ਚੰਡੀਗੜ੍ਹ: ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਸਾਹਮਣੇ ਆਉਣ ਜਾ ਰਹੀ ਅਤੇ ਚਿਰਾਂ ਤੋਂ ਉਡੀਕੀ ਜਾ ਰਹੀ ਬਹੁ-ਚਰਚਿਤ ਹਿੰਦੀ ਫਿਲਮ 'ਫ਼ਤਹਿ' ਇੰਨੀਂ ਦਿਨੀਂ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਨੂੰ ਹੋਰ ਚਾਰ ਚੰਨ ਲਗਾਉਣ ਜਾ ਰਹੇ ਹਨ ਯੋ ਯੋ ਹਨੀ ਸਿੰਘ, ਜਿੰਨ੍ਹਾਂ ਦੀ ਸਪੈਸ਼ਲ ਮੌਜ਼ੂਦਗੀ ਅਧੀਨ ਸੱਜਿਆ ਇੱਕ ਵਿਸ਼ੇਸ਼ 'ਹਿਟਮੈਨ' ਗਾਣਾ ਜਲਦ ਜਾਰੀ ਹੋਣ ਜਾ ਰਿਹਾ ਹੈ।
'ਜੀ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਸ਼ਕਤੀ ਸਾਗਰ ਪ੍ਰੋਡੋਕਸ਼ਨ' ਵੱਲੋਂ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਦੇਸ਼ਨ ਸੋਨੂੰ ਸੂਦ ਵੱਲੋਂ ਕੀਤਾ ਗਿਆ ਹੈ, ਜੋ ਇਸ ਐਕਸ਼ਨ ਡਰਾਮਾ ਅਤੇ ਕ੍ਰਾਈਮ-ਥ੍ਰਿਲਰ ਫਿਲਮ ਨਾਲ ਅਪਣੇ ਨਵੇਂ ਡਾਇਰੈਕਟੋਰੀਅਲ ਸਫ਼ਰ ਦਾ ਵੀ ਆਗਾਜ਼ ਕਰਨ ਜਾ ਰਹੇ ਹਨ।
ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦਾ ਖਾਸ ਆਕਰਸ਼ਨ ਹੋਵੇਗਾ ਯੋ ਯੋ ਹਨੀ ਸਿੰਘ ਵੱਲੋਂ ਗਾਇਆ ਉਕਤ ਗਾਣਾ, ਜਿਸ ਵਿੱਚ ਉਹ ਇਸ ਫਿਲਮ ਦੇ ਲੀਡ ਅਦਾਕਾਰ ਸੋਨੂੰ ਸੂਦ ਨਾਲ ਧਮਾਕੇਦਾਰ ਪ੍ਰੋਫਾਰਮੈੱਸ ਵੀ ਕਰਦੇ ਨਜ਼ਰੀ ਆਉਣਗੇ।
ਮੁੰਬਈ ਦੇ ਸਟੂਡਿਓਜ਼ ਵਿੱਚ ਲਗਾਏ ਗਏ ਵਿਸ਼ਾਲ ਸੈੱਟਸ ਉਪਰ ਫਿਲਮਾਏ ਗਏ ਇਸ ਗਾਣੇ ਨੂੰ ਬਹੁ-ਕਰੋੜੀ ਬਜਟ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਬਹੁਤ ਹੀ ਵਿਸ਼ਾਲ ਕੈਨਵਸ ਅਧੀਨ ਸ਼ੂਟ ਕੀਤਾ ਗਿਆ ਹੈ।
ਬਾਲੀਵੁੱਡ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੇ ਉਕਤ ਗਾਣੇ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਅਤੇ ਸੰਗੀਤ ਸਿਰਜਣਾ ਵੀ ਖੁਦ ਹਨੀ ਸਿੰਘ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਤਿਆਰ ਕੀਤੇ ਬੇਸ਼ੁਮਾਰ ਗਾਣੇ ਕਈ ਫਿਲਮਾਂ ਨੂੰ ਨਵੇਂ ਅਯਾਮ ਦੇਣ ਵਿੱਚ ਸਫਲ ਰਹੇ ਹਨ।
ਨਵੇਂ ਵਰ੍ਹੇ ਦੇ ਪਹਿਲੇ ਪੜਾਅ ਦੌਰਾਨ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਦਾ ਇਹ ਗਾਣਾ 17 ਦਸੰਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫਾਰਮ ਉੱਪਰ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਅੱਜ ਜਾਰੀ ਕੀਤੇ ਗਏ ਪਹਿਲੇ ਲੁੱਕ ਨੇ ਦਰਸ਼ਕਾਂ ਦੀ ਇਸ ਪ੍ਰਤੀ ਉਤਸੁਕਤਾ ਕਾਫ਼ੀ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ: