ਚੰਡੀਗੜ੍ਹ: ਪੰਜਾਬੀ ਗਾਇਕ-ਅਦਾਕਾਰ ਪਰਮੀਸ਼ ਵਰਮਾ ਇਸ ਸਮੇਂ ਆਪਣੀ ਨਵੀਂ ਈਪੀ ਨੂੰ ਲੈ ਕੇ ਚਰਚਾ ਵਿੱਚ ਹਨ, ਜਿਸ ਦਾ ਇੱਕ ਗੀਤ 15 ਫਰਵਰੀ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਹੁਣ ਇਹ ਗਾਇਕ ਇੱਕ ਵਾਰ ਫਿਰ ਚਰਚਾ ਵਿੱਚ ਹਨ। ਇਸ ਵਾਰ ਚਰਚਾ ਵਿੱਚ ਆਉਣ ਦਾ ਕਾਰਨ ਉਹਨਾਂ ਦੇ ਘਰ ਆਇਆ ਨੰਨ੍ਹਾ ਮਹਿਮਾਨ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਪੰਜਾਬੀ ਗਾਇਕ ਪਰਮੀਸ਼ ਵਰਮਾ ਦੀ ਪਤਨੀ ਗੀਤ ਵਰਮਾ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਗੀਤ ਨੇ ਲਿਖਿਆ ਹੈ, 'ਸਾਡੇ ਪਰਿਵਾਰ ਦੇ ਸਭ ਤੋਂ ਨਵੇਂ ਮੈਂਬਰ ਨੂੰ ਮਿਲੋ।' ਇਸ ਦੇ ਨਾਲ ਹੀ ਗੀਤ ਨੇ ਇੱਕ Puppy ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਤਸਵੀਰਾਂ ਵਿੱਚ Puppy ਨੂੰ ਪਰਮੀਸ਼ ਵਰਮਾ ਦੀ ਧੀ ਸਦਾ ਪਿਆਰ ਕਰਦੀ ਨਜ਼ਰ ਆ ਰਹੀ ਹੈ, ਇਸ ਤੋਂ ਇਲਾਵਾ ਕਈ ਤਸਵੀਰਾਂ ਵਿੱਚ ਇੱਕਲਾ Puppy ਵੀ ਨਜ਼ਰ ਆ ਰਿਹਾ ਹੈ।
ਉਲੇਖਯੋਗ ਹੈ ਕਿ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਪ੍ਰੇਮਿਕਾ ਗੀਤ ਗਰੇਵਾਲ ਨਾਲ 21 ਅਕਤੂਬਰ 2021 ਵਿੱਚ ਵਿਆਹ ਕਰਵਾਇਆ ਸੀ। ਪਿਛਲੇ ਸਾਲ ਅਦਾਕਾਰ-ਗਾਇਕ ਨੇ ਆਪਣੇ ਪਹਿਲੇ ਬੱਚੇ ਯਾਨੀ ਕਿ ਆਪਣੀ ਧੀ ਸਦਾ ਦਾ ਸੁਆਗਤ ਕੀਤਾ ਸੀ।
ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਇਸ ਸਮੇਂ ਖੂਬਸੂਰਤ ਅਦਾਕਾਰਾ ਵਾਮਿਕਾ ਗੱਬੀ ਨਾਲ ਫਿਲਮ 'ਤਬਾਹ' ਨੂੰ ਲੈ ਕੇ ਚਰਚਾ ਵਿੱਚ ਹਨ। ਇਹ ਫਿਲਮ ਇਸ ਸਾਲ ਰਿਲੀਜ਼ ਹੋ ਜਾਵੇਗੀ। ਇਸ ਤੋਂ ਇਲਾਵਾ ਗਾਇਕ ਕਈ ਗੀਤਾਂ ਨੂੰ ਲੈ ਕੇ ਵੀ ਚਰਚਾ ਵਿੱਚ ਹਨ।