ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਮੌਜੂਦਾ ਗਲੋਬਲੀ ਅਧਾਰ ਦੇਣ ਵਿੱਚ ਸਮੇਂ ਦਰ ਸਮੇਂ ਸਾਹਮਣੇ ਆਈਆਂ ਕਈ ਬਿਹਤਰੀਨ ਪੰਜਾਬੀ ਫਿਲਮਾਂ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਵਿੱਚੋਂ ਹੀ ਰਾਸ਼ਟਰੀ ਫਿਲਮ ਪੁਰਸਕਾਰ ਜਿੱਤ ਲੈਣ ਵਿੱਚ ਸਫ਼ਲ ਰਹੀਆਂ ਮਾਣਮੱਤੀਆਂ ਫਿਲਮਾਂ ਵੱਲ ਆਓ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ:
ਸਤਲੁਜ ਦੇ ਕੰਡੇ: ਸਾਲ 1964 ਵਿੱਚ ਆਈ ਇਹ ਪੰਜਾਬੀ ਫਿਲਮ ਰਾਸ਼ਟਰੀ ਪੁਰਸਕਾਰ ਹਾਸਿਲ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਰਹੀ, ਜਿਸ ਦਾ ਨਿਰਮਾਣ ਪਦਮ ਪ੍ਰਕਾਸ਼ ਮਹੇਸ਼ਵਰੀ ਵੱਲੋਂ ਕੀਤਾ ਗਿਆ। ਪੰਜਾਬੀ ਸਿਨੇਮਾ ਨੂੰ ਪ੍ਰਭਾਵੀ ਮੁਹਾਂਦਰਾ ਦੇਣ ਦਾ ਮੁੱਢ ਬੰਨ੍ਹਣ ਵਾਲੀ ਇਸ ਫਿਲਮ ਦਾ ਨਿਰਦੇਸ਼ਨ ਐਮਐਮ ਬਿੱਲੂ ਮਹਿਰਾ ਵੱਲੋਂ ਕੀਤਾ ਗਿਆ, ਜਿੰਨ੍ਹਾਂ ਦੀ ਸ਼ਾਨਦਾਰ ਨਿਰਦੇਸ਼ਨਾਂ ਹੇਠ ਬਣੀ ਇਸ ਫਿਲਮ ਵਿੱਚ ਬਲਰਾਜ ਸਾਹਨੀ, ਨਿਸ਼ੀ, ਮਿਰਜਾ ਮੁਸ਼ਰੱਫ, ਵਾਸਤੀ, ਗੋਪਾਲ ਸਹਿਗਲ ਅਤੇ ਮੁਮਤਾਜ਼ ਬੇਗਮ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ।
ਨਾਨਕ ਨਾਮ ਜਹਾਜ਼ ਹੈ: ਸਾਲ 1969 ਵਿੱਚ ਰਿਲੀਜ਼ ਹੋਈ ਇਹ ਆਹਲਾ ਫਿਲਮ ਰਾਸ਼ਟਰੀ ਪੁਰਸਕਾਰ ਆਪਣੇ ਨਾਮ ਕਰ ਲੈਣ ਵਾਲੀ ਦੂਜੀ ਪੰਜਾਬੀ ਫਿਲਮ ਰਹੀ, ਜਿਸ ਦਾ ਨਿਰਮਾਣ ਪੰਨਾ ਲਾਲ ਮਹੇਸ਼ਵਰੀ ਜਦਕਿ ਲੇਖਨ ਅਤੇ ਨਿਰਦੇਸ਼ਨ ਰਾਮ ਮਹੇਸ਼ਵਰੀ ਵੱਲੋਂ ਕੀਤਾ ਗਿਆ, ਉਸ ਸਮੇਂ ਦੀ ਸਭ ਤੋਂ ਵੱਡੀ ਫਿਲਮ ਵਜੋਂ ਸਾਹਮਣੇ ਆਈ ਇਸ ਧਾਰਮਿਕ ਫਿਲਮ ਵਿੱਚ ਪ੍ਰਿਥਵੀ ਰਾਜ ਕਪੂਰ, ਆਈਐਸ ਜੌਹਰ, ਨਿਸੀ ਕੋਹਲੀ, ਵੀਨਾ, ਜਗਦੀਸ਼ ਰਾਜ, ਸੋਮ ਦੱਤ ਅਤੇ ਡੇਵਿਡ ਅਬਰਾਹਮ, ਰਮਾਇਣ ਤਿਵਾੜੀ ਵੱਲੋਂ ਅਹਿਮ ਕਿਰਦਾਰ ਅਦਾ ਕੀਤੇ ਗਏ। ਸਰਵੋਤਮ ਫਿਲਮ ਅਤੇ ਮਿਊਜ਼ਿਕ ਦੀਆਂ ਕੈਟਾਗਿਰੀਆਂ ਵਿੱਚ ਨਿਵਾਜੀ ਗਈ ਇਸ ਫਿਲਮ ਦਾ ਸੰਗੀਤ ਐਸ ਮਹਿੰਦਰ ਵੱਲੋਂ ਤਿਆਰ ਕੀਤਾ ਗਿਆ।
ਚੰਨ ਪ੍ਰਦੇਸੀ: ਪੰਜਾਬੀ ਸਿਨੇਮਾ ਨੂੰ ਅਲੱਗ ਰੂਪ ਦੇਣ ਵਾਲੀ ਇਹ ਸੁਪਰ ਡੁਪਰ ਹਿੱਟ ਫਿਲਮ ਸਾਲ 1981 ਦੀ ਸਭ ਤੋਂ ਵੱਧ ਚਰਚਿਤ ਅਤੇ ਸਲਾਹੁਤਾ ਹਾਸਿਲ ਫਿਲਮ ਵਜੋਂ ਸਾਹਮਣੇ ਆਈ, ਜਿਸ ਦਾ ਨਿਰਮਾਣ ਸਵਰਨ ਸੇਢਾ, ਯੋਗਰਾਜ ਸੇਢਾ, ਬਲਦੇਵ ਗਿੱਲ, ਜੀਐਸ ਚੀਮਾ, ਡਾ. ਚੰਨਨ ਸਿੰਘ ਸਿੱਧੂ, ਸਿਮਰਨ ਸਿੱਧੂ ਅਤੇ ਵੱਲੋਂ ਕੀਤਾ ਗਿਆ ਜਦ ਕਿ ਨਿਰਦੇਸ਼ਨ ਚਿਤਰਾਰਥ ਵੱਲੋਂ ਕੀਤਾ ਗਿਆ। ਪਾਲੀਵੁੱਡ ਦੇ ਮਸ਼ਹੂਰ ਲੇਖਕ ਬਲਦੇਵ ਗਿੱਲ ਵੱਲੋਂ ਲਿਖੀ ਇਸ ਭਾਵਨਾਤਮਕ ਫਿਲਮ ਦੀ ਸਟਾਰ ਕਾਸਟ ਵਿੱਚ ਰਾਜ ਬੱਬਰ, ਰਮਾ ਵਿਜ, ਕੁਲਭੂਸ਼ਨ ਖਰਬੰਦਾ, ਉਮ ਪੁਰੀ, ਨਿਰਮਲ ਰਿਸ਼ੀ, ਮੇਹਰ ਮਿੱਤਲ ਸ਼ੁਮਾਰ ਰਹੇ।
ਮੜ੍ਹੀ ਦਾ ਦੀਵਾ: ਸਾਲ 1989 ਵਿੱਚ ਆਈ ਅਤੇ ਰਾਸ਼ਟਰੀ ਪੁਰਸਕਾਰ ਹਾਸਿਲ ਕਰਨ ਵਾਲੀ ਇਸ ਫਿਲਮ ਦਾ ਨਿਰਮਾਣ ਰਵੀ ਮਲਿਕ, ਜਦਕਿ ਨਿਰਦੇਸ਼ਨ ਸੁਰਿੰਦਰ ਸਿੰਘ ਵੱਲੋਂ ਕੀਤਾ ਗਿਆ। ਉੱਘੇ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ਮੜ੍ਹੀ ਦਾ ਦੀਵਾ ਉਪਰ ਆਧਾਰਿਤ ਇਸ ਅਰਥ-ਭਰਪੂਰ ਫਿਲਮ ਵਿੱਚ ਰਾਜ ਬੱਬਰ, ਦੀਪਤੀ ਨਵਲ, ਪ੍ਰੀਕਸ਼ਤ ਸਾਹਨੀ, ਪੰਕਜ ਕਪੂਰ, ਕੰਵਲਜੀਤ, ਆਸ਼ਾ ਸ਼ਰਮਾ, ਹਰਭਜਨ ਜੱਬਲ ਅਤੇ ਗੋਪੀ ਭੱਲਾ ਵੱਲੋਂ ਲੀਡਿੰਗ ਰੋਲ ਅਦਾ ਕੀਤੇ ਗਏ। ਜਿੰਨ੍ਹਾਂ ਦੇ ਸ਼ਾਨਦਾਰ ਅਭਿਨੈ ਨਾਲ ਸਜੀ ਇਹ ਫਿਲਮ ਪੰਜਾਬੀ ਸਿਨੇਮਾ ਦੀ ਪਹਿਲੀ ਮਲਟੀ-ਸਟਾਰਰ ਫਿਲਮ ਰਹੀ।
ਕਚਿਹਰੀ: ਸਾਲ 1994 ਵਿੱਚ ਰਿਲੀਜ਼ ਹੋਈ ਇਹ ਐਕਸ਼ਨ ਡਰਾਮਾ ਫਿਲਮ ਵੀ ਪੰਜਾਬੀ ਸਿਨੇਮਾ ਦੀਆਂ ਮਲਟੀ-ਸਟਾਰਰ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ, ਜਿਸ ਦਾ ਨਿਰਮਾਣ ਵਿਜੇ ਟੰਡਨ ਨੇ ਕੀਤਾ, ਜਦਕਿ ਨਿਰਦੇਸ਼ਨ ਰਵਿੰਦਰ ਪੀਪਟ ਵੱਲੋਂ ਕੀਤਾ ਗਿਆ। ਪਾਲੀਵੁੱਡ ਦੀ ਬਹੁ-ਚਰਚਿਤ ਫਿਲਮ ਵਜੋਂ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਾਲੀ ਇਸ ਫਿਲਮ ਵਿੱਚ ਗੁਰਦਾਸ ਮਾਨ, ਸੁਰਿੰਦਰ ਛਿੰਦਾ ਵੱਲੋਂ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ।
ਮੈਂ ਮਾਂ ਪੰਜਾਬ ਦੀ: 1998 ਦੀ ਇਹ ਇੱਕ ਬਿਹਤਰੀਨ ਪੰਜਾਬੀ ਫਿਲਮ ਰਹੀ ਹੈ, ਜਿਸਨੂੰ ਬਲਵੰਤ ਦੁੱਲਟ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ। ਫਿਲਮ ਵਿੱਚ ਦਾਰਾ ਸਿੰਘ, ਮਨਜੀਤ ਕੁਲਾਰ, ਭਗਵੰਤ ਮਾਨ, ਦੀਪਕ ਸਰਾਫ, ਨੀਰੂ ਸਿੰਘ, ਸ਼ਵਿੰਦਰ ਮਾਹਲ ਅਤੇ ਰਵਿੰਦਰ ਮਾਨ ਨੇ ਅਭਿਨੈ ਕੀਤਾ ਸੀ। ਸੰਗੀਤ ਕੁਲਦੀਪ ਸਿੰਘ (ਅੰਕੁਸ਼) ਦਾ ਸੀ। ਸਿਨੇਮਾ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਾਲੀ ਇਸ ਫਿਲਮ ਨੇ ਸਰਵੋਤਮ ਫੀਚਰ ਫਿਲਮ ਲਈ ਰਾਸ਼ਟਰੀ ਫਿਲਮ ਐਵਾਰਡ ਪ੍ਰਾਪਤ ਕੀਤਾ ਗਿਆ ਸੀ। ਪਾਲੀਵੁੱਡ ਅਦਾਕਾਰਾ ਮਨਜੀਤ ਕੁੱਲਰ ਦੇ ਕਰੀਅਰ ਦੀ ਇੱਕ ਅਹਿਮ ਫਿਲਮ ਰਹੀ ਇਸ ਫਿਲਮ ਵਿੱਚ ਇੱਕ ਦੁਖੀ ਮਾਂ ਦੀ ਕਹਾਣੀ ਨੂੰ ਧੁਰਾ ਬਣਾਇਆ ਗਿਆ, ਜੋ ਆਪਣੇ ਪੁੱਤਰਾਂ ਦੁਆਰਾ ਪੈਦਾ ਕੀਤੇ ਸਦਮੇ ਵਿੱਚੋਂ ਗੁਜ਼ਰਦੀ ਹੈ ਅਤੇ ਆਪਣੀ ਰਚਨਾਤਮਕ ਪ੍ਰਤਿਭਾ ਨੂੰ ਖੋਜਦਿਆਂ ਮੁੜ ਵਸੇਬਾ ਦਾ ਮਾਣ ਹਾਸਿਲ ਕਰਦੀ ਹੈ।
ਸ਼ਹੀਦ-ਏ-ਮੁਹੱਬਤ ਬੂਟਾ ਸਿੰਘ: ਸਾਲ 1999 'ਚ ਆਈ ਇਹ ਅਰਥ-ਭਰਪੂਰ ਫਿਲਮ ਭਾਰਤੀ-ਪੰਜਾਬੀ ਭਾਸ਼ਾ ਦੀ ਵਿਸ਼ੇਸ਼ ਫਿਲਮ ਰਹੀ, ਜਿਸ ਵਿੱਚ ਬੂਟਾ ਸਿੰਘ ਅਤੇ ਜ਼ੈਨਬ ਦੀ ਅਸਲ-ਜੀਵਨ ਪ੍ਰੇਮ ਕਹਾਣੀ ਨੂੰ ਬਹੁਤ ਹੀ ਕੁਸ਼ਲਤਾਪੂਰਵਕ ਪ੍ਰਤੀਬਿੰਬ ਕੀਤਾ ਗਿਆ। ਪੰਜਾਬੀ ਸਿਨੇਮਾ ਦੇ ਅਜ਼ੀਮ ਫਿਲਮਕਾਰ ਰਹੇ ਸਵ. ਮਨੋਜ ਪੁੰਜ ਵੱਲੋਂ ਨਿਰਦੇਸ਼ਿਤ ਕੀਤੀ ਇਸ ਫਿਲਮ ਵਿੱਚ ਗੁਰਦਾਸ ਮਾਨ ਅਤੇ ਦਿਵਿਆ ਦੱਤਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਪਾਲੀਵੁੱਡ ਦੀ ਸਰਵੋਤਮ ਫਿਲਮ ਰਹੀ ਇਸ ਫਿਲਮ ਨੇ 46ਵੇਂ ਰਾਸ਼ਟਰੀ ਫਿਲਮ ਐਵਾਰਡਾਂ ਵਿੱਚ ਪੰਜਾਬੀ ਵਿੱਚ ਸਰਵੋਤਮ ਫੀਚਰ ਫਿਲਮ ਲਈ ਰਾਸ਼ਟਰੀ ਫਿਲਮ ਐਵਾਰਡ ਜਿੱਤਿਆ।
ਦੇਸ਼ ਹੋਇਆ ਪ੍ਰਦੇਸ਼: ਸਾਲ 2004 ਵਿੱਚ ਸਾਹਮਣੇ ਆਈ ਇਸ ਪੰਜਾਬੀ ਫਿਲਮ ਦਾ ਨਿਰਮਾਣ ਮਨਜੀਤ ਮਾਨ ਅਤੇ ਬਲਕਾਰ ਸੰਧੂ, ਜਦਕਿ ਨਿਰਦੇਸ਼ਨ ਮਰਹੂਮ ਮਨੋਜ ਪੁੰਜ ਵੱਲੋਂ ਕੀਤਾ ਗਿਆ। ਬਿੱਗ ਸੈਟਅੱਪ ਅਧੀਨ ਬਣਾਈ ਗਈ ਅਤੇ ਸੂਰਜ ਸਨੀਮ ਦੁਆਰਾ ਲਿਖੀ ਇਸ ਫਿਲਮ 'ਚ ਗੁਰਦਾਸ ਮਾਨ, ਜੂਹੀ ਚਾਵਲਾ, ਦਿਵਿਆ ਦੱਤਾ, ਪਰਮੀਤ ਸੇਠੀ, ਸੁਧੀਰ ਪਾਂਡੇ, ਮਾਧੂਮਤੀ ਕਪੂਰ ਵੱਲੋਂ ਲੀਡਿੰਗ ਭੂਮਿਕਾ ਨਿਭਾਈਆਂ ਗਈਆਂ।
ਵਾਰਿਸ ਸ਼ਾਹ: ਸਾਲ 2006 ਦੀ ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਫਿਲਮ ਹੈ, ਜਿਸਦਾ ਨਿਰਦੇਸ਼ਨ ਮਨੋਜ ਪੁੰਜ ਨੇ ਕੀਤਾ, ਜਿੰਨ੍ਹਾਂ ਦੀ ਇਸ ਦਿਲ-ਟੁੰਬਵੀਂ ਪੀਰੀਅਡ ਫਿਲਮ ਵਿੱਚ ਗੁਰਦਾਸ ਮਾਨ, ਜੂਹੀ ਚਾਵਲਾ ਅਤੇ ਦਿਵਿਆ ਦੱਤਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਪ੍ਰਸਿੱਧ ਪੰਜਾਬੀ ਕਵੀ ਵਾਰਿਸ ਸ਼ਾਹ ਦੇ ਜੀਵਨ ਦੁਆਲੇ ਰਚੀ ਗਈ ਇਸ ਫਿਲਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾ ਮਿਲੀ ਅਤੇ ਇਸ ਨੇ 54ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਚਾਰ ਪੁਰਸਕਾਰ ਜਿੱਤ ਦੁਨੀਆ ਭਰ ਵਿੱਚ ਪੰਜਾਬੀ ਸਿਨੇਮਾ ਦਾ ਰੁਤਬਾ ਬੁਲੰਦ ਕੀਤਾ।
ਅੰਨ੍ਹੇ ਘੋੜੇ ਦਾ ਦਾਨ: ਸਾਲ 2011 ਵਿੱਚ ਸਾਹਮਣੇ ਆਈ ਇਸ ਫਿਲਮ ਦਾ ਨਿਰਮਾਣ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਕੀਤਾ, ਜਦਕਿ ਨਿਰਦੇਸ਼ਨ ਗੁਰਵਿੰਦਰ ਸਿੰਘ ਵੱਲੋਂ ਕੀਤਾ ਗਿਆ। ਪੰਜਾਬੀ ਸਾਹਿਤ ਦੀ ਅਜ਼ੀਮ ਸ਼ਖਸੀਅਤ ਮੰਨੇ ਜਾਂਦੇ ਰਹੇ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ਅੰਨ੍ਹੇ ਘੋੜ੍ਹੇ ਦਾ ਦਾਨ ਉਪਰ ਆਧਾਰਿਤ ਇਸ ਫਿਲਮ ਵਿੱਚ ਸੈਮੁਅਲ ਜੋਹਨ, ਕੁੱਲ ਸਿੱਧੂ ਅਤੇ ਗੁਰਪ੍ਰੀਤ ਭੰਗੂ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ।
ਪੰਜਾਬ 1984: ਸਾਲ 2014 ਵਿੱਚ ਰਿਲੀਜ਼ ਹੋਈ ਅਤੇ ਅਨੁਰਾਗ ਸਿੰਘ ਸਿੰਘ ਦੁਆਰਾ ਨਿਰਦੇਸ਼ਿਤ ਇਹ ਫਿਲਮ 1984-86 ਦੇ ਸਮਾਜਿਕ ਜੀਵਨ 'ਤੇ ਪੰਜਾਬ ਦੇ ਵਿਦਰੋਹ ਦੇ ਪ੍ਰਭਾਵ 'ਤੇ ਆਧਾਰਿਤ ਰਹੀ ਅਤੇ ਵਾਈਟ ਹਿੱਲ ਸਟੂਡਿਓਜ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ, ਕਿਰਨ ਖੇਰ, ਪਵਨ ਮਲਹੋਤਰਾ, ਮਾਨਵ ਵਿਜ਼ ਅਤੇ ਸੋਨਮ ਬਾਜਵਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ।
ਚੌਥੀ ਕੂਟ: ਸਾਲ 2015 ਵਿੱਚ ਰਿਲੀਜ਼ ਹੋਈ ਚੌਥੀ ਕੂਟ ਵੀ ਪੰਜਾਬੀ ਸਿਨੇਮਾ ਦੀ ਸਰਵੋਤਮ ਫਿਲਮ ਰਹੀ ਹੈ, ਜਿਸ ਦਾ ਨਿਰਮਾਣ ਕਾਰਤੀਕਿਆ ਨਰਾਇਣ ਸਿੰਘ, ਜਦਕਿ ਨਿਰਦੇਸ਼ਨ ਗੁਰਵਿੰਦਰ ਸਿੰਘ ਵੱਲੋਂ ਕੀਤਾ ਗਿਆ। ਸੁਪ੍ਰਸਿੱਧ ਨਾਵਲਕਾਰ ਵਰਿਆਮ ਸਿੰਘ ਸੰਧੂ ਦੇ ਨਾਵਲ 'ਚੌਥੀ ਕੂਟ' ਅਤੇ 'ਹੁਣ ਮੈਂ ਠੀਕ ਠਾਕ ਹਾਂ' ਉਪਰ ਆਧਾਰਿਤ ਇਸ ਫਿਲਮ ਵਿੱਚ ਸ਼ੁਵਿੰਦਰ ਵਿੱਕੀ, ਰਾਜਬੀਰ ਕੌਰ, ਕੰਵਲਜੀਤ ਸਿੰਘ ਵੱਲੋਂ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ।
ਹਰਜੀਤਾ: ਸਾਲ 2018 ਵਿੱਚ ਸਾਹਮਣੇ ਆਈ ਇਹ ਅਰਥ ਭਰਪੂਰ ਫਿਲਮ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ ਅਤੇ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਸਕਾਰਾਤਮਕ ਸਮੀਖਿਆਵਾਂ ਹਾਸਿਲ ਕਰਨ ਵਾਲੀ ਇਸ ਫਿਲਮ ਵਿੱਚ ਐਮੀ ਵਿਰਕ, ਸਾਵਨ ਰੂਪੋਵਾਲੀ, ਸਮੀਪ ਰਣੌਤ ਅਤੇ ਪੰਕਜ ਤ੍ਰਿਪਾਠੀ ਵੱਲੋਂ ਮੁੱਖ ਭੂਮਿਕਾਵਾਂ ਅਦਾ ਕੀਤੀਆ ਗਈਆਂ। ਵਪਾਰਕ ਤੌਰ 'ਤੇ ਅਸਫਲ ਰਹੀ ਇਸ ਫਿਲਮ ਨੇ ਸਰਵੋਤਮ ਪੰਜਾਬੀ ਫਿਲਮ ਅਤੇ ਸਰਵੋਤਮ ਬਾਲ ਅਦਾਕਾਰ ਦੀ ਕੈਟਾਗਿਰੀ ਲਈ ਦੋ ਰਾਸ਼ਟਰੀ ਫਿਲਮ ਐਵਾਰਡ ਜਿੱਤੇ।