ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਚੋਟੀ ਦੇ ਸਿਤਾਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਂਣ ਵਿੱਚ ਸਫਲ ਰਹੇ ਸਨ ਮਰਹੂਮ ਗਾਇਕ ਰਾਜ ਬਰਾੜ, ਜਿੰਨ੍ਹਾਂ ਦਾ ਪੁੱਤਰ ਜੋਸ਼ ਬਰਾੜ ਵੀ ਆਪਣੇ ਪਿਤਾ ਦੇ ਨਕਸ਼ੇ ਕਦਮ ਉਤੇ ਚੱਲਦੇ ਹੋਏ ਸੰਗੀਤਕ ਖੇਤਰ ਵਿੱਚ ਨਵੀਆਂ ਪੈੜਾਂ ਸਿਰਜਣ ਵੱਲ ਵੱਧ ਚੁੱਕਾ ਹੈ, ਜਿਸ ਦੇ ਹਾਲੀਆ ਦਿਨੀਂ ਰਿਲੀਜ਼ ਹੋਏ ਪਲੇਠੇ ਗਾਣੇ 'ਤੇਰੇ ਬਿਨਾਂ ਨਾਂਅ ਗੁਜ਼ਾਰਾ ਏ' ਨੂੰ ਚੁਫੇਂਰਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
'ਸਪੀਡ ਰਿਕਾਰਡਜ਼' ਅਤੇ 'ਬੰਟੀ ਬੈਂਸ' ਵੱਲੋਂ ਵੱਡੇ ਪੱਧਰ ਉੱਪਰ ਪੇਸ਼ ਕੀਤੇ ਇਸ ਗਾਣੇ ਦਾ ਮਿਊਜ਼ਿਕ ਅਗਾਜ਼ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਸ਼ਬਦ ਰਚਨਾ ਜਗਦੀਪ ਵੜਿੰਗ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਖੂਬਸੂਰਤੀ ਨਾਲ ਸਿਰਜੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਕਰਨ ਮਲਾਹੀ ਵੱਲੋਂ ਕੀਤੀ ਗਈ ਹੈ।
ਪੇਸ਼ਕਰਤਾ ਬੰਟੀ ਬੈਂਸ ਵੱਲੋਂ ਪੂਰੀ ਸੱਜਧੱਜ ਨਾਲ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਗਏ ਉਕਤ ਗੀਤ ਨੂੰ ਸਭਨਾ ਪਲੇਟਫ਼ਾਰਮ ਉਪਰ ਖਾਸਾ ਪਸੰਦ ਕੀਤਾ ਜਾ ਰਿਹਾ ਹੈ, ਜੋ ਟੌਪ ਚਾਰਟ ਆਧਾਰਿਤ ਅਤੇ ਟ੍ਰੇਂਡਿੰਗ ਹਾਸਿਲ ਕਰ ਰਹੇ ਪੰਜਾਬੀ ਗੀਤਾਂ ਵਿੱਚ ਆਪਣੇ ਮੌਜੂਦਗੀ ਦਰਜ ਕਰਵਾ ਰਿਹਾ ਹੈ।
ਰਿਲੀਜ਼ ਦੇ ਕੁਝ ਹੀ ਦਿਨਾਂ ਵਿੱਚ ਖਾਸੀ ਮਕਬੂਲੀਅਤ ਹਾਸਿਲ ਕਰ ਰਹੇ ਉਕਤ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਕਿੰਜਾ ਹਾਸ਼ਮੀ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਬੇਸ਼ੁਮਾਰ ਬਿੱਗ ਸੈਟਅੱਪ ਸੰਗੀਤਕ ਵੀਡੀਓ ਵਿੱਚ ਅਪਣੀ ਪ੍ਰਭਾਵੀ ਅਦਾਕਾਰੀ ਦਾ ਮੁਜ਼ਾਹਰਾ ਕਰ ਚੁੱਕੀ ਹੈ।
ਲੰਮੇਰੀ ਸੰਗੀਤਕ ਮਿਹਨਤ ਅਤੇ ਜਨੂੰਨੀਅਤ ਭਰੇ ਰਿਆਜ਼ ਬਾਅਦ ਜੋਸ਼ ਬਰਾੜ ਦੁਆਰਾ ਸੰਗੀਤਕ ਖਿੱਤੇ ਵਿੱਚ ਦਸਤਕ ਦਿੱਤੀ ਗਈ ਹੈ, ਜਿਸ ਦੀ ਸੰਗੀਤ ਪ੍ਰਤੀ ਪਰਪੱਕਤਾ ਦਾ ਬਾਖੂਬੀ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ ਉਕਤ ਗਾਣਾ, ਜੋ ਦਿਲ-ਟੁੰਬਵੇ ਰੂਪ ਵਿੱਚ ਆਧੁਨਿਕ ਪਿਆਰ ਸਨੇਹ ਭਰੇ ਜਜ਼ਬਾਤਾਂ ਨੂੰ ਰੂਪਮਾਨ ਕਰਦਾ ਹੈ।
ਇਹ ਵੀ ਪੜ੍ਹੋ: