ਚੰਡੀਗੜ੍ਹ: ਪੰਜਾਬੀ ਸਿਨੇਮਾ ਦ੍ਰਿਸ਼ਾਂਵਲੀ ਦੇ ਹਾਲ ਹੀ ਦੇ ਸਮੇਂ ਅਤੇ ਮੁਹਾਂਦਰੇ ਵੱਲ ਨਜ਼ਰਸਾਨੀ ਕਰਦਿਆਂ ਕਈ ਦਿਲਚਸਪ ਮੰਜ਼ਰ ਅਤੇ ਘਟਨਾਕ੍ਰਮ ਵੀ ਸਮੇਂ ਦਰ ਸਮੇਂ ਅਮੂਮਨ ਵੇਖਣ ਨੂੰ ਮਿਲਦੇ ਰਹਿੰਦੇ ਹਨ, ਜਿੰਨ੍ਹਾਂ ਵਿੱਚੋਂ ਹੀ ਇੱਕ ਅਹਿਮ ਨਜ਼ਾਰਾ ਫਟਾਫਟ ਫਿਲਮਾਂ ਦੀ ਅਨਾਊਂਸਮੈਂਟ ਦਾ ਵੀ ਅਕਸਰ ਸਾਹਮਣੇ ਆ ਰਿਹਾ ਹੈ, ਪਰ ਕਿਸੇ ਵੀ ਐਕਟਰ ਜਾਂ ਡਾਇਰੈਕਟਰ ਦੀ ਅਚਾਨਕ ਸਫ਼ਲਤਾ ਨੂੰ ਅੰਜ਼ਾਮ ਦਿੱਤੇ ਜਾਣ ਵਾਲੇ ਇੰਨ੍ਹਾਂ ਯਤਨਾਂ ਵਿੱਚੋਂ ਬਹੁਤ ਥੋੜੇ ਹੀ ਨੇਪਰੇ ਚੜ੍ਹ ਪਾ ਰਹੇ ਹਨ।
ਪਾਲੀਵੁੱਡ ਵਿੱਚ ਵੱਧ ਫੁੱਲ ਰਹੇ ਇਸ ਰੁਝਾਨ ਵਜੋਂ ਵਜ਼ੂਦ ਵਿੱਚ ਨਾ ਆ ਸਕਣ ਵਾਲੀਆਂ ਪੰਜਾਬੀ ਫਿਲਮਾਂ ਵੱਲ ਆਓ ਮਾਰਦੇ ਆਂ ਇਸ ਵਿਸ਼ੇਸ਼ ਰਿਪੋਰਟ ਦੁਆਰਾ ਇੱਕ ਝਾਤ:
ਕਾਰ ਰੀਬਨਾਂ ਵਾਲੀ
'ਰਿਦਮ ਬੁਆਏਜ਼' ਵੱਲੋਂ ਕਾਫ਼ੀ ਸਮਾਂ ਪਹਿਲਾਂ ਐਲਾਨੀ ਹੋਈ ਇਸ ਫਿਲਮ ਦਾ ਲੇਖਨ ਅੰਬਰਦੀਪ ਸਿੰਘ ਦੁਆਰਾ ਕੀਤਾ ਜਾਣਾ ਸੀ, ਪਰ ਲੰਮਾਂ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਫਿਲਮ ਹਾਲੇ ਤੱਕ ਆਨ ਫਲੌਰ ਪੜਾਅ ਦਾ ਹਿੱਸਾ ਨਹੀਂ ਬਣ ਸਕੀ।
ਹੇਰਾ ਫੇਰੀ
'ਮੂਵੀ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਅਤੇ ਫਾਈਰ ਰਿਵਰ ਫਿਲਮਜ਼ ਅਤੇ ਓਮਜੀ ਸਟਾਰ ਸਟੂਡਿਓਜ਼ ਦੀ ਐਸੋਸੀਏਸ਼ਨ ਅਧੀਨ ਬਣਾਈ ਜਾਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਜਾਣਾ ਸੀ, ਜਿੰਨਾਂ ਦੀ ਇਸ ਬਹੁ-ਚਰਚਿਤ ਫਿਲਮ ਵਜੋਂ ਲੰਮਾਂ ਸਮਾਂ ਪਹਿਲਾਂ ਐਲਾਨੀ ਹੋਈ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਬਿੰਨੂ ਢਿੱਲੋਂ, ਰਾਜ ਸਿੰਘ ਬੇਦੀ ਅਤੇ ਗੁਰਪ੍ਰੀਤ ਘੁੱਗੀ ਦੇ ਨਾਂਅ ਸ਼ਾਮਿਲ ਕੀਤੇ ਗਏ, ਪਰ ਵੱਡੇ ਸ਼ੋਰ-ਸ਼ਰਾਬੇ ਨਾਲ ਐਲਾਨੀ ਗਈ ਇਹ ਫਿਲਮ ਵੀ ਫਿਲਹਾਲ ਠੰਡੇ ਬਸਤੇ ਵਿੱਚ ਹੀ ਪਈ ਨਜ਼ਰ ਆ ਰਹੀ ਹੈ।
ਯਮਲਾ
ਪੰਜਾਬੀ ਸਿਨੇਮਾ ਲਈ ਕਈ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਨਿਰਦੇਸ਼ਕ ਰਾਕੇਸ਼ ਮਹਿਤਾ, ਜਿੰਨ੍ਹਾਂ ਦੀ ਨਿਰਦੇਸ਼ਨਾਂ ਵਿੱਚ ਬਣਨ ਵਾਲੀ ਇਹ ਫਿਲਮ ਵੀ ਅਨਾਊਂਸਮੈਂਟ ਦੇ ਸਾਲਾਂ ਬਾਅਦ ਵਜ਼ੂਦ ਵਿੱਚ ਨਹੀਂ ਆ ਸਕੀ।
ਬੰਬ ਜਿਗਰਾ/ਦਲੇਰ
ਸਾਲ 2019 ਵਿੱਚ ਸਾਹਮਣੇ ਆਈ 'ਬਲੈਕੀਆ' ਦੀ ਸੁਪਰ ਡੁਪਰ ਸਫ਼ਲਤਾ ਤੋਂ ਬਾਅਦ ਵੱਖ-ਵੱਖ ਪ੍ਰੋਡੋਕਸ਼ਨ ਹਾਊਸ ਵੱਲੋਂ ਨਿਰਦੇਸ਼ਕ ਸੁਖਮੰਦਰ ਧੰਜਲ ਨੂੰ ਲੈ ਕੇ ਦੋ ਵੱਡੀਆਂ ਫਿਲਮਾਂ ਦਾ ਐਲਾਨ ਕਰ ਦਿੱਤਾ ਗਿਆ, ਜਿੰਨ੍ਹਾਂ ਵਿੱਚ ਬਿੰਨੂ ਢਿੱਲੋਂ ਪ੍ਰੋਡੋਕਸ਼ਨ ਅਤੇ ਓਮ ਜੀ ਸਟਾਰ ਸਟੂਡਿਓਜ਼ ਦੀ ਦੇਵ ਖਰੌੜ ਸਟਾਰਰ 'ਬੰਬ ਜਿਗਰਾ' ਅਤੇ 'ਸ਼ਾਹ ਐਂਡ ਸ਼ਾਹ ਪਿਕਚਰਜ਼' ਅਤੇ 'ਓਮ ਜੀ ਸਟਾਰ ਸਟੂਡਿਓਜ਼' ਵੱਲੋਂ ਬਣਾਈ ਜਾਣ ਵਾਲੀ ਦੇਵ ਖਰੌੜ ਸਟਾਰਰ 'ਦਲੇਰ' ਸ਼ੁਮਾਰ ਰਹੀਆਂ, ਪਰ ਸਾਲਾਂ ਬਾਅਦ ਵੀ ਇਹ ਫਿਲਮ ਮਹਿਜ਼ ਅਨਾਊਂਸਮੈਂਟ ਤੱਕ ਹੀ ਮਹਿਦੂਦ ਨਜ਼ਰ ਆ ਰਹੀਆਂ ਹਨ, ਜਿੰਨ੍ਹਾਂ ਦੇ ਸਾਹਮਣੇ ਆਉਣ ਦੀ ਸੰਭਾਵਨਾ ਚਮਕ ਵੀ ਫਿੱਕੀ ਪੈਂਦੀ ਜਾ ਰਹੀ ਹੈ।
ਜੱਗਾ 7/51
ਅਦਾਕਾਰ ਅਤੇ ਨਿਰਮਾਤਾ ਦੇ ਬਿੰਨੂ ਢਿੱਲੋਂ ਦੇ ਪੀਕ ਉਤੇ ਰਹੇ ਸਮੇਂ ਦੌਰਾਨ ਲੰਮਾਂ ਸਮਾਂ ਪਹਿਲਾਂ ਅਨਾਊਂਸ ਹੋਈ ਇਹ ਫਿਲਮ ਵੀ ਐਲਾਨ ਤੱਕ ਹੀ ਸੀਮਤ ਰਹੀ ਹੈ, ਜਿਸ ਦਾ ਨਿਰਮਾਣ ਬਿੰਨੂ ਢਿੱਲੋਂ ਪ੍ਰੋਡੋਕਸ਼ਨ ਅਤੇ ਓਮ ਜੀ ਸਟਾਰ ਸਟੂਡਿਓਜ਼ ਵੱਲੋਂ ਕੀਤਾ ਜਾਣਾ ਜਾਣਾ ਸੀ।
ਰੌਣਕ ਮੇਲਾ
ਸਮੀਪ ਕੰਗ ਪ੍ਰੋਡੋਕਸ਼ਨ ਅਤੇ ਓਮ ਜੀ ਸਟਾਰ ਸਟੂਡਿਓਜ਼ ਵੱਲੋਂ ਬਣਾਈ ਜਾਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਜਾਣਾ ਸੀ, ਪਰ ਬਿੰਨੂ ਢਿੱਲੋਂ ਨੂੰ ਲੀਡ ਰੋਲ ਵਿੱਚ ਲੈ ਕੇ ਕਾਫ਼ੀ ਸਮਾਂ ਪਹਿਲਾਂ ਐਲਾਨੀ ਗਈ ਇਸ ਫਿਲਮ ਦਾ ਵੀ ਮਾਮਲਾ ਫਿਲਹਾਲ ਠੰਡਾ ਪਿਆ ਹੀ ਵਿਖਾਈ ਦੇ ਰਿਹਾ ਹੈ।
ਕਾਲੇ ਕੱਛਿਆਂ ਵਾਲੇ
'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਸਾਲ 2020 ਵਿੱਚ ਅਨਾਊਂਸ ਕੀਤੀ ਗਈ ਇਸ ਫਿਲਮ ਦਾ ਨਿਰਮਾਣ ਗਿੱਪੀ ਗਰੇਵਾਲ, ਜਦਕਿ ਨਿਰਦੇਸ਼ਨ ਮਨੀਸ਼ ਭੱਟ ਵੱਲੋਂ ਕੀਤਾ ਜਾਣਾ ਸੀ, ਪਰ ਸ਼ੂਟਿੰਗ ਪੜਾਅ ਵੱਲ ਵਧਾਈ ਗਈ ਇਸ ਫਿਲਮ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਲੱਗ ਰਹੀ, ਜਿਸ ਤੋਂ ਹੁਣ ਇਸ ਦੇ ਵਜ਼ੂਦ ਵਿੱਚ ਅਉਣ ਦੀ ਸੰਭਾਵਨਾ ਘੱਟ ਹੀ ਲੱਗ ਰਹੀ ਹੈ।
ਪਟਾਖੇ ਪੈਣਗੇ
'ਓਮ ਜੀ ਸਟਾਰ ਸਟੂਡਿਓਜ਼' ਅਤੇ 'ਇਜੀ ਮਾਈ ਟ੍ਰਿਪ' ਵੱਲੋਂ ਪੇਸ਼ ਕੀਤੀ ਜਾਣ ਵਾਲੀ ਅਤੇ ਬਿੰਨੂ ਢਿੱਲੋਂ ਪ੍ਰੋਡੋਕਸ਼ਨ ਅਤੇ ਸਮੀਪ ਕੰਗ ਪ੍ਰੋਡੋਕਸ਼ਨ ਦੀ ਐਸੋਸੀਏਸ਼ਨ ਅਧੀਨ ਬਣਾਈ ਜਾਣ ਵਾਲੀ ਇਸ ਫਿਲਮ ਦੀ ਵੀ ਜ਼ੋਰ-ਸ਼ੋਰ ਨਾਲ ਅਨਾਊਂਸਮੈਂਟ ਕੀਤੀ ਗਈ ਸੀ, ਪਰ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਹ ਫਿਲਮ ਪਟਾਖੇ ਪਾਉਣ ਤੋਂ ਪਹਿਲਾਂ ਹੀ ਫੁਸ ਹੋ ਗਈ ਨਜ਼ਰੀ ਆ ਰਹੀ ਹੈ, ਜੋ ਲੰਮਾਂ ਸਮਾਂ ਪਹਿਲਾਂ ਅਨਾਊਂਸ ਕੀਤੇ ਜਾਣ ਦੇ ਬਾਵਜੂਦ ਸ਼ੂਟਿੰਗ ਪੜਾਅ ਦਾ ਹਿੱਸਾ ਹਾਲੇ ਤੱਕ ਨਹੀਂ ਬਣ ਸਕੀ।
ਗੋਲੇ ਦੀ ਬੇਗੀ
'ਉਸਤਾਦ ਬੁਆਏਜ਼ ਪ੍ਰੋਡੋਕਸ਼ਨ', 'ਢਿੱਲੋ ਫਿਲਮਜ਼' ਅਤੇ 'ਓਮ ਜੀ ਸਟਾਰ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਅਤੇ 'ਗਿਗਮੇ ਸਟੂਡਿਓਜ਼' ਦੀ ਅਸ਼ੋਸੀਏਸ਼ਨ ਅਧੀਨ ਬਣਾਈ ਜਾਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਜਿੰਮੀ ਆਰ ਪੁੰਜ ਵੱਲੋਂ ਕੀਤਾ ਜਾਣਾ ਸੀ। ਲੰਦਨ ਵਿਖੇ ਫਿਲਮਾਈ ਜਾਣ ਵਾਲੀ ਇਸ ਫਿਲਮ ਵਿੱਚ ਕੁਲਵਿੰਦਰ ਬਿੱਲਾ ਅਤੇ ਸਵੀਤਾਜ ਬਰਾੜ ਨੂੰ ਲੀਡ ਜੋੜੀ ਵਜੋਂ ਸਾਈਨ ਕੀਤਾ ਗਿਆ ਸੀ, ਪਰ ਵੱਡੇ ਸ਼ੋਰ-ਸ਼ਰਾਬੇ ਨਾਲ ਸਾਲ 2022 ਵਿੱਚ ਐਲਾਨੀ ਗਈ ਇਹ ਫਿਲਮ ਵੀ ਵਜ਼ੂਦ ਲੈਣ ਵਿੱਚ ਅਸਫ਼ਲ ਰਹੀ ਹੈ।
ਸ਼ੇਰਾਂ ਦੀ ਕੌਮ ਪੰਜਾਬੀ
'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਬਹੁਤ ਹੀ ਸ਼ਾਨਦਾਰ ਰੂਪ ਵਿੱਚ ਇਸ ਫਿਲਮ ਦੀ ਲਾਂਚਿੰਗ ਕੀਤੀ ਗਈ, ਜਿਸ ਵਿੱਚ ਪਾਲੀਵੁੱਡ ਸਟਾਰ ਗਿੱਪੀ ਗਰੇਵਾਲ ਨਾਲ ਬਾਲੀਵੁੱਡ ਸਟਾਰ ਸੰਜੇ ਦੱਤ ਨੂੰ ਲੀਡਿੰਗ ਭੂਮਿਕਾ ਵਿੱਚ ਲਿਆ ਗਿਆ, ਪਰ ਸ਼ੋਰ-ਸ਼ਰਾਬੇ ਦਾ ਕੇਂਦਰ-ਬਿੰਦੂ ਬਣੀ ਰਹੀ ਇਹ ਫਿਲਮ ਵੀ ਸਿਨੇਮਾ ਸਿਰਜਣਾ ਦੇ ਰੂਪ ਵਿੱਚ ਹਾਲੇ ਤੱਕ ਢੱਲ ਨਹੀਂ ਸਕੀ, ਜਿਸ ਦੇ ਸਿਨੇਮਿਆਂ ਘਰਾਂ ਤੱਕ ਪੁੱਜਣ ਦੀ ਸੰਭਾਵਨਾ ਫਿਲਹਾਲ ਘੱਟ ਹੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: