ਚੰਡੀਗੜ੍ਹ: ਪੰਜਾਬੀ ਸਿਨੇਮਾ ਜਗਤ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਉਭਰਦੀ ਅਦਾਕਾਰਾ ਕਰਮ ਕੌਰ, ਜੋ ਸ਼ੁਰੂ ਹੋਣ ਜਾ ਰਹੀ ਅਹਿਮ ਅਤੇ ਪੀਰੀਅਡ-ਡਰਾਮਾ ਫਿਲਮ 'ਤੇਰਾ ਕਦ ਮੁਕਲਾਵਾ ਭਾਗਭਰੀ' ਦਾ ਅਹਿਮ ਹਿੱਸਾ ਬਣਨ ਜਾ ਰਹੀ ਹੈ, ਜਿਸ ਵਿੱਚ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ ਇਹ ਬਿਹਤਰੀਨ ਅਦਾਕਾਰਾ।
ਮਸ਼ਹੂਰ ਕਾਮੇਡੀਅਨ ਅਤੇ ਨਿਰਮਾਤਾ ਗੁਰਚੇਤ ਚਿੱਤਰਕਾਰ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਬਿਕਰਮ ਗਿੱਲ ਕਰ ਰਹੇ ਹਨ, ਜੋ ਇਨੀਂ ਦਿਨੀਂ ਕਾਫ਼ੀ ਤੇਜ਼ੀ ਨਾਲ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ।
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਚੌਖੀ ਭੱਲ ਕਾਇਮ ਕਰਨ ਦਾ ਮਾਣ ਹਾਸਿਲ ਕਰ ਰਹੀ ਹੈ ਬਹੁ-ਆਯਾਮੀ ਪ੍ਰਤਿਭਾ ਦੀ ਧਨੀ ਅਦਾਕਾਰਾ ਕਰਮ ਕੌਰ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਸ਼ਾਹਰੁਖ ਖਾਨ ਅਤੇ ਰਾਜ ਕੁਮਾਰ ਹਿਰਾਨੀ ਨਿਰਦੇਸ਼ਤ ਬਹੁ-ਚਰਚਿਤ ਹਿੰਦੀ ਫਿਲਮ 'ਡੰਕੀ' ਦਾ ਵੀ ਅਹਿਮ ਹਿੱਸਾ ਰਹੀ ਹੈ, ਜਿਸ ਵਿਚ ਉਸ ਵੱਲੋਂ ਨਿਭਾਈ ਪ੍ਰਭਾਵੀ ਭੂਮਿਕਾ ਨੂੰ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਦੁਆਰਾ ਭਰਵੀਂ ਸਲਾਹੁਤਾ ਨਾਲ ਨਿਵਾਜਿਆ ਗਿਆ ਹੈ।
ਸਿਨੇਮਾ ਖੇਤਰ ਵਿੱਚ ਪੜਾਅ ਦਰ ਪੜਾਅ ਹੋਰ ਉੱਚ ਬੁਲੰਦੀਆਂ ਦਾ ਪੈਂਡਾ ਤੈਅ ਕਰਦੀ ਜਾ ਰਹੀ ਇਸ ਹੋਣਹਾਰ ਅਦਾਕਾਰਾ ਨੇ ਉਕਤ ਫਿਲਮ ਵਿਚਲੇ ਕਿਰਦਾਰ ਅਤੇ ਹੋਰਨਾਂ ਅਹਿਮ ਪਹਿਲੂਆਂ ਬਾਰੇ ਵਿਸਥਾਰਕ ਗੱਲਬਾਤ ਕਰਦਿਆਂ ਦੱਸਿਆ ਕਿ ਪੁਰਾਤਨ ਪੰਜਾਬ ਅਤੇ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਉਸ ਦੀ ਭੂਮਿਕਾ ਇੱਕ ਠੇਠ-ਪੇਂਡੂ ਮੁਟਿਆਰ ਦੀ ਹੈ, ਜਿਸ ਲਈ ਪਰਿਵਾਰ ਅਤੇ ਅਸਲ ਸੰਸਕਾਰ ਬਹੁਤ ਮਾਇਨੇ ਰੱਖਦੇ ਹਨ।
ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸਿਨੇਮਾ ਖੇਤਰ ਵਿੱਚ ਵੀ ਕੁਝ ਨਿਵੇਕਲਾ ਕਰ ਗੁਜ਼ਰਣ ਦੀ ਤਾਂਘ ਰੱਖਦੀ ਇਸ ਬਾਕਮਾਲ ਅਦਾਕਾਰਾ ਨੇ ਅੱਗੇ ਦੱਸਿਆ ਕਿ ਬਹੁਤ ਹੀ ਭਾਵਨਾਤਮਕ ਅਤੇ ਦਿਲ-ਟੁੰਬਵੀਂ ਕਹਾਣੀ ਅਧੀਨ ਬੁਣੀ ਜਾ ਰਹੀ ਇਹ ਫਿਲਮ, ਜਿਸ ਵਿੱਚ ਗੰਭੀਰਤਾ ਦੇ ਨਾਲ-ਨਾਲ ਹਾਸਰਸ ਭਰੇ ਅਲੱਗ ਅਲੱਗ ਸਿਨੇਮਾ ਸਿਰਜਣਾ ਰੰਗ ਵੇਖਣ ਨੂੰ ਮਿਲਣਗੇ।
ਉਨਾਂ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਅੱਗੇ ਕਿਹਾ ਕਿ ਆਪਣੇ ਹੁਣ ਤੱਕ ਦੇ ਸਿਨੇਮਾ ਸਫ਼ਰ ਦੌਰਾਨ ਹਮੇਸ਼ਾ ਚੁਣਿੰਦਾ ਅਤੇ ਮਿਆਰੀ ਫਿਲਮਾਂ ਕਰਨ ਨੂੰ ਤਰਜ਼ੀਹ ਦਿੱਤੀ ਹੈ ਅਤੇ ਆਗਾਮੀ ਸਮੇਂ ਵੀ ਇਹੀ ਮਾਪਦੰਢ ਕਰੀਅਰ ਦਾ ਅਹਿਮ ਹਿੱਸਾ ਰਹਿਣਗੇ, ਤਾਂ ਕਿ ਦਰਸ਼ਕਾਂ ਨੂੰ ਹਰ ਰੋਲ ਦੁਆਰਾ ਕੁਝ ਵੱਖਰਾ ਅਤੇ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾਉਂਦਾ ਕੁਝ ਨਾ ਕੁਝ ਅਨੂਠਾ ਵੇਖਣ ਨੂੰ ਮਿਲ ਸਕੇ।