ਚੰਡੀਗੜ੍ਹ: ਪੰਜਾਬੀ ਸੰਗੀਤ ਖੇਤਰ ਵਿੱਚ ਆਪਣੀ ਆਪਣੀ ਵਿਲੱਖਣਤਾ ਭਰਪੂਰ ਗਾਇਨ ਸ਼ੈਲੀ ਦਾ ਅਹਿਸਾਸ ਅਤੇ ਇਜ਼ਹਾਰ ਲਗਾਤਾਰ ਕਰਵਾਉਂਦੇ ਆ ਰਹੇ ਹਨ ਕੁਲਦੀਪ ਰਸੀਲਾ ਅਤੇ ਲਾਭ ਹੀਰਾ, ਜੋ ਆਪਣੇ ਇੱਕ ਵਿਸ਼ੇਸ਼ ਗਾਣੇ 'ਜਿਗਰਾ ਭਾਲਦੀ ਐ' ਲਈ ਇਕੱਠੇ ਹੋਏ ਹਨ, ਜਿੰਨਾਂ ਦੇ ਬਿਹਤਰੀਨ ਗਾਇਕੀ ਸੁਮੇਲ ਅਧੀਨ ਸੱਜਿਆ ਇਹ ਗਾਣਾ ਅੱਜ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਆਰ ਨੇਤ ਮਿਊਜ਼ਿਕ' ਅਤੇ ਆਰਚਿਤ ਸ਼ਰਮਾ ਵੱਲੋਂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਸਾਹਮਣੇ ਲਿਆਂਦੇ ਜਾ ਰਹੇ ਨਵੇਂ ਟਰੈਕ ਨੂੰ ਆਵਾਜ਼ ਕੁਲਦੀਪ ਰਸੀਲਾ ਅਤੇ ਲਾਭ ਹੀਰਾ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਗਾਣੇ ਦੇ ਬੋਲ ਮਨੀ ਸੇਰੋਂ ਨੇ ਰਚੇ ਹਨ ਅਤੇ ਮਿਊਜ਼ਿਕ ਬਿਟਕੋਮ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨਾਂ ਦੀ ਟੀਮ ਅਨੁਸਾਰ ਜੋਸ਼ੋ ਖਰੋਸ਼ ਨਾਲ ਅੋਤ ਪੋਤ ਇਸ ਗਾਣੇ ਨੂੰ ਬੇਹੱਦ ਅਲਹਦਾ ਸੰਗੀਤਕ ਅਤੇ ਗਾਇਨ ਸ਼ੈਲੀ ਅਧੀਨ ਪੇਸ਼ ਕੀਤਾ ਜਾ ਰਿਹਾ ਹੈ, ਜੋ ਨੌਜਵਾਨਾਂ ਦੇ ਨਾਲ-ਨਾਲ ਹਰ ਵਰਗ ਦਰਸ਼ਕਾਂ ਦੇ ਮਨਾਂ ਅਤੇ ਦਿਲਾਂ ਵਿੱਚ ਧੱਕ ਪਾਉਣ ਅਤੇ ਅਮਿਟ ਛਾਪ ਛੱਡਣ ਵਿੱਚ ਪੂਰੀ ਸਮਰੱਥਾ ਰੱਖਦਾ ਹੈ। ਉਨਾਂ ਦੱਸਿਆ ਕਿ ਅੱਜ ਰਿਲੀਜ਼ ਹੋਣ ਜਾ ਰਿਹਾ ਇਹ ਟਰੈਕ ਆਪਣੀ ਤਰ੍ਹਾਂ ਦਾ ਅਨੂਠਾ ਸੰਗੀਤਕ ਪ੍ਰੋਜੈਕਟ ਹੈ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਪਸੰਦ ਆਵੇਗਾ।
ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਉਕਤ ਟਰੈਕ ਦੇ ਪ੍ਰੋਜੈਕਟ ਹੈੱਡ ਸਤਕਰਨਵੀਰ ਸਿੰਘ ਖੋਸਾ ਅਤੇ ਸੰਯੋਜਨਕਰਤਾ ਵੀਰਵਿੰਦਰ ਸਿੰਘ ਕਾਕੂ ਹਨ, ਜਿੰਨਾਂ ਅਨੁਸਾਰ ਕਰਮਜੀਤ ਫਕਰਚੰਦਰਾ ਦੇ ਸਹਿਯੋਗ ਨਾਲ ਸਾਹਮਣੇ ਲਿਆਂਦੇ ਜਾ ਰਹੇ ਇਸ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਵਿੱਚ ਦੋਨੋਂ ਗਾਇਕ ਕੁਲਦੀਪ ਰਸੀਲਾ ਅਤੇ ਲਾਭ ਹੀਰਾ ਫੀਚਰਿੰਗ ਕਰਦੇ ਵੀ ਨਜ਼ਰੀ ਆਉਣਗੇ।
ਹਾਲ ਹੀ ਵਿੱਚ ਗਾਇਕ ਆਰ ਨੇਤ ਨਾਲ ਸਾਹਮਣੇ ਆਏ ਗਾਣੇ 'ਸਾਡੀ ਰੱਬ ਨੇ ਡਿਊਟੀ ਲਾਈ ਹੈ' ਨਾਲ ਸੰਗੀਤਕ ਗਲਿਆਰਿਆਂ ਵਿੱਚ ਇੰਨੀਂ ਦਿਨੀਂ ਵੀ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ ਗਾਇਕ ਲਾਭ ਹੀਰਾ, ਜਿੰਨਾਂ ਅਨੁਸਾਰ ਬੇਹੱਦ ਉਮਦਾ ਸੰਗੀਤਕ ਮਾਪਦੰਢਾਂ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਗਾਣੇ ਵਿੱਚ ਕਈ ਨਵੇਂ ਸੰਗੀਤਕ ਅਤੇ ਗਾਇਕੀ ਰੰਗ ਸ਼ਾਮਿਲ ਕੀਤੇ ਗਏ ਹਨ, ਜੋ ਗਾਇਕੀ ਖੇਤਰ ਨੂੰ ਹੋਰ ਨਵੇਂ ਅਯਾਮ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।
ਓਧਰ ਜੇਕਰ ਇਸ ਗੀਤ ਨਾਲ ਸੁਰਖੀਆਂ ਦਾ ਹਿੱਸਾ ਬਣੇ ਨੌਜਵਾਨ ਗਾਇਕ ਕੁਲਦੀਪ ਰਸੀਲਾ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਅੱਜਕੱਲ੍ਹ ਬਹੁਤ ਤੇਜ਼ੀ ਨਾਲ ਅਪਣੀਆਂ ਗਾਇਕੀ ਪੈੜਾਂ ਹੋਰ ਮਜ਼ਬੂਤ ਕਰਨ ਦਾ ਰਾਹ ਸਰ ਕਰਦੇ ਜਾ ਰਹੇ ਹਨ, ਜੋ ਜਾਰੀ ਹੋਣ ਜਾ ਰਹੇ ਆਪਣੇ ਉਕਤ ਨਵੇਂ ਗਾਣੇ ਨਾਲ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਚੁੱਕੇ ਹਨ।