ਚੰਡੀਗੜ੍ਹ: ਹਾਲ ਹੀ ਵਿੱਚ ਪੰਜਾਬੀ ਮਨੋਰੰਜਨ ਜਗਤ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜੀ ਹਾਂ...ਮੋਹਾਲੀ ਦੇ ਸੈਕਟਰ 79 ਸਥਿਤ ਕਟਾਣੀ ਪ੍ਰੀਮੀਅਮ ਢਾਬੇ 'ਤੇ ਅਣਪਛਾਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਦੋਂ ਢਾਬੇ 'ਤੇ ਗੋਲੀਬਾਰੀ ਹੋਈ ਤਾਂ ਪੰਜਾਬੀ ਗਾਇਕ ਅਤੇ ਲੇਖਕ ਬੰਟੀ ਬੈਂਸ ਢਾਬੇ 'ਤੇ ਆਪਣੇ ਦੋਸਤਾਂ ਨਾਲ ਬੈਠੇ ਸਨ।
ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਬੰਬੀਹਾ ਗੈਂਗ ਵੱਲੋਂ ਕੀਤੀ ਗਈ ਸੀ, ਜਿਸ ਵਿੱਚ ਗੈਂਗਸਟਰ ਲੱਕੀ ਪਟਿਆਲ ਗਰੁੱਪ ਦਾ ਨਾਂ ਸਾਹਮਣੇ ਆ ਰਿਹਾ ਹੈ। ਪੁਲਿਸ ਸੂਤਰਾਂ ਅਨੁਸਾਰ ਬੰਟੀ ਬੈਂਸ ਤੋਂ ਕੁਝ ਦਿਨ ਪਹਿਲਾਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਘਟਨਾ ਸਥਾਨ 'ਤੇ ਕਰੀਬ ਪੰਜ ਗੋਲੀਆਂ ਚਲਾਈਆਂ ਗਈਆਂ ਹਨ। ਮੌਕੇ 'ਤੇ ਗੋਲੀਆਂ ਦੇ ਖੋਲ ਮਿਲੇ ਹਨ, ਇੱਕ ਗੋਲੀ ਢਾਬੇ ਦੀ ਕੰਧ 'ਚ ਲੱਗੀ ਹੋਈ ਮਿਲੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੰਟੀ ਬੈਂਸ ਨੇ ਢਾਬੇ 'ਤੇ ਬੈਠਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ 15 ਮਿੰਟ ਤੱਕ ਢਾਬੇ 'ਤੇ ਗੋਲੀਬਾਰੀ ਹੋਈ ਸੀ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਲੇਖਯੋਗ ਹੈ ਕਿ ਬੰਟੀ ਬੈਂਸ ਦੀ ਆਪਣੀ ਮਿਊਜ਼ਿਕ ਇੰਡਸਟਰੀ ਹੈ, ਉਸ ਨੇ ਜੌਰਡਨ ਸੰਧੂ, ਐਮੀ ਵਿਰਕ, ਜੈਜ਼ੀ ਬੀ ਵਰਗੇ ਕਈ ਮਸ਼ਹੂਰ ਗਾਇਕਾਂ ਲਈ ਗੀਤ ਲਿਖੇ ਹਨ। ਇਸ ਦੌਰਾਨ ਜੇਕਰ ਬੰਟੀ ਬੈਂਸ ਦੇ ਕੁਝ ਸਭ ਤੋਂ ਵੱਧ ਪ੍ਰਸਿੱਧ ਗੀਤਾਂ ਬਾਰੇ ਗੱਲ ਕਰੀਏ ਤਾਂ ਇਸ ਵਿੱਚ 'ਅੱਜ ਕੱਲ੍ਹ ਅੱਜ ਕੱਲ੍ਹ', 'ਚੰਡੀਗੜ੍ਹ ਰਹਿਣ ਵਾਲੀਏ' ਅਤੇ 'ਲਲਕਾਰੇ' ਵਰਗੇ ਸ਼ਾਨਦਾਰ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਉਸਨੇ ਕੌਰ ਬੀ ਅਤੇ ਜੈਨੀ ਜੌਹਲ ਵਰਗੀਆਂ ਮਸ਼ਹੂਰ ਪੰਜਾਬੀ ਗਾਇਕਾਵਾਂ ਨੂੰ ਵੀ ਪ੍ਰਮੋਟ ਕੀਤਾ ਹੈ।