ਚੰਡੀਗੜ੍ਹ: 'ਹਸ਼ਰ', 'ਜਿਹਨੇ ਮੇਰਾ ਦਿਲ ਲੁੱਟਿਆ', 'ਕੈਰੀ ਆਨ ਜੱਟਾ' ਅਤੇ 'ਅਰਦਾਸ' ਵਰਗੀਆਂ ਫਿਲਮਾਂ ਦੇ ਗੀਤਾਂ ਲਈ ਆਪਣੀ ਆਵਾਜ਼ ਦੇ ਚੁੱਕੀ ਗੁਰਲੇਜ਼ ਅਖਤਰ ਇਸ ਸਮੇਂ ਪੰਜਾਬੀ ਸੰਗੀਤ ਜਗਤ ਦਾ ਵੱਡਾ ਨਾਂਅ ਹੈ, ਸ਼ਾਇਦ ਹੀ ਕੋਈ ਪੰਜਾਬੀ ਗਾਇਕ ਹੋਵੇ ਜਿਸ ਨਾਲ ਗਾਇਕਾ ਨੇ ਗੀਤ ਨਾ ਗਾਇਆ ਹੈ। ਗਾਇਕਾ ਨੇ ਦਿਲਜੀਤ ਦੁਸਾਂਝ ਤੋਂ ਲੈ ਕੇ ਅਮਰਿੰਦਰ ਗਿੱਲ ਅਤੇ ਕਰਨ ਔਜਲਾ, ਆਰ ਨੇਤ ਵਰਗੇ ਸਾਰੇ ਵੱਡੇ ਕਲਾਕਾਰ ਨਾਲ ਗਾਣੇ ਗਾਏ ਹਨ।
ਹੁਣ ਇਹ ਗਾਇਕਾ ਆਪਣੇ ਇੱਕ ਪੋਡਕਾਸਟ ਕਾਰਨ ਕਾਫੀ ਚਰਚਾ ਬਟੋਰ ਰਹੀ ਹੈ, ਜੀ ਹਾਂ...ਦਰਅਸਲ, ਹਾਲ ਹੀ ਵਿੱਚ ਗਾਇਕਾ ਗੁਲਰੇਜ਼ ਅਖਤਰ ਤੋਂ ਪੁੱਛਿਆ ਗਿਆ ਕਿ ਜੇਕਰ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਔਰਤ ਕਲਾਕਾਰਾਂ ਹਮੇਸ਼ਾ ਇਸ ਗੱਲ ਦੀ ਸ਼ਿਕਾਇਤ ਕਰਦੀਆਂ ਹਨ ਕਿ ਸਾਨੂੰ ਓਨੇ ਪੈਸੇ ਨਹੀਂ ਮਿਲਦੇ ਜਿੰਨ੍ਹੇ ਕੁ ਮਰਦ ਕਲਾਕਾਰਾਂ ਨੂੰ ਮਿਲਦੇ ਹਨ। ਮਤਲਬ ਕਿ ਜੇਕਰ ਕੋਈ ਫਿਲਮ ਬਣ ਰਹੀ ਹੈ ਅਤੇ ਮਰਦ-ਔਰਤ ਦੋਵੇਂ ਕਲਾਕਾਰ ਇੱਕੋਂ ਲੈਵਲ ਦੇ ਹਨ, ਇੱਕੋਂ ਜਿੰਨੇ ਵੱਡੇ ਹਨ ਅਤੇ ਜੇ ਫਿਲਮ ਲਈ ਮਰਦ ਕਲਾਕਾਰ ਨੂੰ 2 ਕਰੋੜ ਮਿਲ ਰਹੇ ਤਾਂ ਔਰਤ ਨੂੰ ਸਿਰਫ਼ 1 ਕਰੋੜ ਮਿਲੇਗਾ, ਉਸਦੇ ਅੱਧੇ...ਕੀ ਮਿਊਜ਼ਿਕ ਇੰਡਸਟਰੀ ਵਿੱਚ ਵੀ ਇੱਦਾਂ ਦਾ ਵਿਤਕਰਾ ਹੁੰਦਾ ਹੈ?
ਗੁਰਲੇਜ਼ ਅਖਤਰ ਦਾ ਵੱਡਾ ਖੁਲਾਸਾ
ਇਸ ਪੂਰੀ ਗੱਲ ਦਾ ਜੁਆਬ ਦਿੰਦੇ ਹੋਏ ਗਾਇਕਾ ਨੇ ਕਿਹਾ, 'ਹਾਂ ਜੀ ਬਿਲਕੁੱਲ ਹੁੰਦਾ ਹੈ, ਹੁਣ ਦੇਖੋ ਨਾ ਤੁਸੀਂ...ਮੈਂ ਜਿਸ ਨਾਲ ਵੀ ਗਾਣੇ ਕੀਤੇ ਹਨ ਉਹ ਹਿੱਟ ਚੱਲ ਰਹੇ ਆ, ਜਿਸ ਨਾਲ ਮੈਂ ਗਾਣਾ ਕਰਦੀ ਹਾਂ, ਉਸ ਦਾ ਰੇਟ 20 ਲੱਖ, 30 ਲੱਖ, 50 ਲੱਖ ਵੀ ਹੋ ਜਾਂਦਾ ਅਤੇ ਗੁਲਰੇਜ਼ ਅਖਤਰ ਦਾ ਰੇਟ ਤਾਂ ਉਹੀ ਹੈ...ਉਹ ਤਾਂ ਅਸੀਂ ਆਪਣੀ ਸਿਆਣਪ ਨਾਲ ਕੰਮ ਕਰ ਰਹੇ ਹਾਂ, ਜੇਕਰ ਦੇਖਿਆ ਜਾਵੇ ਤਾਂ ਕੋਈ ਵੀ ਪਹਿਲੇ ਬੋਲ ਉਤੇ ਤੁਹਾਡੇ ਦੁਆਰਾ ਮੰਗੇ ਹੋਏ ਪੈਸੇ ਨਹੀਂ ਦਿੰਦਾ...ਅਗਲੇ ਨੇ ਅੱਗੋਂ ਜ਼ਰੂਰ ਕਹਿਣਾ ਹੈ ਕਿ ਇੰਨਾ ਰੇਟ ਚੱਕਤਾ ਤੁਸੀਂ?
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਗਾਇਕਾ ਨੇ ਅੱਗੇ ਕਿਹਾ, 'ਇਹ ਗੱਲ ਬਿਲਕੁੱਲ ਸਹੀ ਹੈ ਕਿ ਕੁੜੀਆਂ ਨੂੰ ਉਨੀ ਪੈਮੇਂਟ ਨਹੀਂ ਮਿਲਦੀ, ਜਿੰਨੀ ਹੋਣੀ ਚਾਹੀਦੀ ਹੈ, ਇਸ ਮੁਕਾਮ ਉਤੇ ਆ ਕੇ ਵੀ ਤੁਹਾਨੂੰ ਮੂੰਹ ਮੰਗੀ ਪੈਮੇਂਟ ਕਦੇ ਨਹੀਂ ਮਿਲਦੀ।' ਇਸ ਤੋਂ ਇਲਾਵਾ ਗਾਇਕਾ ਨੇ ਸਤਿੰਦਰ ਸਰਤਾਜ ਨਾਲ ਗੀਤ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ।
ਇਸ ਦੌਰਾਨ ਜੇਕਰ ਗਾਇਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗੁਰਲੇਜ਼ ਅਖਤਰ ਇਸ ਸਮੇਂ ਆਪਣੇ ਕਈ ਗੀਤਾਂ ਨਾਲ ਲਗਾਤਾਰ ਚਰਚਾ ਬਟੋਰ ਰਹੀ ਹੈ, ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਇਸ ਸਮੇਂ ਪੰਜਾਬੀ ਮਿਊਜ਼ਿਕ ਦੀ ਜੇਕਰ ਕੋਈ ਔਰਤ ਕਲਾਕਾਰ ਸਭ ਤੋਂ ਜਿਆਦਾ ਸੁਣੀ ਜਾ ਰਹੀ ਹੈ ਤਾਂ ਉਹ ਗੁਰਲੇਜ਼ ਅਖਤਰ ਹੈ। ਗਾਇਕਾ ਆਪਣੇ ਗੀਤਾਂ ਨਾਲ ਆਏ ਦਿਨ ਪ੍ਰਸ਼ੰਸਕਾਂ ਤੋਂ ਪਿਆਰ ਹਾਸਲ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: