ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ 'ਚ ਇੰਨੀਂ-ਦਿਨੀਂ ਸਾਹਮਣੇ ਆ ਰਹੀਆਂ ਫਿਲਮਾਂ ਵੱਖ-ਵੱਖ ਰੰਗਾਂ ਦੀ ਸਿਰਜਨਾਤਮਕਤਾ ਦਾ ਅਨੂਠਾ ਇਜ਼ਹਾਰ ਕਰਵਾ ਰਹੀਆਂ ਹਨ, ਜਿਸ ਦੀ ਲੜੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਬਹੁ-ਚਰਚਿਤ ਪੰਜਾਬੀ ਫਿਲਮ 'ਰੋਡੇ ਕਾਲਜ', ਜਿਸ ਦਾ ਟਾਈਟਲ ਟਰੈਕ ਕੱਲ੍ਹ 31 ਮਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਰਾਜਾਸੂ ਫਿਲਮਜ਼' ਅਤੇ 'ਸਟੂਡੀਓ ਏਟ ਸੋਰਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਹੈਪੀ ਰੋਡੇ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮਾ ਵਿੱਚ ਇੱਕ ਨਵੀਂ ਪਾਰੀ ਦਾ ਆਗਾਜ਼ ਕਰਨਗੇ।
ਮਾਲਵਾ ਦੇ ਜ਼ਿਲ੍ਹਾਂ ਮੋਗਾ ਅਧੀਨ ਪੈਂਦੇ ਕਸਬੇ ਬਾਘਾਪੁਰਾਣਾ ਅਤੇ ਇਸਦੇ ਲਾਗਲੇ ਪੈਂਦੇ ਮਸ਼ਹੂਰ ਪਿੰਡ ਰੋਡੇ ਆਦਿ ਹਿੱਸਿਆਂ ਵਿਖੇ ਫਿਲਮਾਈ ਗਈ ਹੈ ਇਹ ਸੱਚੇ ਵਿਸ਼ੇਸਾਰ ਅਧਾਰਿਤ ਫਿਲਮ, ਜਿਸ ਦੀ ਜਿਆਦਾਤਰ ਸ਼ੂਟਿੰਗ ਇਥੋਂ ਦੇ ਹੀ ਵੱਕਾਰੀ ਅਤੇ ਨਾਮਵਰ ਸਿੱਖਿਆ ਸੰਸਥਾਨ ਸਰਕਾਰੀ ਪੋਲੀਟੈਕਨੀਕਲ ਕਾਲਜ ਵਿਖੇ ਮੁਕੰਮਲ ਕੀਤੀ ਗਈ ਹੈ, ਜਿੱਥੋ ਪੜ੍ਹੇ ਅਨੇਕਾਂ ਵਿਦਿਆਰਥੀ ਵੱਖੋ-ਵੱਖ ਖੇਤਰਾਂ ਵਿੱਚ ਅੰਤਰਾਸ਼ਟਰੀ ਪੱਧਰ ਉਤੇ ਨਾਮਣਾ ਖੱਟਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ ਮੰਨੇ ਪ੍ਰਮੰਨੇ ਗਾਇਕ ਸ਼ੈਰੀ ਮਾਨ ਵੀ ਸ਼ੁਮਾਰ ਰਹੇ ਹਨ।
ਸਟੂਡੈਂਟ ਪੋਲੀਟਿਕਸ ਅਤੇ ਕਾਲਜ ਸਮੇਂ ਦੀਆਂ ਅਭੁੱਲ ਯਾਦਾਂ ਦੁਆਲੇ ਕੇਂਦਰਿਤ ਕੀਤੀ ਗਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਯੋਗਰਾਜ ਸਿੰਘ, ਮਾਨਵ ਵਿਜ, ਸੋਨਪ੍ਰੀਤ ਜਵੰਧਾ, ਇਸ਼ਾ ਰਿਖੀ, ਮਹਾਂਵੀਰ ਭੁੱਲਰ, ਰਾਹੁਲ ਜੁਗਰਾਲ, ਅਨਮੋਲ ਵਰਮਾ, ਕਵੀ ਸਿੰਘ, ਬਲਵਿੰਦਰ ਧਾਲੀਵਾਲ, ਅਨਮੋਲ ਵਰਮਾ, ਰਾਹੁਲ ਜੇਟਲੀ, ਹਰਭਗਵਾਨ ਸਿੰਘ, ਰੂਪੀ ਮਾਨ, ਤੀਰਥ ਚੜਿੱਕ, ਰਾਜ ਯੋਧਾ, ਭੂਵਨ ਅਜ਼ਾਦ, ਧਨਵੀਰ ਸਿੰਘ, ਅਰਵਿੰਦਰ ਕੌਰ, ਵਿਸ਼ਾਲ ਬਰਾੜ, ਮਨਪ੍ਰੀਤ ਡੋਲੀ, ਰਾਜਵੀਰ ਕੌਰ, ਪਰਮਵੀਰ ਸੇਖੋਂ, ਜੱਸ ਢਿਲੋਂ ਆਦਿ ਸ਼ਾਮਿਲ ਹਨ।
ਓਧਰ ਇਸ ਫਿਲਮ ਦੇ ਰਿਲੀਜ਼ ਹੋਣ ਜਾ ਰਹੇ ਉਕਤ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਟਾਈਟਲ ਟਰੈਕ ਨੂੰ ਆਵਾਜ਼ ਨਿੰਜਾ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦੀ ਸ਼ਬਦ ਰਚਨਾ ਅਤੇ ਕੰਪੋਜੀਸ਼ਨ ਦੀ ਸਿਰਜਨਾ ਮੱਤੇਲਾ ਨੇ ਕੀਤੀ ਅਤੇ ਇਸ ਨੂੰ ਸੁਰੀਲੀਆਂ ਧੁਨਾਂ ਨਾਲ ਸੰਵਾਰਿਆ ਹੈ ਸੰਗੀਤਕਾਰ ਵਾਈਕ ਹੇਰ ਨੇ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਕਈ ਗਾਣੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
07 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਜਿਆਦਾਤਰ ਨਵੇਂ ਚਿਹਰਿਆਂ ਦੇ ਬਾਵਜੂਦ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਹੋਈ ਹੈ, ਜਿਸ ਨੇ ਜਾਰੀ ਹੋਣ ਜਾ ਰਿਹਾ ਉਕਤ ਟਾਈਟਲ ਟਰੈਕ ਨੂੰ ਲੈ ਕੇ ਵੀ ਦਰਸ਼ਕਾਂ ਵਿੱਚ ਖਾਸੀ ਉਤਸੁਕਤਾ ਅਤੇ ਦਿਲਚਸਪੀ ਪਾਈ ਜਾ ਰਹੀ ਹੈ।