ਚੰਡੀਗੜ੍ਹ: ਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਪੰਜਾਬ-ਹਰਿਆਣਾ ਦੇ ਨਾਲ-ਨਾਲ ਕਈ ਹੋਰ ਰਾਜਾਂ ਦੇ ਕਿਸਾਨ ਵੀ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੇ ਇਸ ਨੂੰ 'ਚਲੋ ਦਿੱਲੀ ਮਾਰਚ' ਦਾ ਨਾਂ ਦਿੱਤਾ ਹੈ ਪਰ ਇਸ ਨੂੰ ਕਿਸਾਨ ਅੰਦੋਲਨ 2.0 ਵੀ ਕਿਹਾ ਜਾ ਰਿਹਾ ਹੈ। ਦਰਅਸਲ, ਇਸ ਕਿਸਾਨ ਅੰਦੋਲਨ ਦਾ ਪੈਟਰਨ 2020-2021 ਦੇ ਕਿਸਾਨ ਅੰਦੋਲਨ ਵਰਗਾ ਹੀ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਰਾਜਾਂ ਦੇ ਕਿਸਾਨ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਹੁਣ ਇਸ ਅੰਦੋਲਨ ਵਿੱਚ ਪੰਜਾਬੀ ਮੰਨੋਰੰਜਨ ਜਗਤ ਦੇ ਵੀ ਕਾਫੀ ਸਾਰੇ ਸਿਤਾਰੇ ਸ਼ਾਮਿਲ ਹੋ ਗਏ ਹਨ ਅਤੇ ਉਹ ਆਪਣੇ-ਆਪਣੇ ਤਰੀਕੇ ਨਾਲ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਨਾਂਅ ਸ਼੍ਰੀ ਬਰਾੜ ਨੇ ਵੀ ਇਸ ਅੰਦੋਲਨ ਵਿੱਚ ਆਪਣਾ ਹਿੱਸਾ ਪਾਇਆ ਹੈ।
- " class="align-text-top noRightClick twitterSection" data="">
ਜੀ ਹਾਂ...ਅੱਜ 22 ਫਰਵਰੀ ਨੂੰ ਗਾਇਕ ਸ਼੍ਰੀ ਬਰਾੜ ਨੇ ਆਪਣੇ ਯੂਟਿਊਬ ਚੈਨਲ ਉਤੇ 'ਕਿਸਾਨ ਐਂਥਨ 3' ਨਾਂਅ ਦੇ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਇਸ ਗੀਤ ਨੂੰ ਖੁਦ ਗਾਇਕ ਬਰਾੜ ਨੇ ਲਿਖਿਆ ਹੈ ਅਤੇ ਇਸ ਨੂੰ ਪੰਜਾਬ ਹਰਿਆਣਾ ਇੰਡਸਟਰੀ ਵੱਲੋਂ ਗਾਇਆ ਗਿਆ ਹੈ। ਗੀਤ ਵਿੱਚ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਜੋ ਵਾਪਰਿਆ ਹੈ, ਉਸ ਬਾਰੇ ਗੱਲ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਪਹਿਲਾਂ ਵਾਲੇ ਅੰਦੋਲਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਗੀਤ ਵਿੱਚ ਗਾਇਕ ਕੇਂਦਰ ਸਰਕਾਰ ਨੂੰ ਅੜ੍ਹੇ ਹੱਥੀ ਲੈਂਦੇ ਨਜ਼ਰੀ ਪੈ ਰਹੇ ਹਨ। ਟੀਜ਼ਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ।
ਉਲੇਖਯੋਗ ਹੈ ਕਿ ਸ਼੍ਰੀ ਬਰਾੜ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਅਦਾਕਾਰਾਂ ਅਤੇ ਗਾਇਕਾਂ ਨੇ ਇਸ ਅੰਦੋਲਨ ਨਾਲ ਆਪਣੀ ਸਹਿਮਤੀ ਜਤਾਈ ਹੈ, ਇਸ ਵਿੱਚ ਇੰਦਰਜੀਤ ਸਿੰਘ ਨਿੱਕੂ, ਹਰਜੀਤ ਹਰਮਨ ਵਰਗੇ ਕਾਫੀ ਸਾਰੇ ਕਲਾਕਾਰਾਂ ਸ਼ਾਮਿਲ ਹਨ।
ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕ ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਉਤੇ ਕਿਸਾਨ ਅੰਦੋਲਨ ਸੰਬੰਧੀ ਲਿਖਿਆ, 'ਅੱਜ ਖਨੌਰੀ ਬਾਰਡਰ 'ਤੇ ਹੋਈ ਘਟਨਾ, ਜਿਸ ਵਿੱਚ ਨੌਜਵਾਨ ਸ਼ੁੱਭਕਰਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ, ਅਤਿ ਨਿੰਦਣਯੋਗ ਹੈ। ਜਿਸ ਦੀ ਹਰ ਇਨਸਾਨ ਨੇ ਨਿੰਦਾ ਕੀਤੀ ਹੈ, ਇੱਕ ਪਾਸੇ ਕਿਸਾਨ ਨੇ, ਦੂਜੇ ਪਾਸੇ ਜਵਾਨ ਨੇ...ਦੋਵੇਂ ਇੱਕੋ ਮੁਲਖ ਦੇ ਵਾਸੀ ਅਤੇ ਇੱਕੋ ਮਿੱਟੀ ਦੇ ਜਾਏ।'
ਗਾਇਕ ਨੇ ਅੱਗੇ ਲਿਖਿਆ, 'ਕਿਸਾਨੀ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ ਅਤੇ ਫਸਲਾਂ ਅਤੇ ਨਸਲਾਂ ਬਚਾਉਣਾ ਸਾਡਾ ਫਰਜ਼ ਹੈ। ਸਾਰੇ ਰਲ਼ ਕੇ ਜ਼ਰੂਰ ਸਾਥ ਦਿਓ ਜੀ ਪਰ ਨਾਲ ਹੀ ਇੱਕ ਦਿਲੋਂ ਅਪੀਲ ਕਿ ਕਿਸਾਨੀ ਸੰਘਰਸ਼ ਦਾ ਸਾਥ ਦੇ ਰਹੇ ਹਰ ਇਨਸਾਨ ਨੂੰ ਕਿ ਆਓ ਆਪਾਂ ਸ਼ਾਂਤੀ ਪੂਰਵਕ ਆਪਣੇ ਹੱਕਾਂ ਲਈ ਰੋਸ ਕਰੀਏ ਅਤੇ ਪਰਮਾਤਮਾ ਦੇ ਭਰੋਸਾ ਰੱਖੀਏ ਕਿ ਜਿਵੇਂ ਆਪਣੀ ਪਹਿਲਾਂ ਵੀ ਕਿਸਾਨੀ ਸੰਘਰਸ਼ 'ਚ ਜਿੱਤ ਹੋਈ ਆ। ਇਸ ਵਾਰ ਵੀ ਜ਼ਰੂਰ ਜਿੱਤਾਂਗੇ ਬੱਸ ਏਕਾ ਬਣਾਕੇ ਰੱਖਿਓ।'