ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਕਈ ਸੁਪਰ-ਡੁਪਰ ਹਿੱਟ ਫਿਲਮਾਂ ਸਾਹਮਣੇ ਲਿਆਉਣ ਦਾ ਮਾਣ ਹਾਸਲ ਕਰ ਚੁੱਕੇ ਹਨ ਨਿਰਦੇਸ਼ਕ ਸਮੀਪ ਕੰਗ ਅਤੇ ਅਦਾਕਾਰ ਬਿੰਨੂ ਢਿੱਲੋਂ, ਜੋ ਇਕੱਠਿਆਂ ਫਿਰ ਆਪਣੀ ਇੱਕ ਹੋਰ ਸ਼ਾਨਦਾਰ ਫਿਲਮ 'ਜਿਉਂਦੇ ਰਹੋ ਭੂਤ ਜੀ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦੇ ਪਹਿਲੇ ਲੁੱਕ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ।
'ਪ੍ਰਸੇਨ ਫਿਲਮਜ਼' ਅਤੇ 'ਸਮੀਪ ਕੰਗ ਪ੍ਰੋਡੋਕਸ਼ਨ' ਦੇ ਬੈਨਰਜ਼ ਹੇਠ ਬਣਾਈ ਗਈ ਇਸ ਹੌਰਰ-ਡਰਾਮਾ ਅਤੇ ਕਾਮੇਡੀ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ, ਜੋ ਇਸ ਵਿੱਚ ਖੁਦ ਵੀ ਲੀਡ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
ਮੋਹਾਲੀ ਅਤੇ ਪਟਿਆਲਾ ਦੇ ਆਸ-ਪਾਸ ਦੀਆਂ ਲੋਕੇਸ਼ਨਜ਼ ਉਪਰ ਮੁਕੰਮਲ ਕੀਤੀ ਗਈ ਇਸ ਫਿਲਮ ਵਿੱਚ ਬਿੰਨੂ ਢਿੱਲੋਂ, ਬੀ ਐਨ ਸ਼ਰਮਾ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਹੋਰ ਕਈ ਮੰਨੇ ਪ੍ਰਮੰਨੇ-ਐਕਟਰਜ਼ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ।
- \
ਜਿੰਨਾਂ ਤੋਂ ਇਲਾਵਾ ਜੇਕਰ ਇਸ ਫਿਲਮ ਦੇ ਹੋਰਨਾਂ ਖਾਸ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਦਿਲਚਸਪ ਅਤੇ ਵੱਖਰੇ ਕੰਨਸੈਪਟ ਅਧਾਰਿਤ ਇਸ ਫਿਲਮ ਦੇ ਸਟੋਰੀ-ਸਕਰੀਨ ਪਲੇਅ ਲੇਖਕ ਵੈਭਵ ਸ਼੍ਰੇਆ, ਡਾਇਲਾਗ ਲੇਖਕ ਰਾਜੂ ਵਰਮਾ, ਸਿਨੇਮਾਟੋਗ੍ਰਾਫ਼ਰ ਇਸ਼ਾਨ ਸ਼ਰਮਾ, ਸੰਗੀਤਕਾਰ ਡਾਇਮੰਡ ਸਟਾਰ ਵਰਲਡਵਾਈਡ, ਸੰਪਾਦਕ ਸੋਮ ਝਵਾਨ, ਬੈਕਗਰਾਊਂਡ ਸਕੋਰਰ ਕੇਵਿਨ ਰਾਏ ਹਨ।
12 ਅਪ੍ਰੈਲ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਵਿੱਚ ਵਰਸਟਾਈਲ ਐਕਟਰ ਬਿੰਨੂ ਢਿੱਲੋਂ ਅਪਣੀਆਂ ਹਾਲੀਆ ਫਿਲਮਾਂ ਨਾਲੋਂ ਬਿਲਕੁਲ ਅਲਹਦਾ ਕਿਰਦਾਰ ਨਿਭਾਉਂਦੇ ਵਿਖਾਈ ਦੇਣਗੇ, ਜਿੰਨਾਂ ਦੁਆਰਾ ਅਜਿਹਾ ਰੋਲ ਪਹਿਲਾਂ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ, ਹਾਲਾਂਕਿ ਜੇਕਰ ਹੌਰਰ ਫਿਲਮਾਂ ਨਾਲ ਉਨਾਂ ਦੇ ਜੁੜਾਵ ਦੀ ਗੱਲ ਕਰੀਏ ਤਾਂ ਇਸ ਪੱਖੋਂ ਵੀ ਇਹ ਉਨਾਂ ਦੀ ਪਹਿਲੀ ਐਸੀ ਫਿਲਮ ਹੈ, ਜਿਸ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵੀ ਹਨ।
ਪੰਜਾਬੀ ਸਿਨੇਮਾ ਉੱਚਕੋਟੀ ਅਤੇ ਸਫਲ ਨਿਰਦੇਸ਼ਕਾਂ ਵਿੱਚ ਆਪਣਾ ਸ਼ਮਾਰ ਕਰਵਾਉਂਦੇ ਅਤੇ ਕਾਮੇਡੀ ਕਿੰਗ ਮੇਕਰਜ਼ ਵਜੋਂ ਜਾਣੇ ਜਾਂਦੇ ਸਮੀਪ ਕੰਗ ਅਨੁਸਾਰ ਆਪਣੇ ਹਾਲੀਆ ਸਿਨੇਮਾ ਪੈਟਰਨ ਤੋਂ ਥੋੜਾ ਲਾਂਭੇ ਹੱਟ ਕੇ ਉਕਤ ਫਿਲਮ ਦੀ ਸਿਰਜਨਾ ਕੀਤੀ ਗਈ ਹੈ, ਜਿਸ ਦੇ ਨਿਵੇਕਲੇ ਕਈ ਸ਼ੇਡਜ ਦਰਸ਼ਕਾਂ ਨੂੰ ਭਰਪੂਰ ਪਸੰਦ ਆਉਣਗੇ।
ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਨੂੰ ਤਕਨੀਕੀ ਪੱਖੋਂ ਵੀ ਬਿਹਤਰੀਨ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸਦਾ ਇਜ਼ਹਾਰ ਜਲਦ ਲਾਂਚ ਕੀਤਾ ਜਾ ਰਿਹਾ ਇਸਦਾ ਟ੍ਰੇਲਰ ਵੀ ਕਰਵਾਏਗਾ, ਜਿਸ ਨੂੰ ਵੱਡੇ ਪੱਧਰ ਉੱਪਰ ਜਾਰੀ ਕੀਤਾ ਜਾ ਰਿਹਾ ਹੈ।