ਚੰਡੀਗੜ੍ਹ: ਪੰਜਾਬੀ ਗਾਇਕੀ ਨੂੰ ਵਿਲੱਖਣ ਅਤੇ ਮਿਆਰੀ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਰਣਜੀਤ ਬਾਵਾ, ਜੋ ਅਪਣੀ ਵਿਸ਼ੇਸ਼ ਈਪੀ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਕੱਲ੍ਹ 09 ਮਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਰਣਜੀਤ ਬਾਵਾ' ਵੱਲੋਂ ਆਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਈਪੀ ਵਿੱਚ ਕੁੱਲ ਛੇ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਨੂੰ ਵੱਖ-ਵੱਖ ਗੀਤਕਾਰਾਂ ਅਤੇ ਸੰਗੀਤਕਾਰਾਂ ਵੱਲੋਂ ਬਿਹਤਰੀਨ ਸ਼ਬਦਾਂਵਲੀ ਅਤੇ ਸਦਾ ਬਹਾਰ ਸੰਗੀਤ ਨਾਲ ਸੰਜੋਇਆ ਗਿਆ ਹੈ।
ਪੁਰਾਤਨ ਲੋਕ ਗਾਥਾਵਾਂ, ਆਪਸੀ ਰਿਸ਼ਤਿਆਂ ਦੀ ਮਹੱਤਤਾ, ਅਤੀਤ ਦੀਆਂ ਗਹਿਰਾਈਆਂ ਵਿੱਚ ਦਫਨ ਹੋ ਰਹੇ ਪਿੰਡਾਂ ਦੇ ਅਸਲ ਮਾਹੌਲ, ਸਮਾਜਿਕ ਸਰੋਕਾਰਾਂ ਅਤੇ ਅਜੋਕੇ ਪੰਜਾਬ ਦੇ ਵੱਖੋ-ਵੱਖਰੇ ਮੁੱਦਿਆਂ ਦੇ ਨਾਲ-ਨਾਲ ਪੰਜਾਬੀ ਰੀਤੀ ਰਿਵਾਜਾਂ, ਕਦਰਾਂ-ਕੀਮਤਾਂ ਦੀ ਬਾਤ ਅਤੇ ਸਾਂਝ ਪਾਉਂਦੇ ਉਕਤ ਈਪੀ ਵਿੱਚ ਸ਼ਾਮਿਲ ਕੀਤੇ ਗਏ ਗੀਤਾਂ ਅਤੇ ਇੰਨ੍ਹਾਂ ਦੇ ਅਹਿਮ ਗੀਤ-ਸੰਗੀਤਕ ਪੱਖਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਲੱਧੀ-ਦੁੱਲਾ (ਸੰਗੀਤ-ਐਮਵੀ, ਗੀਤਕਾਰ-ਚਰਨ ਲਿਖਾਰੀ), ਕਾਲੀਆਂ ਰਾਤਾਂ (ਸੰਗੀਤ-ਨਿੱਕ ਡੀ ਗਿੱਲ, ਗੀਤਕਾਰ-ਮਨਦੀਪ ਮਾਵੀ), ਅੰਬਰਸਰ ਦਾ ਟੇਸ਼ਣ (ਸੰਗੀਤ-ਐਮ ਵੀ, ਗੀਤਕਾਰ-ਲਵਲੀ ਨੂਰ), ਪਿੰਡਾਂ ਵਾਲੇ (ਸੰਗੀਤ-ਬਲੈਕ ਵਾਇਰਸ, ਗੀਤਕਾਰ-ਜਸ਼ਨ ਜਗਦੇਵ), ਸਕੇ ਭਰਾ (ਸੰਗੀਤ ਐਮਵੀ, ਗੀਤਕਾਰ-ਜਗਜੀਤ), ਪੰਜਾਬ ਦੀ ਗੱਲ (ਸੰਗੀਤ ਬਲੈਕ ਵਾਇਰਸ, ਗੀਤਕਾਰ-ਸੁੱਖ ਆਮਦ) ਆਦਿ ਸ਼ੁਮਾਰ ਹਨ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਨਾਯਾਬ ਗਾਇਨ ਕਲਾ ਦਾ ਲੋਹਾ ਮੰਨਵਾ ਰਹੇ ਗਾਇਕ ਰਣਜੀਤ ਬਾਵਾ ਅਨੁਸਾਰ ਉਕਤ ਈਪੀ ਵਿਚਲੇ ਗੀਤਾਂ ਸੰਬੰਧਤ ਮਿਊਜ਼ਿਕ ਵੀਡੀਓਜ਼ ਵੀ ਬੇਹੱਦ ਸ਼ਾਨਦਾਰ ਅਤੇ ਪ੍ਰਭਾਵੀ ਬਣਾਏ ਜਾ ਰਹੇ ਹਨ, ਜਿੰਨ੍ਹਾਂ ਨੂੰ ਵੱਖ-ਵੱਖ ਨਿਰਦੇਸ਼ਕਾਂ ਵੱਲੋਂ ਨਿਰਦੇਸ਼ਤ ਕੀਤਾ ਜਾ ਰਿਹਾ ਹੈ।
ਗਾਇਕੀ ਦੇ ਨਾਲ ਪੰਜਾਬੀ ਸਿਨੇਮਾ ਖਿੱਤੇ ਵਿੱਚ ਵੀ ਬਰਾਬਰਤਾ ਨਾਲ ਆਪਣੀ ਮੌਜ਼ੂਦਗੀ ਦਾ ਇਜ਼ਹਾਰ ਕਰਵਾ ਰਹੇ ਹਨ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ, ਜੋ ਇੰਨੀਂ ਦਿਨੀਂ ਕਈ ਪੰਜਾਬੀ ਫਿਲਮਾਂ ਦਾ ਹਿੱਸਾ ਬਣੇ ਹੋਏ ਹਨ, ਜਿਸ ਤੋਂ ਇਲਾਵਾ ਜੇਕਰ ਉਨ੍ਹਾਂ ਦੀਆਂ ਆਉਣ ਵਾਲੀਆਂ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਕਾਲੇ ਕੱਛਿਆ ਵਾਲੇ' ਆਦਿ ਸ਼ੁਮਾਰ ਹਨ।