ਚੰਡੀਗੜ੍ਹ: ਅਯੁੱਧਿਆ ਵਿੱਚ ਰਾਮ ਮੰਦਿਰ ਦੇ ਜਸ਼ਨਾਂ ਦੌਰਾਨ ਹੀ ਮਸ਼ਹੂਰ ਫਿਲਮ ਨਿਰਮਾਣ ਹਾਊਸ 'ਸੁਰੇਸ਼ ਆਰਟਸ' ਦੁਆਰਾ ਆਪਣੀ ਰਿਲੀਜ਼ ਹੋਣ ਜਾ ਰਹੀ ਅਗਾਮੀ ਅਤੇ ਬਹੁ-ਚਰਚਿਤ ਫਿਲਮ 'ਸ਼੍ਰੀ ਰਾਮ ਜੈ ਹਨੂੰਮਾਨ' ਦੇ ਦਿਲਚਸਪ ਪੋਸਟਰ ਨੂੰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਹਿੰਦੀ ਦੇ ਨਾਲ ਨਾਲ ਕੰਨੜ, ਤਾਮਿਲ, ਤੇਲਗੂ, ਮਲਿਆਲਮ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਵੀ ਸਾਹਮਣੇ ਲਿਆਂਦਾ ਜਾਵੇਗਾ।
ਬਿੱਗ ਸੈਟਅੱਪ ਅਧੀਨ ਬਣਾਈ ਗਈ ਉਕਤ ਫਿਲਮ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਮਹਾਂਕਾਵਿ ਕਹਾਣੀ ਅਤੇ ਇੱਕ ਵਿਲੱਖਣ ਦ੍ਰਿਸ਼ਟੀਕੋਣ ਅਧੀਨ ਨਿਰਮਿਤ ਕੀਤੀ ਗਈ ਇਹ ਫਿਲਮ ਸਤਿਕਾਰਤ ਰਮਾਇਣ ਦੇ ਅਣਗਿਣਤ ਅਜਿਹੇ ਪਹਿਲੂਆਂ ਨੂੰ ਉਜਾਗਰ ਕਰੇਗੀ, ਜਿੰਨਾਂ ਨੂੰ ਹਾਲੇ ਤੱਕ ਸਿਲਵਰ ਸਕਰੀਨ 'ਤੇ ਕਦੇ ਪ੍ਰਤੀਬਿੰਬ ਨਹੀਂ ਕੀਤਾ ਗਿਆ।
ਬਾਲੀਵੁੱਡ ਅਤੇ ਸਾਊਥ ਸਿਨੇਮਾ ਦੇ ਨਾਮਵਰ ਨਿਰਮਾਤਾ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਕੇਏ ਸੁਰੇਸ਼, ਜਿੰਨਾਂ ਦੇ ਘਰੇਲੂ ਫਿਲਮ ਨਿਰਮਾਣ ਹਾਊਸ ਸੁਰੇਸ਼ ਆਰਟਸ ਨੂੰ ਕੰਨੜ ਵਿੱਚ ਪ੍ਰਸ਼ੰਸਾਯੋਗ ਪ੍ਰੋਡਕਸ਼ਨ ਲਈ ਜਾਣਿਆ ਜਾਂਦਾ ਹੈ, ਜੋ ਕਈ ਬਿਹਤਰੀਨ ਫਿਲਮਾਂ ਦੀ ਸਿਰਜਨਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਚੁੱਕਾ ਹੈ, ਜਿਸ ਦੀ ਲੜੀ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਅਵਾਧੋਤਾ ਦੁਆਰਾ ਨਿਰਦੇਸ਼ਿਤ ਇਹ ਨਵੀਂ ਫਿਲਮ।
ਉਨਾਂ ਨੇ ਦੱਸਿਆ ਕਿ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਵੱਖ-ਵੱਖ ਭਾਸ਼ਾਵਾਂ ਦੇ ਮੰਨੇ-ਪ੍ਰਮੰਨੇ ਅਦਾਕਾਰ ਸ਼ਾਮਲ ਹਨ, ਜਿੰਨਾਂ ਵੱਲੋਂ ਕਿ ਇਸ ਮਹਾਨ ਅਤੇ ਸ਼ਾਨਦਾਰ ਸਿਨੇਮਾ ਵੰਨਗੀ ਨੂੰ ਹੋਰ ਪ੍ਰਭਾਵਪੂਰਨ ਮੁਹਾਂਦਰਾ ਦੇਣ ਵਿੱਚ ਜੀਅ ਜਾਨ ਨਾਲ ਅਪਣੀਆਂ ਜਿੰਮੇਵਾਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਉਕਤ ਨਿਰਮਾਣ ਹਾਊਸ ਅਨੁਸਾਰ ਸਟੋਰੀ ਬੋਰਡਿੰਗ ਤੋਂ ਲੈ VFX ਦੇ ਉੱਚ ਪੱਧਰੀ ਤਕਨੀਕੀ ਪੜਾਵਾਂ ਵਿੱਚ ਫਿਲਮ ਨੂੰ ਗੁਣਵੱਤਾ ਦੀ ਹਰ ਕਸਵੱਟੀ ਉਪਰ ਪਰਖਿਆ ਗਿਆ ਹੈ, ਜਿਸਦੇ ਸਿਨੇਮਾ ਉਤਪਾਦਨ ਅਤੇ ਕਹਾਣੀ ਬਾਰੇ ਹੋਰ ਅਹਿਮ ਵੇਰਵਿਆਂ ਨੂੰ ਜਲਦ ਰਿਲੀਜ਼ ਕਰ ਦਿੱਤਾ ਜਾਵੇਗਾ।
ਉਨਾਂ ਦੱਸਿਆ ਕਿ ਪੈਨ ਇੰਡੀਆ ਰਿਲੀਜ਼ ਕੀਤੀ ਜਾ ਰਹੀ ਫਿਲਮ ਇਸ ਨਵੇਂ ਸਾਲ 2024 ਦੀ ਸਭ ਤੋਂ ਵੱਡੀ ਅਤੇ ਬਿੱਗ ਸੈਟਅੱਪ ਫਿਲਮ ਦੇ ਰੂਪ ਵਿਚ ਸਾਹਮਣੇ ਆਵੇਗੀ, ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਣ ਦੀ ਪੂਰੀ ਉਮੀਦ ਹੈ।
ਵੱਖ-ਵੱਖ ਭਾਸ਼ਾਵਾਂ ਨਾਲ ਸੰਬੰਧਤ ਸਿਨੇਮਾ ਖੇਤਰ ਵਿੱਚ ਪੜਾਅ-ਦਰ-ਪੜਾਅ ਹੋਰ ਨਵੇਂ ਸਿਰਜਣ ਵੱਲ ਵੱਧ ਰਹੇ ਇਸ ਪ੍ਰੋਡੋਕਸ਼ਨ ਹਾਊਸ ਵੱਲੋਂ ਹੁਣ ਤੱਕ ਬਣਾਈਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਸ਼ਿਵਲਿੰਗਾ', 'ਸਰਵਨੀ ਸੁਬਰਾਮਨੀਆ', 'ਗੋਵਿੰਦਾਹਾ ਨਮਾਹਾ', 'ਆਰ ਐਕਸ ਸੁਰੀ', 'ਅਰਾਦਨੇ ਮਦੇਵੈ' ਆਦਿ ਸ਼ਾਮਿਲ ਰਹੀਆਂ ਹਨ।