ਮੁੰਬਈ: ਕਿਰਨ ਰਾਓ ਨਿਰਦੇਸ਼ਿਤ ਫਿਲਮ 'ਲਾਪਤਾ ਲੇਡੀਜ਼' ਨੇ ਨੈੱਟਫਲਿਕਸ 'ਤੇ ਵਿਊਜ਼ ਦੇ ਮਾਮਲੇ 'ਚ ਸੰਦੀਪ ਰੈੱਡੀ ਵਾਂਗਾ ਦੀ ਫਿਲਮ 'ਐਨੀਮਲ' ਨੂੰ ਪਿੱਛੇ ਛੱਡ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ ਸਿਰਫ ਇੱਕ ਮਹੀਨਾ ਪਹਿਲਾਂ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਤੋਂ ਬਾਅਦ ਲਾਪਤਾ ਲੇਡੀਜ਼ ਨੇ ਨੈੱਟਫਲਿਕਸ 'ਤੇ 13.8 ਮਿਲੀਅਨ ਵਿਊਜ਼ ਹਾਸਲ ਕੀਤੇ ਹਨ, ਇਸ ਦੌਰਾਨ ਰਣਬੀਰ ਕਪੂਰ ਦੀ ਬਲਾਕਬਸਟਰ ਐਨੀਮਲ ਨੂੰ ਹੁਣ ਤੱਕ 13.6 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਐਨੀਮਲ ਪਿਛਲੇ ਸਾਲ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ 26 ਜਨਵਰੀ ਨੂੰ ਨੈੱਟਫਲਿਕਸ 'ਤੇ ਰਿਲੀਜ਼ ਕੀਤੀ ਸੀ। ਦੂਜੇ ਪਾਸੇ ਲਾਪਤਾ ਲੇਡੀਜ਼ ਨੂੰ ਹਾਲ ਹੀ ਵਿੱਚ ਨੈੱਟਫਲਿਕਸ ਉਤੇ ਰਿਲੀਜ਼ ਕੀਤਾ ਗਿਆ ਹੈ।
ਹੁਣ ਕਿਰਨ ਰਾਓ ਨੇ ਇਸ ਖੁਸ਼ਖਬਰੀ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ ਅਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਜਿੱਥੇ ਲਾਪਤਾ ਲੇਡੀਜ਼ ਨੂੰ 13.8 ਮਿਲੀਅਨ ਵਿਊਜ਼ ਸਿਰਫ਼ 30 ਦਿਨਾਂ ਵਿੱਚ ਮਿਲੇ ਹਨ, ਉੱਥੇ ਐਨੀਮਲ ਨੂੰ 13.6 ਮਿਲੀਅਨ ਵਿਊਜ਼ ਲਗਭਗ ਚਾਰ ਮਹੀਨਿਆਂ ਵਿੱਚ ਮਿਲੇ ਹਨ।
ਤੁਹਾਨੂੰ ਦੱਸ ਦੇਈਏ ਕਿ ਜਦੋਂ ਐਨੀਮਲ ਨੂੰ ਪਿਛਲੇ ਸਾਲ ਦਸੰਬਰ ਵਿੱਚ ਰਿਲੀਜ਼ ਕੀਤਾ ਗਿਆ ਸੀ ਤਾਂ ਫਿਲਮ ਨੂੰ ਬਹੁਤ ਸਾਰੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਕਈ ਵਿਵਾਦ ਵੀ ਹੋਏ ਸਨ। ਹਾਲਾਂਕਿ, ਆਲੋਚਨਾ ਦਾ ਫਿਲਮ ਦੇ ਕਲੈਕਸ਼ਨ 'ਤੇ ਬਹੁਤਾ ਪ੍ਰਭਾਵ ਨਹੀਂ ਪਿਆ ਅਤੇ ਇਸ ਨੇ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕੀਤਾ, ਜਿਸ ਨਾਲ ਵਿਸ਼ਵ ਬਾਕਸ ਆਫਿਸ 'ਤੇ ਫਿਲਮ ਦੀ 918 ਕਰੋੜ ਰੁਪਏ ਦੀ ਕਮਾਈ ਹੋਈ।
ਇਸ ਤੋਂ ਪਹਿਲਾਂ ਕਿਰਨ ਰਾਓ ਅਤੇ ਸੰਦੀਪ ਰੈਡੀ ਵਾਂਗਾ ਔਰਤਾਂ ਦੇ ਸਵੈ-ਮਾਣ ਲਈ ਇੱਕ-ਦੂਜੇ ਨਾਲ ਸ਼ਬਦੀ ਲੜਾਈ ਉਤੇ ਲੱਗੇ ਹੋਏ ਸਨ। ਬਾਅਦ ਵਿੱਚ ਕਿਰਨ ਰਾਓ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਵਾਂਗਾ ਦੀਆਂ ਫਿਲਮਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਉਸ ਨੇ ਕਿਹਾ, 'ਮੈਂ ਸ਼੍ਰੀ ਸੰਦੀਪ ਰੈਡੀ ਵਾਂਗਾ ਦੀਆਂ ਫਿਲਮਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਕਿਉਂਕਿ ਮੈਂ ਉਨ੍ਹਾਂ ਨੂੰ ਨਹੀਂ ਦੇਖਿਆ ਹੈ।' ਕਿਰਨ ਰਾਓ ਦੁਆਰਾ ਨਿਰਦੇਸ਼ਿਤ ਲਾਪਤਾ ਲੇਡੀਜ਼ ਵਿੱਚ ਰਵੀ ਕਿਸ਼ਨ ਤੋਂ ਇਲਾਵਾ ਸਪਸ਼ ਸ਼੍ਰੀਵਾਸਤਵ, ਪ੍ਰਤਿਭਾ ਰਾਂਟਾ ਅਤੇ ਨਿਤਾਂਸ਼ੀ ਗੋਇਲ ਖਾਸ ਭੂਮਿਕਾਵਾਂ ਵਿੱਚ ਹਨ।