ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉੱਚ-ਕੋਟੀ ਅਤੇ ਬਿਹਤਰੀਨ ਸਿਤਾਰਿਆਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਦੇਵ ਖਰੌੜ ਅਤੇ ਅਦਾਕਾਰਾ ਨੀਰੂ ਬਾਜਵਾ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸ਼ੁਰੂ ਹੋਣ ਜਾ ਰਹੀ ਬਿੱਗ ਸੈੱਟਅਪ ਫਿਲਮ 'ਮਧਾਣੀਆਂ' ਦਾ ਲੇਖਣ ਅਤੇ ਨਿਰਦੇਸ਼ਨ ਨਵ ਬਾਜਵਾ ਕਰਨਗੇ।
'ਪ੍ਰਭ ਸਟੂਡਿਓਜ਼' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਵਿੱਚ ਦੇਵ ਖਰੌੜ ਅਤੇ ਨੀਰੂ ਬਾਜਵਾ ਤੋਂ ਇਲਾਵਾ ਨਵ ਬਾਜਵਾ ਲੀਡਿੰਗ ਕਿਰਦਾਰ ਅਦਾ ਕਰਨਗੇ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਬੀਐਨ ਸ਼ਰਮਾ, ਨਮਨ ਹੰਜਰਾ, ਸਾਰਾ ਗੁਰਪਾਲ, ਮੰਨਤ ਨੂਰ, ਦੀਦਾਰ ਗਿੱਲ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਸੁੱਖੀ ਚਾਹਲ, ਪਰਮਵੀਰ ਸਿੰਘ ਆਦਿ ਵੀ ਮਹੱਤਵਪੂਰਨ ਰੋਲਜ਼ ਵਿੱਚ ਨਜ਼ਰ ਆਉਣਗੇ।
ਹਾਲ ਹੀ ਵਿੱਚ ਰਿਲੀਜ਼ ਹੋਈਆਂ ਫਿਲਮਾਂ 'ਉੱਚਾ ਦਰ ਬਾਬੇ ਨਾਨਕ ਦਾ', 'ਗਾਂਧੀ 3' ਦਾ ਸ਼ਾਨਦਾਰ ਹਿੱਸਾ ਰਹੇ ਅਦਾਕਾਰ ਦੇਵ ਖਰੌੜ ਇੰਨੀਂ ਦਿਨੀਂ ਕਈ ਫਿਲਮਾਂ ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ, ਜਿੰਨ੍ਹਾਂ ਵਿੱਚ ਧੀਰਜ ਕੇਦਾਰਨਾਥ ਰਤਨ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ 'ਮਝੈਲ' ਤੋਂ ਇਲਾਵਾ ਨਿਰਦੇਸ਼ਨ ਮਨਦੀਪ ਬੈਨੀਪਾਲ ਦੀ 'ਅਰਜੁਨ ਵੈਲੀ', ਹੈਪੀ ਰੋਡੇ ਦੀ ਨਿਰਦੇਸ਼ਨਾਂ ਹੇਠ ਬਣ ਰਹੀ 'ਡਾਕੂਆਂ ਦਾ ਮੁੰਡਾ 3' ਆਦਿ ਸ਼ਾਮਿਲ, ਜੋ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀਆਂ ਜਾ ਰਹੀਆਂ ਹਨ।
ਓਧਰ ਜੇਕਰ ਅਦਾਕਾਰਾ ਨੀਰੂ ਬਾਜਵਾ ਦੀ ਮੌਜੂਦਾ ਸਿਨੇਮਾ ਸਰਗਰਮੀਆਂ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰਾ ਦੇ ਨਾਲ-ਨਾਲ ਨਿਰਮਾਤਰੀ ਦੇ ਤੌਰ ਵੀ ਉਨ੍ਹਾਂ ਦੀ ਚੜ੍ਹਤ ਬਰਕਰਾਰ ਹੈ, ਜੋ ਅੱਜਕੱਲ੍ਹ ਜਿੱਥੇ ਰਿਲੀਜ਼ ਹੋਈ ਅਪਣੀ ਫਿਲਮ 'ਸ਼ੁਕਰਾਨਾ' ਨੂੰ ਲੈ ਕੇ ਕਾਫ਼ੀ ਸਲਾਹੁਤਾ ਹਾਸਿਲ ਕਰ ਰਹੇ ਹਨ, ਉੱਥੇ ਸ਼ੁਰੂ ਹੋ ਚੁੱਕੀ ਅਪਣੀ ਨਵੀਂ ਪੰਜਾਬੀ ਫਿਲਮ 'ਫੱਫੇ ਕੁੱਟਣੀਆਂ' ਨੂੰ ਲੈ ਕੇ ਚਰਚਾ ਦਾ ਕੇਂਦਰਬਿੰਦੂ ਬਣੇ ਹੋਏ ਹਨ, ਜਿੰਨ੍ਹਾਂ ਦੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਨਿਰਦੇਸ਼ਨ ਪ੍ਰੇਮ ਸਿੰਘ ਸਿੱਧੂ ਕਰ ਰਹੇ ਹਨ।
ਲਗਭਗ ਦੋ ਦਹਾਕਿਆਂ ਤੋਂ ਪੰਜਾਬੀ ਸਿਨੇਮਾ ਖੇਤਰ ਵਿੱਚ ਕਾਰਜਸ਼ੀਲ ਅਦਾਕਾਰਾ ਨੀਰੂ ਬਾਜਵਾ ਅਪਣੇ ਤੱਕ ਦੇ ਸਿਨੇਮਾ ਸਫ਼ਰ ਦੌਰਾਨ ਪਾਲੀਵੁੱਡ ਦੇ ਅਪਣੇ ਸ਼ੁਰੂਆਤੀ ਦੌਰ ਦੇ ਤਕਰੀਬਨ ਸਾਰੇ ਐਕਟਰਜ਼ ਚਾਹੇ ਉਹ ਜਿੰਮੀ ਸ਼ੇਰਗਿੱਲ ਹੋਣ, ਦਿਲਜੀਤ ਦੁਸਾਂਝ ਜਾਂ ਫਿਰ ਗਿੱਪੀ ਗਰੇਵਾਲ ਤੋਂ ਲੈ ਕੇ ਮੌਜੂਦਾ ਦੌਰ ਦੇ ਅੰਮ੍ਰਿਤ ਮਾਨ, ਜੱਸ ਬਾਜਵਾ ਆਦਿ ਨਾਲ ਬਤੌਰ ਲੀਡ ਅਦਾਕਾਰਾ ਕੰਮ ਕਰ ਚੁੱਕੇ ਹਨ, ਪਰ ਦੇਵ ਖਰੌੜ ਨਾਲ ਕੀਤੀ ਜਾਣ ਵਾਲੀ ਇਹ ਉਨਾਂ ਦੀ ਪਹਿਲੀ ਫਿਲਮ ਹੋਵੇਗੀ, ਜਿੰਨ੍ਹਾਂ ਨੂੰ ਲੀਡ ਜੋੜੀ ਵਿੱਚ ਵੇਖਣ ਲਈ ਦਰਸ਼ਕ ਵੀ ਕਾਫ਼ੀ ਉਤਾਵਲੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: