ਚੰਡੀਗੜ੍ਹ: ਪੰਜਾਬੀ ਸੰਗੀਤ ਦਾ ਦਾਇਰਾ ਵਿਸ਼ਾਲ ਕਰਨ ਅਤੇ ਇਸ ਨੂੰ ਦੁਨੀਆਂ ਭਰ ਵਿੱਚ ਮਕਬੂਲੀਅਤ ਦੇ ਨਵੇਂ ਆਯਾਮ ਦੇਣ ਵਿੱਚ ਕਈ ਨੌਜਵਾਨ ਗਾਇਕ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨਾਂ ਵਿੱਚੋਂ ਹੀ ਆਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਿਹਾ ਨੌਜਵਾਨ ਗਾਇਕ ਰੇਸ਼ਮ ਸਿੰਘ ਅਨਮੋਲ, ਜੋ ਆਪਣੇ ਨਵੇਂ ਰਿਲੀਜ਼ ਹੋਏ ਗਾਣੇ 'ਖਰੇ ਖਰੇ ਯਾਰ' ਨਾਲ ਮੁੜ ਚਰਚਾ ਵਿੱਚ ਹੈ, ਜਿਸ ਵੱਲੋਂ ਜੈਸਮੀਨ ਅਖਤਰ ਨਾਲ ਗਾਏ ਅਤੇ ਜਾਰੀ ਕੀਤੇ ਗਏ ਇਸ ਦੋਗਾਣਾ ਟਰੈਕ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਸੰਗੀਤਕ ਖੇਤਰ ਦੀ ਮਸ਼ਹੂਰ ਹਸਤੀ ਮੰਨੇ ਜਾਂਦੇ ਡਾ. ਨਿਰਮਲ ਸਿੰਘ ਦੁਆਰਾ ਪੇਸ਼ ਕੀਤੇ ਗਏ ਉਕਤ ਟਰੈਕ ਦੇ ਬੋਲ ਅਤੇ ਸੰਗੀਤ ਦੀ ਸਿਰਜਣਾ ਕੁਲਸ਼ਾਨ ਸੰਧੂ ਨੇ ਕੀਤੀ ਹੈ, ਜਦਕਿ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਮਨਿੰਦਰ ਫਾਰਮਰ ਨੇ ਬਣਾਇਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਗੀਤ ਗੋਰਾਇਆ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਮੂਲ ਰੂਪ ਵਿੱਚ ਹਰਿਆਣਾ ਦੇ ਅੰਬਾਲਾ ਨਾਲ ਸੰਬੰਧਤ ਇਸ ਹੋਣਹਾਰ ਗਾਇਕ ਨੇ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਜਾਰੀ ਕੀਤੇ ਗਏ ਉਕਤ ਟਰੈਕ ਨੂੰ ਮਿਲ ਰਹੇ ਹੁੰਗਾਰੇ ਤੋਂ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਫਾਰਮੂਲਾ ਸੰਗੀਤ ਅਤੇ ਗਾਇਕੀ ਤੋਂ ਉਹ ਹਮੇਸ਼ਾ ਦੂਰੀ ਬਣਾ ਕੇ ਚੱਲਦੇ ਆ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਉਨਾਂ ਦੇ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਜਾਰੀ ਹੋਏ ਹਰ ਗਾਣੇ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਸਨੇਹ ਅਤੇ ਮਕਬੂਲੀਅਤ ਨਾਲ ਨਿਵਾਜਿਆ ਗਿਆ ਹੈ।
ਦੁਨੀਆਂ ਭਰ ਵਿੱਚ ਆਪਣੀ ਗਾਇਕੀ ਦਾ ਲੋਹਾ ਮੰਨਵਾ ਰਹੇ ਇਸ ਗਾਇਕ ਨੇ ਅੱਗੇ ਦੱਸਿਆ ਕਿ ਆਪਣੇ ਗਾਣੇ ਦੇ ਸ਼ਬਦਾਂ ਅਤੇ ਸੰਗੀਤ ਰਚਨਾ ਤੋਂ ਲੈ ਕੇ ਮਿਊਜ਼ਿਕ ਵੀਡੀਓ ਤੱਕ ਆਦਿ ਹਰ ਪਹਿਲੂ ਨੂੰ ਉਹ ਪੂਰਨ ਗੁਣਵੱਤਾ ਅਤੇ ਉਮਦਾ ਰੂਪ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਹੀ ਨੌਜਵਾਨਾਂ ਦੇ ਨਾਲ ਬਜ਼ੁਰਗਾਂ ਤੱਕ ਦੀ ਭਰਵੀਂ ਸਲਾਹੁਤਾ ਉਨਾਂ ਦੀ ਗਾਇਕੀ ਨੂੰ ਲਗਾਤਾਰ ਮਿਲ ਰਹੀ ਹੈ, ਜੋ ਕਿ ਉਨਾਂ ਲਈ ਬਹੁਤ ਹੀ ਬਹੁਤ ਹੀ ਮਾਣ ਵਾਲੀ ਗੱਲ ਹੈ।
ਪੜਾਅ-ਦਰ-ਪੜਾਅ ਹੋਰ ਨਵੇਂ ਸੰਗੀਤਕ ਆਯਾਮ ਸਿਰਜਣ ਵੱਲ ਵੱਧ ਰਹੇ ਇਸ ਬਾਕਮਾਲ ਅਤੇ ਸੁਪ੍ਰਸਿੱਧ ਗਾਇਕ ਦੇ ਹਿੱਟ ਰਹੇ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਮੇਰੀ ਮਾਂ', 'ਚੇਤੇ ਕਰਦਾ', 'ਤੇਰੇ ਪਿੰਡ', 'ਕੰਗਣਾ', 'ਵਿਆਹ ਵਾਲੀ ਜੋੜੀ', 'ਅਰਬਨ ਜੱਟ', 'ਮੁਟਿਆਰ' ਅਤੇ 'ਹੁਸਨ' ਆਦਿ ਸ਼ੁਮਾਰ ਰਹੇ ਹਨ।
ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਇਸ ਅਜ਼ੀਮ ਗਾਇਕ ਨੇ ਦੱਸਿਆ ਕਿ ਜਲਦੀ ਹੀ ਉਹ ਆਪਣਾ ਨਵਾਂ ਸੋਲੋ ਗਾਣਾ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣਗੇ, ਜਿਸ ਨੂੰ ਵੀ ਅਲਹਦਾ ਸੰਗੀਤਕ ਰੰਗ ਦੇਣ ਦੀ ਕੋਸ਼ਿਸ਼ ਉਨਾਂ ਵੱਲੋਂ ਕੀਤੀ ਜਾ ਰਹੀ ਹੈ।