ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਅਪਣਾ ਅਧਾਰ-ਦਾਇਰਾ ਵਿਸ਼ਾਲ ਕਰਦੀ ਜਾ ਰਹੀ ਹੈ ਗਾਇਕਾ ਸਰਗੀ ਮਾਨ, ਜੋ ਰਿਲੀਜ਼ ਹੋਣ ਜਾ ਰਹੇ ਪੰਜਾਬੀ ਗਾਣੇ 'ਗਿਰਦਾ' ਦੁਆਰਾ ਦਰਸ਼ਕਾਂ ਅਤੇ ਅਪਣੇ ਪ੍ਰਸ਼ੰਸਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ ਅੱਜ 05 ਜੂਨ ਨੂੰ ਵੱਖ-ਵੱਖ ਪਲੇਟਫ਼ਾਰਮ ਉਤੇ ਜਾਰੀ ਕੀਤਾ ਜਾਵੇਗਾ।
'ਰੈਡ ਲੀਫ ਮਿਊਜ਼ਿਕ' ਅਤੇ 'ਗੋਲਡੀ ਕੇਹਲ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਟਰੈਕ ਨੂੰ ਆਵਾਜ਼ ਜੱਸ ਸਿੱਧੂ ਨੇ ਦਿੱਤੀ ਹੈ, ਜਦਕਿ ਇਸ ਨੂੰ ਸੰਗੀਤ ਨਾਲ ਸੰਵਾਰਿਆ ਹੈ ਗੈਫੀ ਨੇ ਅਤੇ ਸ਼ਬਦ ਰਚਨਾ ਗੁਰਜਸ ਸਿੱਧੂ ਦੀ ਹੈ।
ਪੰਜਾਬੀ ਸੱਭਿਆਚਾਰ ਦਾ ਅਭਿੰਨ ਹਿੱਸਾ ਮੰਨੇ ਜਾਂਦੇ ਗਿੱਧੇ ਦੀਆਂ ਧਮਾਲਾਂ ਅਤੇ ਦੇਸ਼-ਵਿਦੇਸ਼ ਵਿੱਚ ਅੱਜ ਸਾਲਾਂ ਬਾਅਦ ਵੀ ਇਸ ਦੇ ਕਾਇਮ ਅਸਰ ਨੂੰ ਬਿਆਨ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜੋ ਹਿਤੇਸ਼ ਅਰੋੜਾ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਗਾਇਕਾ ਸਰਗੀ ਮਾਨ ਅਤੇ ਮਾਡਲ ਪੂਜਾ ਸਿੰਘ ਰਾਜਪੂਤ ਦੁਆਰਾ ਅਹਿਮ ਭੂਮਿਕਾ ਨਿਭਾਈ ਗਈ ਹੈ।
ਸੰਗੀਤ ਨਿਰਮਾਤਾ ਹੈਪੀ ਕੇਹਲ ਅਤੇ ਗੋਲਡੀ ਕੇਹਲ ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗੀਤ ਦੇ ਪ੍ਰੋਜੈਕਟ ਹੈੱਡ ਜੱਸ ਸਿੱਧੂ ਹਨ, ਜਿੰਨ੍ਹਾਂ ਅਨੁਸਾਰ ਪੰਜਾਬੀ ਸੱਭਿਆਚਾਰ ਨੂੰ ਹੋਰ ਹੁਲਾਰਾ ਦੇਣ ਜਾ ਰਹੇ ਇਸ ਗਾਣੇ ਨੂੰ ਜੱਸ ਸਿੱਧੂ ਦੁਆਰਾ ਬਹੁਤ ਹੀ ਸੁਰੀਲੇ ਅਤੇ ਪ੍ਰਭਾਵੀ ਅੰਦਾਜ਼ ਵਿੱਚ ਗਾਇਆ ਹੈ, ਜੋ ਸੁਣਨ ਵਾਲਿਆਂ ਨੂੰ ਨਿਵੇਕਲੀ ਤਰੋ-ਤਾਜ਼ਗੀ ਦਾ ਵੀ ਅਹਿਸਾਸ ਕਰਵਾਏਗਾ।
ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕਈ ਗਾਣਿਆਂ ਨਾਲ ਲਗਾਤਾਰ ਚਰਚਾ ਦਾ ਕੇਂਦਰ ਬਿੰਦੂ ਬਣਦੀ ਆ ਰਹੀ ਹੈ ਗਾਇਕਾ ਸਰਗੀ ਮਾਨ, ਜੋ ਸੋਲੋ ਅਤੇ ਦੋਗਾਣਾ ਦੋਨਾਂ ਹੀ ਗਾਇਕੀ ਪੈਟਰਨ ਵਿੱਚ ਆਪਣੀ ਸਰਦਾਰੀ ਕਾਇਮ ਕਰਦੀ ਜਾ ਰਹੀ ਹੈ।
ਦੇਸ਼-ਵਿਦੇਸ਼ ਵਿੱਚ ਆਪਣੀ ਉਮਦਾ ਗਾਇਕੀ ਦੀ ਧਾਂਕ ਜਮਾਉਂਦੀ ਜਾ ਰਹੀ ਇਸ ਹੋਣਹਾਰ ਗਾਇਕਾ ਦੇ ਹਾਲੀਆਂ ਦਿਨਾਂ ਦੌਰਾਨ ਸਾਹਮਣੇ ਆਏ ਅਤੇ ਹਿੱਟ ਰਹੇ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਚੰਨ ਦਾ ਭੁਲੇਖਾ', 'ਕੁੜਤਾ ਪਜਾਮਾ', 'ਮਿਰਜ਼ਾ', 'ਸ਼ਿਕਾਰੀ' ਆਦਿ ਸ਼ੁਮਾਰ ਰਹੇ ਹਨ।