ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਬਹੁਤ ਤੇਜ਼ੀ ਨਾਲ ਵਿਲੱਖਣ ਪਹਿਚਾਣ ਸਥਾਪਤੀ ਵੱਲ ਵੱਧ ਰਹੇ ਹਨ ਟਾਈਗਰ ਹਰਮੀਕ ਸਿੰਘ, ਜਿੰਨ੍ਹਾਂ ਵੱਲੋਂ ਨਿਰਦੇਸ਼ਕ ਦੇ ਤੌਰ 'ਤੇ ਆਪਣੀ ਨਵੀਂ ਫਿਲਮ 'ਜੋਕਰ' ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਮਨੀ ਬੋਪਾਰਾਏ ਫਿਲਮਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਕ੍ਰਾਈਮ ਥ੍ਰਿਲਰ ਫਿਲਮ ਦੁਆਰਾ ਇੱਕ ਨਵਾਂ ਅਤੇ ਪ੍ਰਤਿਭਾਵਾਨ ਚਿਹਰਾ ਸ਼ਾਰੁਲ ਸ਼ਰਮਾ ਪੰਜਾਬੀ ਸਿਨੇਮਾ ਵਿੱਚ ਅਪਣੀ ਸ਼ਾਨਦਾਰ ਪਾਰੀ ਦਾ ਆਗਾਜ਼ ਕਰੇਗਾ, ਜੋ ਮੁੰਬਈ ਦੀਆਂ ਨਾਮਵਰ ਫਿਲਮੀ ਸ਼ਖਸ਼ੀਅਤਾਂ ਪਾਸੋਂ ਅਦਾਕਾਰੀ ਗੁਰ ਹਾਸਿਲ ਕਰ ਚੁੱਕਾ ਹੈ।
ਪਾਲੀਵੁੱਡ ਦੀ ਵੱਡੀ ਅਤੇ ਬਿੱਗ ਸੈਟਅੱਪ ਫਿਲਮ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਇਸ ਆਫਬੀਟ ਫਿਲਮ ਵਿੱਚ ਅਜ਼ੀਮ ਅਦਾਕਾਰਾ ਮਨੀ ਬੋਪਾਰਾਏ ਵੀ ਕਾਫ਼ੀ ਚੁਣੌਤੀਪੂਰਨ ਅਤੇ ਲੀਡ ਕਿਰਦਾਰ ਅਦਾ ਕਰਦੀ ਨਜ਼ਰੀ ਆਵੇਗੀ, ਜਿੰਨ੍ਹਾਂ ਇਸੇ ਫਿਲਮ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੀ ਵਾਰ ਬਹੁਤ ਹੀ ਅਲਹਦਾ ਹੱਟ ਕੇ ਅਤੇ ਅਜਿਹਾ ਰੋਲ ਅਦਾ ਕਰਨ ਜਾ ਰਹੀ ਹਾਂ ਜੋ ਦਰਸ਼ਕਾਂ ਅਤੇ ਪਿਆਰ ਸਨੇਹ ਕਰਨ ਵਾਲੇ ਪ੍ਰਸ਼ੰਸਕਾਂ ਲਈ ਇੱਕ ਸਰਪ੍ਰਾਈਜ਼ ਵਾਂਗ ਹੋਵੇਗਾ।
ਪੰਜਾਬੀ ਸਿਨੇਮਾ ਦੇ ਨਾਲ-ਨਾਲ ਮੁੰਬਈ ਗਲੈਮਰ ਗਲਿਆਰਿਆਂ ਵਿੱਚ ਵੀ ਚੋਖੀ ਭੱਲ ਸਥਾਪਿਤ ਕਰ ਚੁੱਕੀ ਅਦਾਕਾਰਾ ਮਨੀ ਬੋਪਾਰਾਏ ਕਈ ਵੱਡੇ ਅਤੇ ਲੋਕਪ੍ਰਿਆ ਸੀਰੀਅਲ ਵਿੱਚ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਚੁੱਕੀ ਹੈ, ਜਿੰਨ੍ਹਾਂ ਉਕਤ ਫਿਲਮ ਨੂੰ ਲੈ ਕੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਾਲੀਵੁੱਡ ਵਿੱਚ ਨਵੀਆਂ ਕੰਟੈਂਟ ਸੰਭਾਵਨਾਵਾਂ ਜਗਾਉਣ ਜਾ ਰਹੀ ਉਕਤ ਫਿਲਮ ਦੀ ਜਿਆਦਾਤਾਰ ਸ਼ੂਟਿੰਗ ਗੋਆ ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਪੂਰੀ ਕੀਤੀ ਜਾਵੇਗੀ, ਜਿਸ ਸੰਬੰਧਤ ਸਾਰੀਆਂ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਓਧਰ ਆਪਣੀ ਇਸ ਡਾਇਰੈਕਟੋਰੀਅਲ ਫਿਲਮ ਨੂੰ ਲੈ ਕੇ ਅਦਾਕਾਰ ਅਤੇ ਨਿਰਦੇਸ਼ਕ ਟਾਈਗਰ ਹਰਮੀਕ ਸਿੰਘ ਵੀ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਾਂ, ਜਿੰਨ੍ਹਾਂ ਦੱਸਿਆ ਕਿ 'ਦਿ ਬਰਨਿੰਗ ਪੰਜਾਬ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ, ਜੋ ਇੱਕ ਵਾਰ ਫਿਰ ਨਿਵੇਕਲੇ ਵਿਸ਼ੇ 'ਤੇ ਅਧਾਰਿਤ ਫਿਲਮ ਨਿਰਦੇਸ਼ਿਤ ਕਰਨਾ ਉਨ੍ਹਾਂ ਲਈ ਬਹੁਤ ਹੀ ਸ਼ਾਨਦਾਰ ਰਹੇਗਾ, ਜਿਸ ਨੂੰ ਬਿਹਤਰੀਨ ਵਜ਼ੂਦ ਦੇਣਾ ਉਨ੍ਹਾਂ ਦੀ ਵਿਸ਼ੇਸ਼ ਪਹਿਲਕਦਮੀ ਰਹੇਗੀ।
ਹਾਲ ਹੀ ਵਿੱਚ ਕਲਰਜ਼ ਦੇ ਪਾਪੂਲਰ ਸੀਰੀਅਲ 'ਉਡਾਰੀਆਂ' ਦਾ ਅਹਿਮ ਹਿੱਸਾ ਬਣੇ ਟਾਈਗਰ ਹਰਮੀਕ ਸਿੰਘ ਨੇ ਦੱਸਿਆ ਕਿ ਜਲਦ ਹੀ ਸ਼ੂਟਿੰਗ ਪੜਾਅ ਹਿੱਸਾ ਬਣਨ ਜਾ ਰਹੀ ਉਨ੍ਹਾਂ ਦੀ ਉਕਤ ਫਿਲਮ ਵਿੱਚ ਦਿੱਗਜ ਐਕਟਰ ਯੋਗਰਾਜ ਸਿੰਘ ਵੀ ਬੇਹੱਦ ਪ੍ਰਭਾਵਸ਼ਾਲੀ ਰੋਲ ਅਦਾ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਵਿਖਾਈ ਦੇਣਗੇ, ਜਿਸ ਸੰਬੰਧੀ ਰਸਮੀ ਰਿਵੀਲਿੰਗ ਜਲਦ ਕਰ ਦਿੱਤੀ ਜਾਵੇਗੀ।