ਚੰਡੀਗੜ੍ਹ: ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਅਲਹਦਾ ਨਾਂਅ ਅਤੇ ਸ਼ਾਨਦਾਰ ਵਜੂਦ ਸਥਾਪਿਤ ਕਰ ਚੁੱਕੇ ਹਨ ਚਰਚਿਤ ਗਾਇਕ ਰਾਜ ਜੁਝਾਰ, ਜੋ ਅਪਣੇ ਨਵੇਂ ਗਾਣੇ 'ਭਾਬੀ ਅਤੇ ਨਣਾਨ' ਨਾਲ ਸੰਗੀਤਕ ਖੇਤਰ ਵਿੱਚ ਮੁੜ ਧਮਾਲ ਮਚਾਉਣ ਜਾ ਰਹੇ ਹਨ, ਜਿੰਨਾਂ ਦਾ ਇਹ ਬੀਟ ਸੋਂਗ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਜੌਹਲ ਰਿਕਾਰਡਜ਼' ਦੇ ਸੰਗੀਤਕ ਲੇਬਲ ਹੇਠ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਰੋਮੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਦ ਕਿ ਇਸ ਦੇ ਬੋਲ ਨਿੱਕਾ ਢਿੱਲੋਂ ਨੇ ਰਚੇ ਹਨ, ਜਿੰਨਾਂ ਦੀ ਪ੍ਰਭਾਵੀ ਲੇਖਨ-ਸ਼ੈਲੀ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਸਿਰਜਿਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਟੀਮ ਜੇਡੀ ਫਿਲਮ ਦੁਆਰਾ ਕੀਤੀ ਗਈ ਹੈ।
ਪੁਰਾਤਨ ਰੀਤੀ-ਰਿਵਾਜਾਂ ਦੀ ਤਰਜ਼ਮਾਨੀ ਕਰਦੇ ਅਤੇ ਮੋਹ ਭਰੇ ਆਪਸੀ ਰਿਸ਼ਤਿਆਂ ਵਿਚਲੀ ਨੋਕ ਝੋਕ ਦਾ ਖੂਬਸੂਰਤੀ ਨਾਲ ਪ੍ਰਗਟਾਵਾ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਅਦਾਕਾਰਾਂ ਅਨਮੋਲ ਸਿੱਧੂ ਅਤੇ ਨਵਜੋਤ ਕੌਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਦੋਹਾਂ ਵੱਲੋਂ ਕੀਤੀ ਗਈ ਸ਼ਾਨਦਾਰ ਫੀਚਰਿੰਗ ਨੂੰ ਹੋਰ ਪ੍ਰਭਾਵੀ ਮੁਹਾਂਦਰਾ ਦੇਣ ਵਿੱਚ ਕੈਮਰਾਮੈਨ ਅਤੇ ਵਿਸ਼ਾ ਲੇਖਕ ਜੱਸ ਢਿੱਲੋਂ ਵੱਲੋਂ ਵੀ ਅਹਿਮ ਯੋਗਦਾਨ ਦਿੱਤਾ ਗਿਆ ਹੈ।
ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਲਗਾਏ ਗਏ ਵਿਸ਼ੇਸ਼ ਸੈੱਟਸ ਉਪਰ ਫਿਲਮਾਏ ਗਏ ਉਕਤ ਗਾਣੇ ਨੂੰ ਪੁਰਾਤਨ ਪੰਜਾਬ ਦੇ ਠੇਠ ਦੇਸੀ ਅੰਦਾਜ਼ ਵਿੱਚ ਕੈਮਰਾਬੱਧ ਕੀਤਾ ਗਿਆ ਹੈ ਅਤੇ ਇਸੇ ਅਨੁਸਾਰ ਪਹਿਰਾਵਿਆਂ ਦੀ ਵੀ ਚੋਣ ਕੀਤੀ ਗਈ ਹੈ ਤਾਂ ਜੋ ਧੁੰਦਲੇ ਪੈਂਦੇ ਜਾ ਰਹੇ ਅਸਲ ਪੰਜਾਬੀ ਰੰਗਾਂ ਨੂੰ ਅਤੇ ਦੂਰੀਆਂ ਰੂਪੀ ਖਲਾਅ ਵਿੱਚ ਮਿਲਦੇ ਜਾ ਰਹੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਮੁੜ ਗੂੜਾ ਅਤੇ ਮਜ਼ਬੂਤ ਕੀਤਾ ਜਾ ਸਕੇ।
ਪੰਜਾਬੀ ਮਿਊਜ਼ਿਕ ਦੇ ਨਾਲ-ਨਾਲ ਪੰਜਾਬੀ ਫਿਲਮਾਂ ਵਿੱਚ ਵੀ ਨਿਵੇਕਲੀ ਪਹਿਚਾਣ ਅਤੇ ਹੋਂਦ ਦੇ ਪ੍ਰਗਟਾਵੇ ਲਈ ਲਗਾਤਾਰ ਯਤਨਸ਼ੀਲ ਹਨ ਰਾਏ ਜੁਝਾਰ, ਜਿਸ ਵੱਲੋਂ ਗਾਏ ਅਨੇਕਾਂ ਹੀ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨਾਂ ਵਿੱਚ 'ਵੱਖ ਰੋਵੇ', 'ਘੈਂਟ ਬੰਦੇ', 'ਰੱਬ ਜੇਹੇ', 'ਜੱਟੀ ਰੇਡੂਆ ਵਜਾਵੇ', 'ਪੀਰ', 'ਨਨਕਾਣਾ', 'ਇੰਨਕਲਾਬ','ਖੰਡ ਦਾ ਖਿਡੌਣਾ', 'ਪਿੰਜਰਾਂ', 'ਪੇਕੇ ਨੱਚੀਆ', 'ਦਿਲ ਵਾਲੇ ਦੁੱਖੜੇ', 'ਸਾਹਾਂ ਦੀ ਰਾਤ' ਆਦਿ ਸ਼ੁਮਾਰ ਰਹੇ ਹਨ।