਾਬੀ ਗਾਣਾ, ਜਿਸ ਨੂੰ ਜਲਦ ਹੀ ਸੰਗੀਤ ਮਾਰਕੀਟ ਵਿਚ ਜਾਰੀ ਕੀਤਾ ਜਾਵੇਗਾ।
ਦੁਨੀਆਂ-ਭਰ ਵਿੱਚ ਅਪਣੀ ਬੇਮਿਸਾਲ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਇਹ ਅਜ਼ੀਮ ਗਾਇਕ ਬਤੌਰ ਰਾਜਨੀਤਕ ਵੀ ਲੰਮਾਂ ਪੈੰਡਾ ਹੰਢਾ ਚੁੱਕੇ ਹਨ, ਜੋ ਦਿੱਲੀ ਦੇ ਨਾਗਲੋਈ ਲੋਕ-ਸਭਾ ਹਲਕੇ ਤੋਂ ਸਾਂਸਦ ਵਜੋਂ ਨੁਮਾਇੰਦਗੀ ਕਰਨ ਦਾ ਮਾਣ ਵੀ ਅਪਣੀ ਝੋਲੀ ਪਾ ਚੁੱਕੇ ਹਨ, ਹਾਲਾਂਕਿ ਬੀਤੇ ਦਿਨਾਂ ਦੌਰਾਨ ਸੰਪੰਨ ਹੋਈਆਂ ਸਾਂਸਦੀ ਚੋਣਾਂ ਵਿਚ ਉਨਾਂ ਨੂੰ ਮੁੜ ਜਿੱਤ ਨਸੀਬ ਨਹੀਂ ਹੋ ਸਕੀ, ਜਿਸ ਸਬੰਧਤ ਹੋਈ ਨਾਕਾਮੀ ਨੂੰ ਮਨੋ ਵਿਸਾਰਨ ਲਈ ਸ਼ਾਇਦ ਉਨਾਂ ਅਪਣੇ ਅਸਲ ਖਿੱਤੇ ਸੰਗੀਤ ਖੇਤਰ ਵਿਚ ਮੁੜ ਨਿਤਰਣ ਦਾ ਫੈਸਲਾ ਲਿਆ ਹੈ।
ਗੀਤ ਬਾਰੇ ਜਾਣਕਾਰੀ: ਸੂਫੀਇਜ਼ਮ ਅਤੇ ਪੁਰਾਤਨ ਰੰਗਾਂ ਵਿਚ ਰੰਗੀ ਗਾਇਕੀ ਪਸੰਦ ਕਰਨ ਵਾਲੇ ਸੰਗੀਤ ਪ੍ਰੇਮੀਆਂ ਦਰਮਿਆਨ ਉਨਾਂ ਦੀ ਇਹ ਸੰਗੀਤਕ ਆਮਦ ਖੁਸ਼ਗਵਾਰ ਲਮਹਾਂਤ ਵਾਂਗ ਸਾਬਿਤ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਸੰਗੀਤਕ ਗਲਿਆਰਿਆ ਵਿਚ ਵੀ ਖਾਸੀ ਹਲਚਲ ਪੈਦਾ ਹੋ ਗਈ ਹੈ, ਜੋ ਕਿਸੇ ਤੂਫ਼ਾਨ ਤੋਂ ਪਹਿਲਾ ਦੀ ਖਾਮੋਸ਼ੀ ਦਾ ਵੀ ਅਹਿਸਾਸ ਕਰਵਾ ਰਹੀ ਹੈ। ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਨਾਯਾਬ ਗਾਇਕੀ ਕਲਾ ਦਾ ਪ੍ਰਗਟਾਵਾ ਕਰਵਾ ਚੁੱਕੇ ਇਸ ਆਹਲਾ ਦਰਜਾ ਫਨਕਾਰ ਦੇ ਨਵੇਂ ਜਾਰੀ ਹੋਣ ਵਾਲੇ ਮੋਲੋਡੀਅਸ ਗਾਣੇ ਨੂੰ ਅਲਫਾਜ਼ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਮੰਨੇ ਜਾਂਦੇ ਅਜ਼ੀਮ ਗੀਤਕਾਰ ਬਾਬੂ ਸਿੰਘ ਮਾਨ ਦੇਣਗੇ, ਜਿੰਨਾਂ ਵੱਲੋ ਰਚੇ ਗਾਣਿਆ ਨੂੰ ਮੁਹੰਮਦ ਸਦੀਕ-ਬੀਬਾ ਰਣਜੀਤ ਕੌਰ ਤੋਂ ਲੈ ਕੇ ਸੁਖਵਿੰਦਰ ਸਿੰਘ, ਹਰਭਜਨ ਮਾਨ-ਗੁਰਸੇਵਕ ਮਾਨ ਜਿਹੇ ਕਈ ਉਚ-ਕੋਟੀ ਫਨਕਾਰ ਅਪਣੀ ਆਵਾਜ਼ ਦੇ ਚੁੱਕੇ ਹਨ।
ਪੰਜਾਬ ਵਿੱਚ ਹੀ ਵੀਡੀਓ ਸ਼ੂਟ ਹੋਈ: ਪੰਜਾਬੀ ਸੰਗੀਤ ਜਗਤ ਵਿੱਚ ਆਪਣੇ ਗਾਇਕੀ ਖਲਾਂ ਨੂੰ ਮੁੜ ਭਰਨ ਜਾ ਰਹੇ ਗਾਇਕ ਹੰਸ ਰਾਜ ਹੰਸ ਦਾ ਇਹ ਨਵਾਂ ਗਾਣਾ ਜਿੱਥੇ ਦਿਲ ਨੂੰ ਛੂਹ ਲੈਣ ਵਾਲੇ ਸਬਦਾਂ ਨਾਲ ਅੋਤ ਪੋਤ ਹੋਵੇਗਾ, ਉਥੇ ਇਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਮੋਹਾਲੀ ਲਾਗਲੇ ਮਨਮੋਹਨ ਇਲਾਕਿਆ ਅਤੇ ਅਸਲ ਪੰਜਾਬੀ ਦੀ ਤਸਵੀਰ ਪੇਸ਼ ਕਰਦੀਆਂ ਲੋਕੋਸ਼ਨਜ਼ ਉਪਰ ਕੀਤੀ ਜਾਵੇਗੀ ।