ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਆਪਣੀ ਧਾਂਕ ਜਮਾਉਣ ਵਿੱਚ ਸਫਲ ਰਹੇ ਹਨ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ, ਜੋ ਆਪਣਾ ਨਵਾਂ ਗਾਣਾ 'ਸਮੱਗ' ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦਾ ਇਹ ਇੱਕ ਹੋਰ ਪ੍ਰਭਾਵੀ ਗੀਤ 10 ਅਪ੍ਰੈਲ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਸਪੀਡ ਰਿਕਾਰਡਜ਼' ਅਤੇ 'ਟਾਈਮਜ਼ ਮਿਊਜ਼ਿਕ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਟਰੈਕ ਦਾ ਸੰਗੀਤ ਬਲੈਕ ਵਾਇਰਸ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਗੁਰਜੀਤ ਗਿੱਲ ਨੇ ਰਚੇ ਹਨ, ਜਿੰਨ੍ਹਾਂ ਵੱਲੋਂ ਲਿਖੇ ਕਈ ਗੀਤ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਹਾਲੀਆ ਦਿਨਾਂ ਵਿੱਚ ਰਿਲੀਜ਼ ਹੋਈ ਅਤੇ ਸ਼ਿਤਿਜ਼ ਚੌਧਰੀ ਨਿਰਦੇਸ਼ਿਤ ਆਪਣੀ ਫਿਲਮ 'ਪ੍ਰਾਹੁਣਾ 2' ਨੂੰ ਲੈ ਕੇ ਵੀ ਇੰਨੀਂ-ਦਿਨੀਂ ਪਾਲੀਵੁੱਡ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ ਇਹ ਪ੍ਰਤਿਭਾਵਾਨ ਅਦਾਕਾਰ, ਜਿੰਨ੍ਹਾਂ ਦੀ ਉਮਦਾ ਅਦਾਕਾਰੀ ਨਾਲ ਸਜੀ ਇਹ ਫਿਲਮ ਦੇਸ਼-ਵਿਦੇਸ਼ ਵਿੱਚ ਚੰਗਾ ਸਿਨੇਮਾ ਕਾਰੋਬਾਰ ਕਰਨ ਵਿੱਚ ਸਫ਼ਲ ਰਹੀ ਹੈ, ਜਿਸ ਨਾਲ ਇੱਕ ਵਾਰ ਫਿਰ ਮਣਾਂਮੂਹੀ ਸਲਾਹੁਤਾ ਹਾਸਿਲ ਕਰ ਰਹੇ ਇਹ ਸ਼ਾਨਦਾਰ ਅਦਾਕਾਰ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਵੱਡੇ ਪੰਜਾਬੀ ਫਿਲਮਾਂ ਪ੍ਰੋਜੈਕਟਸ ਦਾ ਹਿੱਸਾ ਬਣਨ ਜਾ ਰਹੇ ਹਨ।
ਮਿਊਜ਼ਿਕ ਅਤੇ ਸਿਨੇਮਾ ਦੋਵਾਂ ਹੀ ਖੇਤਰਾਂ ਵਿੱਚ ਬਰਾਬਰਤਾ ਨਾਲ ਆਪਣੀਆਂ ਪੈੜਾਂ ਪੜਾਅ ਦਰ ਪੜਾਅ ਹੋਰ ਮਜ਼ਬੂਤ ਕਰਦੇ ਜਾ ਰਹੇ ਹਨ ਇਹ ਬਿਹਤਰੀਨ ਗਾਇਕ ਅਤੇ ਅਦਾਕਾਰ, ਜੋ ਰਿਲੀਜ਼ ਹੋਣ ਜਾ ਇੱਕ ਹੋਰ ਬਿੱਗ ਸੈਟਅੱਪ ਪੰਜਾਬੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਿੱਚ ਵੀ ਲੀਡਿੰਗ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ, ਜਿੰਨ੍ਹਾਂ ਦੀ ਇਹ ਬਹੁ-ਚਰਚਿਤ ਫਿਲਮ ਸਾਲ 2018 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਗੋਲਕ ਬੁਗਨੀ ਬੈਂਕ ਤੇ ਬਟੂਆ ਦੇ ਸੀਕਵਲ ਦੇ ਤੌਰ 'ਤੇ ਸਾਹਮਣੇ ਲਿਆਂਦੀ ਜਾ ਰਹੀ, ਜਿਸ ਦਾ ਨਿਰਦੇਸ਼ਨ ਜਨਜੋਤ ਸਿੰਘ ਵੱਲੋਂ ਕੀਤਾ ਗਿਆ ਹੈ।
ਮਿਆਰੀ ਅਤੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਗਾਣਿਆਂ ਅਤੇ ਗਾਇਕੀ ਨੂੰ ਪ੍ਰਮੁੱਖਤਾ ਦੇ ਰਹੇ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਦੇ ਹੁਣ ਤੱਕ ਦੇ ਗਾਇਕੀ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਥੋੜਾ ਪਰ ਚੰਗਾ ਗਾਉਣਾ ਪਸੰਦ ਕਰਦੇ ਹਨ ਇਹ ਬਾਕਮਾਲ ਗਾਇਕ, ਜਿੰਨ੍ਹਾਂ ਦੀ ਦਿਲਾਂ ਅਤੇ ਮਨਾਂ ਨੂੰ ਝਕਝੋਰਦੀ ਗਾਇਕੀ ਦਾ ਪ੍ਰਗਟਾਵਾ ਆਉਣ ਵਾਲੇ ਦਿਨਾਂ ਵਿੱਚ ਜਾਰੀ ਹੋਣ ਵਾਲੇ ਕਈ ਹੋਰ ਗਾਣੇ ਵੀ ਕਰਵਾਉਣਗੇ, ਜਿੰਨ੍ਹਾਂ ਨੂੰ ਵੀ ਅੰਤਿਮ ਛੋਹਾਂ ਦੇਣ ਦੀ ਕਵਾਇਦ ਉਨਾਂ ਵੱਲੋਂ ਤੇਜ਼ੀ ਨਾਲ ਜਾਰੀ ਹੈ।