ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਸਿਨੇਮਾਂ ਦੋਨੋ ਹੀ ਖੇਤਰਾਂ ਵਿਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਸਥਾਪਿਤ ਕਰਨ ਵਿਚ ਸਫ਼ਲ ਰਹੇ ਹਨ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ, ਜਿਨ੍ਹਾਂ ਵੱਲੋਂ ਅਪਣੀ ਨਵੀਂ ਪੰਜਾਬੀ ਫ਼ਿਲਮ 'ਦੀਵਾਨਾ" ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਓਮ ਜੀ ਸਿਨੇ ਵਰਲਡ ਅਤੇ ਡਾਇਮੰਡ ਸਟਾਰ ਵਰਲਡ ਵਾਈਡ ਦੁਆਰਾ ਪ੍ਰਸਤੁਤ ਕੀਤੀ ਜਾ ਰਹੀ ਇਸ ਬਿਗ ਸੈਟਅੱਪ ਫ਼ਿਲਮ ਦਾ ਨਿਰਮਾਣ ਅੰਸ਼ੂ ਮਨੀਸ਼ ਸਾਹਨੀ ਅਤੇ ਗੁਰਨਾਮ ਭੁੱਲਰ ਵੱਲੋ ਸੁਯੰਕਤ ਰੂਪ ਵਿਚ ਕੀਤਾ ਜਾਵੇਗਾ। ਹਾਲ ਹੀ ਵਿਚ ਨਿਰਮਿਤ ਕੀਤੀ ਅਤੇ ਅਗਲੇ ਦਿਨਾਂ ਵਿਚ ਰਿਲੀਜ਼ ਹੋਣ ਜਾ ਰਹੀ 'ਰੋਜ ਰੋਜੀ ਤੇ ਗੁਲਾਬ' ਤੋਂ ਬਾਅਦ ਓਮ ਜੀ ਸਿਨੇ ਵਰਲਡ ਅਤੇ ਗੁਰਨਾਮ ਭੁੱਲਰ ਵੱਲੋ ਇਕੱਠਿਆ ਸਾਹਮਣੇ ਲਿਆਂਦੀ ਜਾ ਰਹੀ ਲਗਾਤਾਰ ਤੀਜੀ ਫ਼ਿਲਮ ਹੋਵੇਗੀ, ਜਿਨ੍ਹਾਂ ਵਲੋਂ ਸਾਂਝੀ ਕਲੋਬਰੇਸ਼ਨ ਅਧੀਨ ਇਕ ਹੋਰ ਪੰਜਾਬੀ ਫ਼ਿਲਮ 'ਮੇਰਾ ਸਵੀਟੂ' ਦੀ ਵੀ ਰਸਮੀ ਅਨਾਊਸਮੈੰਟ ਕੀਤੀ ਗਈ ਹੈ, ਜੋ ਵੀ ਸੈਟ ਉੱਤੇ ਜਾਣ ਲਈ ਤਿਆਰ ਹੈ।
ਕਦੋਂ ਹੋਵੇਗੀ ਰਿਲੀਜ਼: ਰੋਮਾਂਟਿਕ ਅਤੇ ਸੰਗੀਤਕਮਈ ਕਹਾਣੀ ਸਾਰ ਅਧਾਰਿਤ ਉਕਤ ਫ਼ਿਲਮ ਦੇ ਨਿਰਦੇਸ਼ਕ, ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆ ਬਾਰੇ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ, ਜਿਸ ਸਬੰਧੀ ਆਫਿਸ਼ਲ ਵੇਰਵਿਆਂ ਦੀ ਰਿਵੀਲਿੰਗ ਨੂੰ ਜਲਦ ਅੰਜ਼ਾਮ ਦਿੱਤਾ ਜਾਵੇਗਾ । '21 ਮਾਰਚ 2025 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ ਹੀ ਲੀਡ ਭੂਮਿਕਾ 'ਚ ਨਜ਼ਰ ਆਉਣਗੇ ,ਜੋ ਇਸ ਫ਼ਿਲਮ ਵਿਚਲੇ ਗੀਤਾਂ ਨੂੰ ਆਪਣੀ ਪਿੱਠਵਰਤੀ ਆਵਾਜ਼ ਵੀ ਦੇਣਗੇ।
ਵਿਦੇਸ਼ ਵਿੱਚ ਮੈਗਾ ਸ਼ੋਅ: ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੇ ਆਪਣੇ ਆਸਟ੍ਰੇਲੀਆ ਟੂਰ ਦੀਆਂ ਤਿਆਰੀਆਂ ਨੂੰ ਵੀ ਇੰਨ੍ਹੀ ਦਿਨੀ ਤੇਜ਼ੀ ਨਾਲ ਅੰਜ਼ਾਮ ਦੇ ਰਹੇ ਗਾਇਕ ਗੁਰਨਾਮ ਭੁੱਲਰ, ਜੋ ਜੁਲਾਈ ਦੀ ਸਰੂਆਤ ਤੋਂ ਲੈ ਕੇ ਮਹੀਨੇ ਦੇ ਅੰਤ ਤੱਕ ਬ੍ਰਿਸਬੋਨ ,ਐਡੀਲੈਂਡ, ਪਰਥ, ਸਿਡਨੀ , ਕੁਇਨਜ ਲੈਂਡ ਆਦਿ ਸਮੇਤ ਉਥੋ ਦੇ ਕਈ ਸ਼ਹਿਰਾਂ ਵਿਚ ਕਈ ਮੇਘਾ ਸ਼ੋਅ ਨੂੰ ਜੁਲਾਈ ਮਹੀਨੇ ਵਿੱਚ ਅੰਜ਼ਾਮ ਦੇਣਗੇ। ਜਿਕਰਯੋਗ ਇਹ ਵੀ ਹੈ ਕਿ ਕੈਨੇਡਾ , ਯੂ.ਐਸ.ਏ ,ਯੂਕੇ ,ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਰਿਲੀਜ਼ ਕਰ ਦਿੱਤੀ ਗਈ 'ਰੋਜ, ਰੋਜੀ ਤੇ ਗੁਲਾਬ' ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾਂ ਮਿਲਿਆ ਹੈ, ਜਿਸ ਤੋਂ ਬਾਅਦ ਇੰਡੀਆ ਟੈਰੇਟਰੀ ਵਿਚ ਇਸ ਫ਼ਿਲਮ ਨੂੰ ਅਗਸਤ ਮਹੀਨੇ ਰਿਲੀਜ਼ ਕੀਤਾ ਜਾ ਰਿਹਾ ਹੈ।