ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਚਰਚਿਤ ਅਤੇ ਸਫ਼ਲ ਫਰੈਂਚਾਈਜ਼ੀ ਫਿਲਮਾਂ 'ਚ ਸ਼ੁਮਾਰ ਕਰਵਾ ਚੁੱਕੀ 'ਸਿਕੰਦਰ' ਦੇ ਤੀਜੇ ਸੀਕਵਲ 'ਸਿਕੰਦਰ 3' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੂੰ ਮਾਨਵ ਸ਼ਾਹ ਨਿਰਦੇਸ਼ਿਤ ਕਰਨਗੇ, ਜੋ ਇਸ ਤੋਂ ਪਹਿਲਾਂ ਆਈ ਇਸੇ ਫਿਲਮ ਸੀਰੀਜ਼ ਦੀ 'ਸਿਕੰਦਰ 2' ਦਾ ਵੀ ਨਿਰਦੇਸ਼ਨ ਸਫ਼ਲਤਾਪੂਰਵਕ ਕਰ ਚੁੱਕੇ ਹਨ।
'ਗੀਤ ਐੱਮ ਪੀ 3' ਵੱਲੋਂ ਬਿੱਗ ਸੈੱਟਅੱਪ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਐਕਸ਼ਨ ਡ੍ਰਾਮਾ ਫਿਲਮ ਦਾ ਲੇਖਨ ਗੁਰਜਿੰਦ ਮਾਨ ਕਰ ਰਹੇ ਹਨ, ਜੋ ਬਤੌਰ ਲੇਖਕ ਜਿੱਥੇ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਹਨ, ਉਥੇ ਨਿਰਦੇਸ਼ਕ ਦੇ ਰੂਪ ਵਿੱਚ ਜਲਦ ਸ਼ਾਨਦਾਰ ਡਾਇਰੈਕਟੋਰੀਅਲ ਡੈਬਿਊ ਕਰਨ ਜਾ ਰਹੇ ਹਨ।
ਸਾਲ 2013 ਵਿੱਚ ਪਹਿਲੇ ਭਾਗ ਦੇ ਤੌਰ ਉਤੇ ਸਾਹਮਣੇ ਆਈ ਸਿਕੰਦਰ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ, ਜਿਸ ਵਿੱਚ ਕਰਤਾਰ ਚੀਮਾ ਅਤੇ ਗੁਲ ਪਨਾਗ ਲੀਡ ਜੋੜੀ ਵਜੋਂ ਨਜ਼ਰ ਆਏ, ਹਾਲਾਂਕਿ ਆਲੋਚਕਾ ਵੱਲੋਂ ਸਰਾਹੀ ਗਈ ਇਹ ਫਿਲਮ ਨਿਰਦੇਸ਼ਕ ਅਤੇ ਫਿਲਮ ਟੀਮ ਵਿਚਾਲੇ ਉਭਰੇ ਮੱਤਭੇਦਾਂ ਨੂੰ ਲੈ ਕੇ ਵਿਵਾਦਾਂ ਦਾ ਕੇਂਦਰ-ਬਿੰਦੂ ਵੀ ਰਹੀ, ਜਿਸ ਦੇ ਮੱਦੇਨਜ਼ਰ ਹੀ ਸਾਲ 2019 ਵਿੱਚ ਰਿਲੀਜ਼ ਕੀਤੇ ਗਏ ਇਸੇ ਫਿਲਮ ਦੇ ਦੂਸਰੇ ਸੀਕਵਲ ਭਾਗ 'ਸਿਕੰਦਰ 2' ਵਿੱਚ ਕਾਫ਼ੀ ਸੈੱਟਅੱਪ ਤਬਦੀਲੀਆਂ ਵੀ ਵੇਖਣ ਨੂੰ ਮਿਲੀਆਂ, ਜੋ ਨਵੀਂ ਟੀਮ ਵੱਲੋਂ ਵਜ਼ੂਦ ਵਿੱਚ ਲਿਆਂਦੀ ਗਈ।
ਨਿਰਮਾਣ ਪੜਾਅ ਵੱਲ ਵਧਣ ਜਾ ਰਹੀ ਉਕਤ ਸੀਕਵਲ ਫਿਲਮ ਦੇ ਇਸ ਤੀਜੇ ਭਾਗ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕਰੀਏ ਤਾਂ ਇਸ ਵਿੱਚ ਅਦਾਕਾਰ ਕਰਤਾਰ ਚੀਮਾ ਇੱਕ ਵਾਰ ਫਿਰ ਲੀਡ ਰੋਲ ਨਿਭਾਉਣ ਜਾ ਰਹੇ ਹਨ, ਜੋ ਇਸ ਤੋਂ ਪਹਿਲਾਂ ਆਈਆਂ 'ਸਿਕੰਦਰ' ਅਤੇ 'ਸਿਕੰਦਰ 2' ਦਾ ਵੀ ਪ੍ਰਮੁੱਖ ਹਿੱਸਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਅਤੇ ਸੰਗੀਤ ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਇਸ ਫਿਲਮ ਵਿੱਚ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰੀ ਪੈਣਗੇ, ਜਿੰਨ੍ਹਾਂ ਦੇ ਨਾਵਾਂ ਨੂੰ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।
ਹਾਲ ਹੀ ਵਿੱਚ ਸਾਹਮਣੇ ਆਈਆਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ ਅਦਾਕਾਰ ਕਰਤਾਰ ਚੀਮਾ, ਜਿੰਨ੍ਹਾਂ ਵਿੱਚ 'ਰੋਡੇ ਕਾਲਜ', 'ਖਿਡਾਰੀ' ਅਤੇ 'ਵਾਈਟ ਪੰਜਾਬ' ਸ਼ਾਮਿਲ ਰਹੀਆਂ ਹਨ।
ਇਹ ਵੀ ਪੜ੍ਹੋ: