ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਵੈੱਬ-ਸੀਰੀਜ਼ ਦਾ ਚਰਚਿਤ ਅਤੇ ਸਫ਼ਲ ਚਿਹਰਾ ਬਣਦੇ ਜਾ ਰਹੇ ਹਨ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਜਿੰਨ੍ਹਾਂ ਵੱਲੋਂ ਆਪਣੀ ਨਵੀਂ ਫੀਚਰ ਫਿਲਮ 'ਸੈਕਟਰ 17' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸਦਾ ਨਿਰਦੇਸ਼ਨ ਪਾਲੀਵੁੱਡ 'ਚ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਮਨੀਸ਼ ਭੱਟ ਵੱਲੋਂ ਕੀਤਾ ਜਾਵੇਗਾ।
'ਅਦਿਤਯਾਸ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਗੁਰੂ ਪ੍ਰੋਡੋਕਸ਼ਨ' ਦੀ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਹਰਮਨਦੀਪ ਸੂਦ ਅਤੇ ਸਹਿ ਨਿਰਮਾਣ ਵਿਰਾਟ ਕਪੂਰ ਦੁਆਰਾ ਕੀਤਾ ਜਾ ਰਿਹਾ ਹੈ, ਜਦਕਿ ਸਿਨੇਮਾਟੋਗ੍ਰਾਫ਼ਰ ਵਜੋਂ ਜਿੰਮੇਵਾਰੀ ਨੀਰਜ ਸਿੰਘ ਨਿਭਾਉਣਗੇ।
ਦਿਲਚਸਪ-ਡਰਾਮਾ ਅਤੇ ਇਮੋਸ਼ਨਲ ਕਹਾਣੀ ਆਧਾਰਿਤ ਇਸ ਫਿਲਮ ਦਾ ਲੇਖਨ ਪ੍ਰਿੰਸ ਕੰਵਲਜੀਤ ਸਿੰਘ ਵੱਲੋਂ ਹੀ ਕੀਤਾ ਜਾ ਰਿਹਾ ਹੈ, ਜੋ ਇਸ ਫਿਲਮ ਵਿੱਚ ਕਾਫ਼ੀ ਅਲਹਦਾ ਅਤੇ ਮਹੱਤਵਪੂਰਨ ਕਿਰਦਾਰ ਵੀ ਅਦਾ ਕਰਨ ਜਾ ਰਹੇ ਹਨ। 'ਦਿ ਬਿਊਟੀਫੁੱਲ ਸਿਟੀ ਚੰਡੀਗੜ੍ਹ' ਦੇ ਪੁਰਾਣੇ ਵੇਲੇ ਦੇ ਬੈਕਡਰਾਪ ਦੁਆਲੇ ਬੁਣੀ ਗਈ ਅਤੇ ਉਸ ਸਮੇਂ ਦੀਆਂ ਨੌਜਵਾਨੀ ਯਾਦਾਂ ਨੂੰ ਪ੍ਰਤੀਬਿੰਬਿਤ ਕਰਦੀ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਅਤੇ ਮੰਝੇ ਹੋਏ ਐਕਟਰਜ਼ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਵੈੱਬ ਸੀਰੀਜ਼ 'ਪਲੱਸਤਰ' ਨੂੰ ਲੈ ਕੇ ਕਾਫ਼ੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਰਹੇ ਹਨ ਪ੍ਰਿੰਸ ਕੰਵਲਜੀਤ ਸਿੰਘ, ਜੋ ਸ਼ੁਰੂ ਹੋਈ ਆਪਣੀ ਉਕਤ ਨਵੀਂ ਫਿਲਮ ਨੂੰ ਲੈ ਕੇ ਵੀ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਹਰ ਵਾਰ ਕੁਝ ਨਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਰੰਗ ਲਿਆ ਰਹੀ ਹੈ, ਉਮੀਦ ਕਰਦਾ ਇਸ ਪ੍ਰੋਜੈਕਟ ਵਿੱਚ ਵੀ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਨੂੰ ਕੁਝ ਨਿਵੇਕਲਾ ਵੇਖਣ ਨੂੰ ਮਿਲੇਗਾ।
ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਜਾ ਰਹੀਆਂ ਬਿੱਗ ਸੈਟਅੱਪ ਫਿਲਮਾਂ 'ਸ਼ਿੰਦਾ ਸ਼ਿੰਦਾ ਨੋ ਪਾਪਾ' ਅਤੇ 'ਅਰਦਾਸ ਸਰਬੱਤ ਦੇ ਭਲੇ ਦੀ' ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਗਿੱਪੀ ਗਰੇਵਾਲ ਦੇ ਹੀ ਹੋਮ ਪ੍ਰੋਡੋਕਸ਼ਨ ਵੱਲੋਂ ਬਣਾਈ ਜਾ ਰਹੀ 'ਵਾਰਨਿੰਗ 3' ਦਾ ਵੀ ਪ੍ਰਭਾਵੀ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਆਪਣੀ ਉਕਤ ਫਿਲਮ ਸੰਬੰਧੀ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਿਲਮ ਦੇ ਵਿਸ਼ੇਸ਼ਸਾਰ ਨੂੰ ਭਾਵਪੂਰਨ ਅਤੇ ਖੂਬਸੂਰਤ ਕੈਨਵਸ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਚੰਗੀਆਂ ਫਿਲਮਾਂ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਨੂੰ ਕੁਝ ਨਵਾਂ ਅਤੇ ਤਰੋ-ਤਾਜ਼ਗੀ ਭਰਿਆ ਸਿਨੇਮਾ ਵੇਖਣ ਨੂੰ ਮਿਲ ਸਕੇ।